ਸਮਰਾਲਾ ''ਚ ਕਣਕ ਦੇ ਮਾੜੇ ਖ਼ਰੀਦ ਪ੍ਰਬੰਧਾਂ ਖ਼ਿਲਾਫ਼ ਅਕਾਲੀਆਂ ਨੇ ਘੇਰੀ ਦਾਣਾ ਮੰਡੀ, ਲਾਇਆ ਜਾਮ
Wednesday, Apr 21, 2021 - 03:37 PM (IST)
ਸਮਰਾਲਾ (ਗਰਗ) : ਪੰਜਾਬ ਦੀਆਂ ਮੰਡੀਆਂ ’ਚ ਕਣਕ ਦੀ ਸਰਕਾਰੀ ਖ਼ਰੀਦ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਕਿਸਾਨਾਂ ਅਤੇ ਆੜ੍ਹਤੀਆਂ ਵਿੱਚ ਗੁੱਸੇ ਦੀ ਲਹਿਰ ਫੁੱਟ ਪਈ ਹੈ ਅਤੇ ਸੂਬੇ ’ਚ ਵੱਖ-ਵੱਖ ਥਾਵਾਂ ’ਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਕਿਸਾਨਾਂ ਅਤੇ ਆੜ੍ਹਤੀਆਂ ਵੱਲੋਂ ਮੰਡੀਆਂ ਦਾ ਘਿਰਾਓ ਕਰਦੇ ਹੋਏ ਕੈਪਟਨ ਸਰਕਾਰ ਖ਼ਿਲਾਫ਼ ਭਾਰੀ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਬੁੱਧਵਾਰ ਨੂੰ ਸਮਰਾਲਾ ਵਿਖੇ ਵੀ ਹਲਕੇ ਦੇ ਸੈਂਕੜੇ ਅਕਾਲੀ ਵਰਕਰਾਂ ਨੇ ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਅਤੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਬਰਜਿੰਦਰ ਸਿੰਘ ਬਬਲੂ ਦੀ ਅਗਵਾਈ ਵਿੱਚ ਸਥਾਨਕ ਅਨਾਜ ਮੰਡੀ ਵਿਖੇ ਬਾਰਦਾਨੇ ਦੀ ਘਾਟ ਨੂੰ ਪੂਰਾ ਕਰਨ ਦਾ ਸਰਕਾਰ ਨੂੰ ਅਗਲੇ 24 ਘੰਟੇ ਦਾ ਅਲਟੀਮੇਟ ਦਿੱਤਾ ਹੈ।
ਸਾਬਕਾ ਵਿਧਾਇਕ ਖੀਰਨੀਆਂ ਨੇ ਇਸ ਮੌਕੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਵੀਰਵਾਰ ਤੱਕ ਸਥਿਤੀ ਠੀਕ ਨਾ ਹੋਈ ਤਾਂ ਉਹ ਅਕਾਲੀ ਦਲ ਦੇ ਸਮੁੱਚੇ ਵਰਕਰਾਂ ਅਤੇ ਇਲਾਕੇ ਦੇ ਕਿਸਾਨਾ ਤੇ ਆੜ੍ਹਤੀਆਂ ਨੂੰ ਨਾਲ ਲੈ ਕੇ ਸਰਕਾਰ ਖ਼ਿਲਾਫ਼ ਪੱਕਾ ਮੋਰਚਾ ਖੋਲ੍ਹ ਦੇਣਗੇ। ਸ. ਖੀਰਨੀਆਂ ਅਤੇ ਇਸ ਮੌਕੇ ਹਾਜ਼ਰ ਯੂਥ ਅਕਾਲੀ ਦਲ ਦੇ ਪ੍ਰਧਾਨ ਬਬਲੂ ਲੋਪੋਂ ਨੇ ਦੱਸਿਆ ਕਿ ਸਮਰਾਲਾ ਮੰਡੀ ਸਮੇਤ ਸਾਰੇ ਹੀ ਖਰੀਦ ਕੇਂਦਰਾਂ ਅੰਦਰ ਕਿਸਾਨਾ ਦੀ ਹਾਲਤ ਬਹੁਤ ਖ਼ਰਾਬ ਹੈ ਅਤੇ ਕਈ-ਕਈ ਦਿਨਾਂ ਤੋਂ ਕਿਸਾਨ ਆਪਣੀ ਫ਼ਸਲ ਖ਼ਰੀਦ ਹੋਣ ਦੀ ਵਾਰੀ ਦੀ ਉਡੀਕ ਵਿੱਚ ਰਾਤਾਂ ਮੰਡੀਆਂ ਵਿੱਚ ਕੱਟ ਰਹੇ ਹਨ।
ਇਨ੍ਹਾਂ ਆਗੂਆਂ ਨੇ ਮੰਡੀਆਂ ਵਿੱਚ ਫ਼ਸਲ ਦੇ ਅੰਬਾਰ ਲੱਗੇ ਹੋਏ ਹਨ ਪਰ ਕੋਈ ਵੀ ਖਰੀਦ ਏਜੰਸੀ ਬਾਰਦਾਨਾਂ ਨਾ ਹੋਣ ਕਾਰਨ ਮੰਡੀਆਂ ਵਿੱਚ ਬੈਠੇ ਕਿਸਾਨਾਂ ਦੀ ਫ਼ਸਲ ਖਰੀਦ ਨਹੀਂ ਰਹੀ। ਲਿਫਟਿੰਗ ਵੀ ਠੱਪ ਪਈ ਹੈ ਅਤੇ ਉੱਪਰੋਂ ਮੌਸਮ ਖ਼ਰਾਬ ਹੋਣ ਕਾਰਨ ਕਿਸਾਨਾਂ ਦੀ ਸੋਨੇ ਵਰਗੀ ਫ਼ਸਲ ਮੀਂਹ ਵਿੱਚ ਨੁਕਸਾਨੀ ਜਾ ਰਹੀ ਹੈ। ਓਧਰ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂ ਉੱਤਮ ਸਿੰਘ ਬਰਵਾਲੀ ਦੀ ਅਗਵਾਈ ਵਿੱਚ ਸੈਂਕੜੇ ਹੀ ਕਿਸਾਨਾਂ ਨੇ ਕਣਕ ਦੀ ਖ਼ਰੀਦ ਦੇ ਮਾੜੇ ਪ੍ਰਬੰਧਾਂ ਖਿਲਾਫ਼ ਸਮਰਾਲਾ ਦੇ ਮੇਨ ਚੌਂਕ ਵਿੱਚ ਸੜਕ ਜਾਮ ਕਰਦੇ ਹੋਏ ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਪੂਰੀ ਤਰ੍ਹਾਂ ਠੱਪ ਕਰ ਦਿੱਤਾ।
ਇਸ ਮੌਕੇ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਜਾਣ-ਬੁੱਝ ਕੇ ਬਾਰਦਾਨਾ ਨਾ ਹੋਣ ਦਾ ਬਹਾਨਾ ਲੱਗਾ ਕੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ। ਜਦੋਂ ਕਿ ਮੰਡੀਆਂ ਵਿੱਚ ਫ਼ਸਲ ਲੈ ਕੇ ਬੈਠੇ ਕਿਸਾਨ ਤਾਂ ਰੁੱਲ ਹੀ ਰਹੇ ਹਨ ਅਤੇ ਖੇਤਾਂ ਵਿੱਚ ਵੀ ਪੱਕ ਕੇ ਤਿਆਰ ਖੜ੍ਹੀ ਫ਼ਸਲ ਖ਼ਰਾਬ ਹੋ ਰਹੀ ਹੈ। ਇਨ੍ਹਾਂ ਕਿਸਾਨ ਆਗੂਆਂ ਨੇ ਅਦਾਇਗੀ ਵੀ ਨਾ ਹੋਣ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਅਦਾਇਗੀ ਕੀਤੇ ਜਾਣ ਦੇ ਝੂਠੇ ਦਾਅਵੇ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ।