ਕੋਵਿਡ ’ਚ ਜਨਤਾ ਨੂੰ ਰਾਹਤ ਦੇਵੇ ਸਰਕਾਰ, ਪਾਣੀ ਤੇ ਬਿਜਲੀ ਦੇ ਬਿੱਲ ਹੋਣ ਮੁਆਫ਼ : ਸੁਖਬੀਰ
Friday, May 14, 2021 - 12:59 AM (IST)
ਚੰਡੀਗੜ੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਹ ਮਿੰਨੀ ਕੋਵਿਡ ਸੈਂਟਰ ਸਥਾਪਿਤ ਕਰਨ, ਵੈਕਸੀਨੇਸ਼ਨ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ, ਮੈਡੀਕਲ ਸਟਾਫ਼ ਨੂੰ ਦੁਬਾਰਾ ਨਿਯੁਕਤ ਕਰਨ, ਲੋਕਾਂ ਦੀਆਂ ਜਾਨਾਂ ਬਚਾਉਣ ਅਤੇ ਲੋਕਾਂ ਨੂੰ ਰਾਹਤ ਦੇਣ ਲਈ 6 ਮਹੀਨੇ ਲਈ ਬਿਜਲੀ ਬਿੱਲ ਮੁਆਫ਼ ਕਰਨ ਤੋਂ ਇਲਾਵਾ ਨਿਜੀ ਹਸਪਤਾਲਾਂ ਦੇ ਇਲਾਜ ’ਤੇ ਸੀਮਾ ਨਿਰਧਾਰਤ ਕਰਨ। ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਜਾਨ ਬਚਾਉਣਾ ਬੇਹੱਦ ਮਹੱਤਵਪੂਰਣ ਹੈ ਅਤੇ ਅਜਿਹਾ ਕਰਨਾ ਸਮੇਂ ਦੀ ਮੰਗ ਹੈ ਕਿ ਰਾਜ ਦੇ ਸਾਰੇ ਬਲਾਕਾਂ ਵਿਚ ਪੱਧਰ ਇਕ ਅਤੇ ਪੱਧਰ ਦੋ ਦੀਆਂ ਸਹੂਲਤਾਂ ਦੇ ਨਾਲ ਮਿੰਨੀ ਕੋਵਿਡ ਕੇਂਦਰ ਸਥਾਪਿਤ ਕੀਤੇ ਜਾਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਬੰਧੀ ਪਹਿਲ ਕਰ ਲਈ ਹੈ ਅਤੇ ਰਾਜ ਸਰਕਾਰ ਪੂਰੇ ਰਾਜ ਵਿਚ ਇਸ ਮਾਡਲ ਨੂੰ ਦੁਹਰਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ, ਸਰਕਾਰ ਵਲੋਂ ਖੋਲ੍ਹੇ ਗਏ ਕੋਵਿਡ ਕੇਂਦਰਾਂ ’ਤੇ ‘ਲੰਗਰ ਸੇਵਾ’ ਪ੍ਰਦਾਨ ਕਰਨ ਲਈ ਤਿਆਰ ਹੈ। ਸਰਕਾਰ ਯਕੀਨੀ ਕਰੇ ਕਿ ਅਗਲੇ ਤਿੰਨ ਮਹੀਨਿਆਂ ਵਿਚ ਪੂਰੇ ਰਾਜ ਦੀ ਵੈਕਸੀਨ ਮੁਕੰਮਲ ਹੋ ਜਾਵੇ।
ਉਨ੍ਹਾਂ ਕਿਹਾ ਕਿ ਸਾਰੇ 12 ਹਜ਼ਾਰ ਪਿੰਡਾਂ ਨੂੰ ਕਵਰ ਕਰਨ ਲਈ 500 ਟੀਮਾਂ ਗਠਿਤ ਕੀਤੀਆਂ ਜਾ ਸਕਦੀਆਂ ਹਨ ਅਤੇ ਸਰਕਾਰ ਨੂੰ ਸੰਸਾਰਕ ਟੈਂਡਰ ਖੋਲ੍ਹ ਕੇ ਇਸ ਦੀ ਸਪਲਾਈ ਵਿਚ ਵਾਧਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਨਿਜੀ ਹਸਪਤਾਲਾਂ ਦੇ ਇਲਾਜ ਦੀ ਫ਼ੀਸ ’ਤੇ ਸੀਮਾ ਨਿਰਧਾਰਤ ਕਰਨ ਦੀ ਗੱਲ ਕੀਤੀ। ਪੰਜਾਬ ਵਿਚ ਵੈਂਟੀਲੇਟਰ ਦੀ ਸਥਿਤੀ ’ਤੇ ਬੋਲਦਿਆਂ ਬਾਦਲ ਨੇ ਕਿਹਾ ਕਿ ਇਹ ਬੇਹੱਦ ਹੈਰਾਨ ਕਰਨ ਵਾਲੀ ਗੱਲ ਹੈ ਕਿ ਰਾਜ ਸਿਹਤ ਵਿਭਾਗ ਨੇ ਪਿਛਲੇ ਇਕ ਸਾਲ ਵਿਚ ਭੇਜੇ ਗਏ ਵੈਂਟੀਲੇਟਰਾਂ ਨੂੰ ਖੋਲ੍ਹਿਆ ਤੱਕ ਨਹੀ ਹੈ।