ਕੋਰੋਨਾ ਵਿਰੁੱਧ ਜੰਗ 'ਚ ਲੱਗੇ ਲੋਕਾਂ ਦਾ ਸਰਕਾਰ ਵੱਲੋਂ ਕੀਤਾ ਜਾਵੇਗਾ ਸਨਮਾਨ : ਸੋਨੀ

Sunday, Jun 14, 2020 - 09:37 PM (IST)

ਕੋਰੋਨਾ ਵਿਰੁੱਧ ਜੰਗ 'ਚ ਲੱਗੇ ਲੋਕਾਂ ਦਾ ਸਰਕਾਰ ਵੱਲੋਂ ਕੀਤਾ ਜਾਵੇਗਾ ਸਨਮਾਨ : ਸੋਨੀ

ਅੰਮ੍ਰਿਤਸਰ- ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ. ਪੀ. ਸੋਨੀ ਨੇ ਅੰਮ੍ਰਿਤਸਰ ਵਿਚ ਮਿਸ਼ਨ ਫਤਿਹ ਦੀ ਰਸਮੀ ਸ਼ੁਰੂਆਤ ਕਰਦੇ ਕਿਹਾ ਕਿ ਸਮੁੱਚੀ ਦੁਨੀਆਂ ਕੋਵਿਡ-19 (ਕੋਰੋਨਾ) ਵਾਇਰਸ ਦੇ ਖਤਰਨਾਕ ਦੌਰ ਵਿਚੋਂ ਲੰਘ ਰਹੀ ਹੈ। ਇਸ ਬਿਮਾਰੀ ਦਾ ਫਿਲਹਾਲ ਇਲਾਜ ਸੰਭਵ ਨਹੀਂ, ਪਰ ਕੁੱਝ ਸਾਵਧਾਨੀਆਂ ਅਪਨਾ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਕਰਫਿਊ, ਫਿਰ ਲਾਕ-ਡਾਊਨ ਇਸ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਗਾਇਆ ਗਿਆ। ਜਿਸ ਵਿਚ ਵੱਡੀ ਸਫਲਤਾ ਮਿਲੀ ਹੈ। ਹੁਣ ਸਰਕਾਰ ਵੱਲੋਂ ਮਿਸ਼ਨ ਫਤਿਹ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਲੋਕ ਜਾਗਰੂਕਤਾ 'ਤੇ ਜ਼ੋਰ ਦਿੱਤਾ ਜਾਵੇਗਾ, ਤਾਂ ਜੋ ਸਿਹਤ ਵਿਭਾਗ ਵੱਲੋਂ ਦਰਸਾਏ ਕੁੱਝ ਨੁਕਤੇ, ਜਿਸ ਵਿਚ ਮਾਸਕ ਲਗਾਉਣਾ, ਸੋਸ਼ਲ ਡਿਸਟੈਂਸ ਰੱਖਣਾ, ਹੱਥਾਂ ਦੀ ਸਫਾਈ ਕਰਦੇ ਰਹਿਣਾ ਆਦਿ ਸ਼ਾਮਿਲ ਹੈ, ਇਸ 'ਤੇ ਅਮਲ ਕਰਕੇ ਆਪਾਂ ਸਾਰੇ ਇਸ ਵਾਇਰਸ ਦੀ ਲਾਗ ਤੋਂ ਬਚ ਸਕੀਏ।  
ਇਸ ਜਾਗਰੂਕਤਾ ਤਹਿਤ ਹੁਣ ਸੂਬਾ ਸਰਕਾਰ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਲੋਕ ਸਾਵਧਾਨੀ ਅਪਨਾ ਕੇ ਵਾਇਰਸ ਤੋਂ ਬਚੇ ਰਹਿਣ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਕੋਰੋਨਾ ਜੰਗ ਵਿਚ ਲੱਗੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ, ਗੈਰ ਸਰਕਾਰੀ ਸੰਸਥਾਵਾਂ, ਸਮਾਜ ਸੇਵੀ ਅਤੇ ਵਿਅਕਤੀਆਂ ਦਾ ਸਰਕਾਰ ਸਨਮਾਨ ਕਰੇਗੀ, ਜੋ ਕਿ ਕਿਸੇ ਨਾ ਕਿਸੇ ਰੂਪ ਵਿਚ ਕੋਵਿਡ-19 ਜੰਗ ਵਿਚ ਕੰਮ ਕਰ ਰਹੇ ਹਨ। ਸ੍ਰੀ ਸੋਨੀ ਨੇ ਅੱਜ ਇਸ ਮੌਕੇ ਕੋਵਿਡ ਵਾਰੀਅਰ ਵਜੋਂ ਜਿਲੇ ਵਿਚ ਕੰਮ ਕਰ ਰਹੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਸਨਮਾਨਿਤ ਕੀਤਾ। ਉਨਾਂ ਕਿਹਾ ਕਿ ਸਾਡੇ ਇਹ ਅਧਿਕਾਰੀ ਦਿਨ-ਰਾਤ ਇਕ ਕਰਕੇ ਕੋਵਿਡ ਜੰਗ ਵਿਚ ਕੰਮ ਕਰ ਰਹੇ ਹਨ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਘੱਟੋ-ਘੱਟ ਆਪਣਾ ਤੇ ਆਪਣੇ  ਪਰਿਵਾਰ ਦੀ ਸੁਰੱਖਿਆ ਲਈ ਜ਼ਰੂਰੀ ਸਾਵਧਾਨੀਆਂ ਦਾ ਪਾਲਣ ਕਰੀਏ।
ਸ੍ਰੀ ਸੋਨੀ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਸਾਡੇ ਆਂਗਨਵਾੜੀ, ਪਿੰਡਾਂ ਦੇ ਸਰਪੰਚ, ਕੌਸ਼ਲਰ, ਗੈਰ ਸਰਕਾਰੀ ਸੰਸਥਾਵਾਂ, ਪੁਲਿਸ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ, ਸਥਾਨਕ ਵੈਲਫੇਅਰ ਕਮੇਟੀਆਂ ਤੇ ਹੋਰ ਸ਼ਹਿਰ ਵਾਸੀ ਕੋਰੋਨਾ ਤੋਂ ਬਚਣ ਲਈ ਅਪਨਾਈਆਂ ਜਾਣ ਵਾਲੀਆਂ ਜ਼ਰੂਰੀ ਸਾਵਧਾਨੀਆਂ ਦਾ ਸੁਨੇਹਾ ਆਪਣੇ-ਆਪਣੇ ਇਲਾਕੇ ਵਿਚ ਘਰ-ਘਰ ਜਾ ਕੇ ਦੇਣਗੇ। ਇਸ ਮੌਕੇ ਸ੍ਰੀ ਸੋਨੀ ਨੇ ਅੰਮ੍ਰਿਤਸਰ ਵਿਚ ਪ੍ਰਚਾਰ ਲਈ ਕੰਮ ਕਰਨ ਵਾਲੀਆਂ ਗੱਡੀਆਂ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਉਨਾਂ ਕਿਹਾ ਕਿ ਇਸ ਤਰਾਂ ਸਾਡੀ ਕੋਸ਼ਿਸ਼ ਹੈ ਕਿ ਹਰੇਕ ਜਨ ਸਧਾਰਨ ਤੱਕ ਵੀ ਇਹ ਗੱਲ ਪਹੁੰਚ ਜਾਵੇ ਕਿ ਕੋਰੋਨਾ ਤੋਂ ਬਚਣਾ ਹੈ ਤਾਂ ਕੀ ਕਰਨਾ ਹੈ।
ਸ੍ਰੀ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 17 ਜੂਨ ਤੋਂ ਪੰਜਾਬ ਕੋਵਾ ਐਪ 'ਤੇ ਹਰ ਕੰਮ ਕਰਦੇ ਵਿਅਕਤੀ ਉਤੇ ਨਜਰ ਰੱਖੀ ਜਾਵੇਗੀ, ਜੋ ਇਸ ਖੇਤਰ ਵਿਚ ਵੱਧ ਕੰਮ ਕਰੇਗਾ ਮੁੱਖ ਮੰਤਰੀ ਉਸ ਨੂੰ ਮਿਸ਼ਨ ਵਾਰੀਅਰ ਵਜੋਂ ਗੋਲਡ, ਸਿਲਵਰ ਤੇ ਕਾਂਸੀ ਦੇ ਸਰਟੀਫਿਕੇਟ, ਜਿਸ ਉਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਸਤਖਤ ਕਰਨਗੇ ਅਤੇ ਟੀ-ਸ਼ਰਟ ਸਨਮਾਨ ਵਜੋਂ ਦਿੱਤੀ ਜਾਵੇਗੀ।

ਕੋਰੋਨਾ ਵਾਇਰਸ-
ਕੋਵਿਡ-19 ਵਿਰੁੱਧ ਜੰਗ ਵਿਚ ਕੰਮ ਕਰ ਰਹੇ ਡਾਕਟਰ, ਪੈਰਾ ਮੈਡੀਕਲ ਸਟਾਫ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪੁਲਿਸ ਦੇ ਜਵਾਨ, ਸਫਾਈ ਕਰਮਚਾਰੀ, ਮੀਡੀਆ ਕਰਮੀ ਭਾਵ ਉਹ ਆਦਮੀ ਜੋ ਇਸ ਵਾਇਰਸ ਦੇ ਖਾਤਮੇ ਲਈ ਕੰਮ ਕਰ ਰਿਹਾ ਹੈ ਉਹ ਕੋਰੋਨਾ ਯੋਧਾ ਹੈ ਵਾਰੀਅਰ ਹੈ।
ਇਸ ਤੋਂ ਇਲਾਵਾ ਇਸ ਬਿਮਾਰੀ ਨਾਲ ਜੂਝ ਕੇ ਜਿੱਤ ਪ੍ਰਾਪਤ ਕਰਨ ਵਾਲੇ ਸਾਰੇ ਵਿਅਕਤੀ ਵੀ ਕੋਰੋਨਾ ਯੋਧਾ ਹਨ। ਇੰਨਾਂ ਸਾਰਿਆਂ ਨੂੰ 'ਮਿਸ਼ਨ ਫਤਿਹ' ਦੇ ਬੈਜ ਨਾਲ ਸਨਮਾਨਿਤ ਕੀਤਾ ਜਾਵੇਗਾ।

ਮਿਸ਼ਨ ਵਾਰੀਅਰਜ਼-
ਸਿਹਤ ਵਿਭਾਗ ਵੱਲੋਂ ਕੋਵਿਡ 19 ਤੋਂ ਬਚਣ ਲਈ ਦਿੱਤੀਆਂ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨ ਵਾਲਾ ਹਰ ਨਾਗਰਿਕ ਅਤੇ ਉਨਾਂ ਨੂੰ ਅੱਗੇ ਅਪਨਾਉਣ ਦਾ ਸੰਦੇਸ਼ ਵੰਡਣ ਵਾਲਾ ਹਰ ਆਦਮੀ ਮਿਸ਼ਨ ਵਾਰੀਅਰਜ਼ ਹੈ।


author

Bharat Thapa

Content Editor

Related News