ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ ਲਈ ਸਰਕਾਰ ਚਲਾਏਗੀ ਵਿਸ਼ੇਸ਼ ‘ਆਕਸੀਜਨ ਐਕਸਪ੍ਰੈੱਸ’ ਟਰੇਨਾਂ
Monday, Apr 19, 2021 - 12:33 PM (IST)
ਜੈਤੋ (ਰਘੂਨੰਦਨ ਪਰਾਸ਼ਰ)-ਕੇਂਦਰ ਸਰਕਾਰ ਨੇ ਕਿਹਾ ਹੈ ਕਿ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ’ਚ ਕੋਵਿਡ ਦੇ ਨਵੇਂ ਮਾਮਲਿਆਂ ’ਚ ਬਹੁਤ ਜ਼ਿਆਦਾ ਵਾਧਾ ਸਾਹਮਣੇ ਆਇਆ ਹੈ। ਕੋਵਿਡ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ’ਚ ਮੈਡੀਕਲ ਆਕਸੀਜਨ ਦੀ ਲੋੜ ਇਕ ਮਹੱਤਵਪੂਰਨ ਹਿੱਸਾ ਹੈ। ਕੋਵਿਡ-19 ਮਾਮਲਿਆਂ ਦੇ ਦੇਸ਼ ’ਚ ਹਾਲ ਹੀ ਦੇ ਉਛਾਲ ਨੂੰ ਦੇਖਦਿਆਂ ਮਰੀਜ਼ਾਂ ਦੇ ਪ੍ਰਭਾਵੀ ਇਲਾਜ ਲਈ ਆਕਸੀਜਨ ਦੀ ਲੋੜ ਵੀ ਕਈ ਗੁਣਾ ਵਧ ਗਈ ਹੈ। ਡਿਪਾਰਟਮੈਂਟ ਆਫ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟਰੇਡ (ਡੀ. ਪੀ. ਆਈ. ਆਈ. ਟੀ.) ਨੇ ਜਾਣੂ ਕਰਾਇਆ ਹੈ ਕਿ ਇਹ ਪਹਿਲਾਂ ਤੋਂ ਹੀ ਕੁਲ ਰੋਜ਼ਾਨਾ ਆਕਸੀਜਨ ਉਤਪਾਦਨ ਦਾ ਤਕਰੀਬਨ 60 ਫੀਸਦੀ ਤਕ ਪਹੁੰਚ ਗਿਆ ਹੈ ਤੇ ਅੱਗੇ ਵੀ ਵਧਣ ਦੀ ਉਮੀਦ ਹੈ।
ਕੁਝ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਮੈਡੀਕਲ ਆਕਸੀਜਨ ਦੀ ਘਾਟ ਦੀਆਂ ਖਬਰਾਂ ਆਈਆਂ ਹਨ। ਭਾਰਤ ਸਰਕਾਰ ਨਿਯਮਿਤ ਤੌਰ ’ਤੇ ਪ੍ਰਭਾਵਿਤ ਸੂਬਿਆਂ ਨੂੰ ਮੈਡੀਕਲ ਆਕਸੀਜਨ ਸਮੇਤ ਜ਼ਰੂਰੀ ਇਲਾਜ ਉਪਕਰਣਾਂ ਦੀ ਨਿਯਮਿਤ ਸਪਲਾਈ ਦੀ ਨਿਗਰਾਨੀ ਹੋਰ ਯਕੀਨੀ ਕਰ ਰਹੀ ਹੈ ਤੇ ਸਮੇਂ-ਸਮੇਂ ’ਤੇ ਪੈਦਾ ਹੋਣ ਵਾਲੀਆਂ ਚੁਣੌਤੀਆਂ ਦਾ ਹੱਲ ਕਰਦੀ ਹੈ। ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ ਦੇ ਸਕੱਤਰ ਦੀ ਅਗਵਾਈ ਹੇਠ ਅਧਿਕਾਰ ਪ੍ਰਾਪਤ ਸਮੂਹ-2 (ਈ.ਜੀ.-II) ਸਰਕਾਰ ਵੱਲੋਂ ਲਾਜ਼ਮੀ ਹੈ। ਭਾਰਤ ’ਚ ਮੈਡੀਕਲ ਉਪਕਰਨਾਂ, ਦਵਾਈਆਂ ਸਮੇਤ ਦੇਸ਼ ਭਰ ’ਚ ਮੈਡੀਕਲ ਆਕਸੀਜਨ ਦੀ ਸਪਲਾਈ ਦਾ ਪ੍ਰਬੰਧ ਕਰਨ ਲਈ ਭਾਰਤ ਸਰਕਾਰ ਵੱਲੋਂ ਹਾਲ ਹੀ ਦੇ ਦਿਨਾਂ ’ਚ ਦੇਸ਼ ਭਰ ’ਚ ਮੈਡੀਕਲ ਆਕਸੀਜਨ ਦੀ ਲੋੜੀਂਦੀ ਉਪਲੱਬਧਤਾ ਦੇ ਮੁੱਦੇ ’ਤੇ ਕਈ ਤੱਤਕਾਲ ਤੇ ਸਮਾਂਬੱਧ ਉਪਾਅ ਕੀਤੇ ਗਏ ਹਨ, ਜਦਕਿ ਮੈਡੀਕਲ ਆਕਸੀਜਨ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।
ਕੇਂਦਰੀ ਸਿਹਤ ਮੰਤਰਾਲਾ ਨੇ ਸਾਰੇ ਮੁੱਖ ਸਕੱਤਰਾਂ ਨੂੰ ਇਸ ਹੁਕਮ ਦੇ ਪ੍ਰਭਾਵੀ ਲਾਗੂਕਰਨ ਅਤੇ ਪਾਲਣਾ ਨੂੰ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਰੇਲਵੇ ਮੰਤਰਾਲੇ ਨੇ ਮੁੱਖ ਗਲਿਆਰੇ ਵਿਚ ਤਰਲ ਮੈਡੀਕਲ ਆਕਸੀਜਨ ਅਤੇ ਆਕਸੀਜਨ ਸਿਲੰਡਰ ਲਿਜਾਣ ਅਤੇ ਐਕਸਪ੍ਰੈੱਸ ਨੂੰ ਚਲਾਉਣ ਲਈ ਕਮਰ ਕੱਸ ਲਈ ਹੈ ਅਤੇ ਵਿਸ਼ੇਸ਼ ਕੋਚ ਵੀ ਤਿਆਰ ਕੀਤੇ ਗਏ ਹਨ। ਦੇਸ਼ ਭਰ ਵਿਚ ਆਕਸੀਜਨ ਦੀ ਆਸਾਨ ਅਤੇ ਸੁਵਿਧਾਜਨਕ ਆਵਾਜਾਈ ਦੀ ਸਹੂਲਤ ਲਈ ਆਕਸੀਜਨ ਐਕਸਪ੍ਰੈੱਸ ਟਰੇਨਾਂ ਦੀ ਤੇਜ਼ੀ ਨਾਲ ਆਵਾਜਾਈ ਲਈ ਇਕ ਗਰੀਨ ਕਾਰੀਡੋਰ ਬਣਾਇਆ ਜਾ ਰਿਹਾ ਹੈ। ਇਹ ਵੱਡੀ ਮਾਤਰਾ ’ਚ ਅਤੇ ਤੇਜ਼ੀ ਨਾਲ ਮਰੀਜ਼ਾਂ ਨੂੰ ਮੈਡੀਕਲ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਏਗਾ।