ਪੰਜਾਬ ਦੇ ਕਿਸਾਨ ਦੇਣ ਧਿਆਨ, ਇਸ ''ਮੰਡੀ'' ''ਚ ਨਾ ਲਿਜਾਣ ਆਪਣੀ ਫ਼ਸਲ
Saturday, Apr 03, 2021 - 03:46 PM (IST)
ਮਾਛੀਵਾਡ਼ਾ ਸਾਹਿਬ (ਟੱਕਰ) : ਪੰਜਾਬ ਦੇ ਕਿਸਾਨਾਂ ਲਈ ਧਿਆਨ ਦੇਣ ਵਾਲੀ ਖ਼ਬਰ ਹੈ। ਅਸਲ 'ਚ ਆੜ੍ਹਤੀ ਐਸੋਸੀਏਸ਼ਨ ਵੱਲੋਂ ਕਿਸਾਨਾਂ ਨੂੰ ਮਾਛੀਵਾੜਾ ਅਨਾਜ ਮੰਡੀ ਵਿਖੇ ਆਪਣੀ ਫ਼ਸਲ ਲਿਆਉਣ ਤੋਂ ਮਨ੍ਹਾਂ ਕੀਤਾ ਗਿਆ ਹੈ। ਇਸ ਸਬੰਧੀ ਐਸੋਸੀਏਸ਼ਨ ਦੇ ਆਗੂਆਂ ਦੀ ਇਕ ਮੀਟਿੰਗ ਹੋਈ, ਜਿਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੇਜਿੰਦਰ ਸਿੰਘ ਕੂੰਨਰ ਤੇ ਹਰਜਿੰਦਰ ਸਿੰਘ ਖੇੜਾ ਨੇ ਕਿਹਾ ਕਿ ਆੜ੍ਹਤੀਆਂ ਦੀ ਹੜਤਾਲ ਕਾਰਨ ਮੰਡੀ ਵਿਚ ਕਣਕ ਦੀ ਖਰੀਦ ਨਹੀਂ ਹੋਵੇਗੀ, ਇਸ ਲਈ ਕਿਸਾਨ ਆਪਣੀਆਂ ਫ਼ਸਲਾਂ ਨਾ ਲੈ ਕੇ ਆਉਣ।
ਇਹ ਵੀ ਪੜ੍ਹੋ : ਪਤੀ ਨੇ ਚਾਕੂ ਦੀ ਨੋਕ 'ਤੇ ਕਾਰ 'ਚ ਬਿਠਾਈ ਪਤਨੀ, ਫਿਰ ਖ਼ੌਫਨਾਕ ਹਰਕਤ ਨੂੰ ਦਿੱਤਾ ਅੰਜਾਮ
ਉਕਤ ਆਗੂਆਂ ਨੇ ਕਿਹਾ ਕਿ ਆੜ੍ਹਤੀ ਫੈਡਰੇਸ਼ਨ ਦੇ ਸੱਦੇ ’ਤੇ ਮੁਕੰਮਲ ਹੜਤਾਲ ਰੱਖੀ ਗਈ ਹੈ, ਜਿਸ ਤਹਿਤ ਮੰਡੀਆਂ ’ਚ ਕੋਈ ਵੀ ਕੰਮਕਾਜ ਨਹੀਂ ਹੋ ਰਿਹਾ ਕਿਉਂਕਿ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਅੱਜ ਕਿਸਾਨ ਤੇ ਆੜ੍ਹਤੀ ਸੜਕਾਂ ’ਤੇ ਧਰਨੇ ਦੇ ਰਹੇ ਹਨ। ਕੂੰਨਰ ਤੇ ਖੇੜਾ ਨੇ ਕਿਹਾ ਕਿ ਕਿਸਾਨ ਤੇ ਆੜ੍ਹਤੀਆਂ ਦਾ ਨਹੁੰ-ਮਾਸ ਵਾਲਾ ਰਿਸ਼ਤਾ ਹੈ ਅਤੇ ਕਈ ਸਾਲਾਂ ਤੋਂ ਫ਼ਸਲਾਂ ਦੀ ਅਦਾਇਗੀ ਕਿਸਾਨਾਂ ਨੂੰ ਆੜ੍ਹਤੀਆਂ ਰਾਹੀਂ ਹੋ ਰਹੀ ਹੈ ਪਰ ਹੁਣ ਕੇਂਦਰ ਸਰਕਾਰ ਜਾਣ-ਬੁਝ ਕੇ ਸਿੱਧੀ ਅਦਾਇਗੀ ਕਰ ਇਸ ਰਿਸ਼ਤੇ ’ਚ ਤਰੇੜਾਂ ਪਾਉਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ : CBSE ਦੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਕਿਸਾਨਾਂ ਤੋਂ ਜ਼ਮੀਨਾਂ ਦੀਆਂ ਫਰਦਾਂ ਮੰਗੀਆਂ ਜਾ ਰਹੀਆਂ ਹਨ, ਉਹ ਵੀ ਨਾਦਰਸ਼ਾਹੀ ਫੁਰਮਾਨ ਹੈ, ਜਿਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਉਕਤ ਆਗੂਆਂ ਨੇ ਕਿਹਾ ਕਿ ਆੜ੍ਹਤੀਆਂ ਦਾ ਸਾਲ 2019 ਦਾ 131 ਕਰੋੜ ਰੁਪਏ ਕਮਿਸ਼ਨ ਤੇ ਢੋਆ-ਢੁਆਈ ਦਾ ਬਕਾਇਆ ਖੜ੍ਹਾ ਹੈ, ਜਿਸ ਨੂੰ ਜਾਣ-ਬੁੱਝ ਕੇ ਕੇਂਦਰ ਸਰਕਾਰ ਜਾਰੀ ਨਾ ਕਰ ਪਰੇਸ਼ਾਨ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ 5 ਅਪ੍ਰੈਲ ਨੂੰ ਬਾਘਾ ਪੁਰਾਣਾ ਵਿਖੇ ਪੰਜਾਬ ਦੇ ਸਮੂਹ ਆੜ੍ਹਤੀਆਂ ਦੀ ਮਹਾਂਪੰਚਾਇਤ ਹੋ ਰਹੀ ਹੈ, ਜਿਸ ਵਿਚ ਆੜ੍ਹਤੀ ਫੈਡਰੇਸ਼ਨ ਜੋ ਵੀ ਫ਼ੈਸਲਾ ਸੁਣਾਵੇਗੀ, ਉਸ ਤਹਿਤ ਅਗਲੀ ਰਣਨੀਤੀ ਐਲਾਨੀ ਜਾਵੇਗੀ। ਇਸ ਮੌਕੇ ਗੁਰਨਾਮ ਸਿੰਘ ਨਾਗਰਾ ਤੇ ਨਿਤਿਨ ਜੈਨ ਵੀ ਮੌਜੂਦ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ