ਕਵਰਡ ਗੋਦਾਮਾਂ ''ਚ ਭੰਡਾਰ ਹੋਵੇਗਾ ਪੰਜਾਬ ਦਾ ਵਾਧੂ ਅਨਾਜ, ਮੰਗੇ ਗਏ ਟੈਂਡਰ
Monday, May 29, 2023 - 12:41 PM (IST)
ਚੰਡੀਗੜ੍ਹ : ਕੇਂਦਰ ਵਲੋਂ ਪੰਜਾਬ ਸਰਕਾਰ ਨੂੰ ਖੁੱਲ੍ਹੇ ਗੋਦਾਮਾਂ 'ਚ ਕਣਕ ਭੰਡਾਰਨ ਦੀ ਖੁੱਲ੍ਹ ਦੇਣ ਮਗਰੋਂ ਸੂਬੇ ਲਈ 9 ਲੱਖ ਟਨ ਸਮਰੱਥਾ ਵਾਲੇ ਕਵਰਡ ਗੋਦਾਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮੇਂ ਖੁੱਲ੍ਹੇ ਗੋਦਾਮਾਂ 'ਚ ਸਿਰਫ ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ 'ਚ 5 ਲੱਖ ਟਨ ਤਾਜ਼ੀ ਕਣਕ ਸਟੋਰ ਕੀਤੀ ਗਈ ਹੈ, ਜੋ ਕਿ ਜਲਦੀ ਹੀ ਖ਼ਪਤਕਾਰ ਸੂਬਿਆਂ 'ਚ ਭੇਜੀ ਜਾਣੀ ਹੈ।
ਸੂਬੇ ਦੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਗੋਦਾਮਾਂ ਲਈ ਟੈਂਡਰ ਮੰਗੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਮਾਲਵਾ ਪੱਟੀ 'ਚ ਪ੍ਰਾਈਵੇਟ ਕੰਪਨੀਆਂ ਵੱਲੋਂ ਬਣਾਏ ਜਾਣੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਖ਼ੁਰਾਕ ਤੇ ਸਿਵਲ ਸਪਲਾਈ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਵੇਂ ਗੋਦਾਮਾਂ ਨੂੰ ਚਾਲੂ ਕਰਨ ਲਈ 1 ਅਪ੍ਰੈਲ, 2024 ਦੀ ਸਮਾਂ ਸੀਮਾਂ ਨਿਰਧਾਰਿਤ ਕੀਤੀ ਹੈ। ਵਰਤਮਾਨ 'ਚ ਕਵਰਡ ਗੋਦਾਮਾਂ ਨੂੰ 4 ਰੁਪਏ ਪ੍ਰਤੀ ਕੁਇੰਟਲ ਪ੍ਰਤੀ ਮਹੀਨਾ ਕਿਰਾਏ 'ਤੇ ਦਿੱਤਾ ਜਾ ਰਿਹਾ ਹੈ।