ਅਕਾਲੀ ਆਗੂ ਦੀ ਮੌਤ ਦੇ ਮਾਮਲੇ ਨੂੰ ਸਰਕਾਰ ਗੰਭੀਰਤਾ ਨਾਲ ਨਹੀਂ ਲੈ ਰਹੀ : ਹਾਈ ਕੋਰਟ
Wednesday, Oct 25, 2017 - 06:25 AM (IST)
ਚੰਡੀਗੜ੍ਹ (ਬਰਜਿੰਦਰ) - ਅਕਾਲੀ ਆਗੂ ਸੁਖਜੀਤ ਸਿੰਘ ਮੋਖਾ ਨੂੰ ਪੁਲਸ ਵੱਲੋਂ ਕਥਿਤ ਤੌਰ 'ਤੇ ਗੋਲੀ ਮਾਰਨ ਦੇ 2 ਸਾਲ ਤੋਂ ਜ਼ਿਆਦਾ ਪੁਰਾਣੇ ਮਾਮਲੇ 'ਚ ਉਨ੍ਹਾਂ ਦੀ ਪਤਨੀ ਵੱਲੋਂ ਦਾਇਰ ਪਟੀਸ਼ਨ 'ਤੇ ਹਾਈ ਕੋਰਟ ਨੇ ਸਖਤੀ ਦਿਖਾਉਂਦੇ ਹੋਏ ਕਿਹਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਸਰਕਾਰ ਗੰਭੀਰ ਨਹੀਂ ਲੱਗ ਰਹੀ। ਇਸ ਮਾਮਲੇ 'ਚ ਅੰਮ੍ਰਿਤਸਰ ਦੇ ਕਮਿਸ਼ਨਰ ਨੇ ਆਪਣੇ ਜਵਾਬ 'ਚ ਕਿਹਾ ਸੀ ਕਿ ਕਥਿਤ ਦੋਸ਼ੀ ਪੁਲਸ ਕਰਮਚਾਰੀਆਂ ਖਿਲਾਫ਼ ਜਾਂਚ ਜਾਰੀ ਹੈ। ਮੰਗਲਵਾਰ ਨੂੰ ਕੇਸ ਦੀ ਸੁਣਵਾਈ ਦੌਰਾਨ ਪਟੀਸ਼ਨਰ ਦੇ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਹਾਲੇ ਤੱਕ ਕਿਸੇ ਮੁਲਜ਼ਮ ਪੁਲਸ ਕਰਮਚਾਰੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਇਸ 'ਤੇ ਅਦਾਲਤ ਨੇ ਏ. ਜੀ. ਨੂੰ ਮਾਮਲੇ 'ਚ ਪੇਸ਼ ਹੋਣ ਲਈ ਕਿਹਾ। ਏ. ਜੀ. ਨੇ ਪੇਸ਼ ਹੋ ਕੇ ਕੋਰਟ ਨੂੰ ਦੱਸਿਆ ਕਿ ਕਥਿਤ 4 ਮੁਲਜ਼ਮ ਪੁਲਸ ਕਰਮਚਾਰੀਆਂ ਨੂੰ ਸਸਪੈਂਡ ਕੀਤਾ ਜਾ ਚੁੱਕਿਆ ਹੈ ਤੇ ਕੇਸ ਦੀ ਜਾਂਚ ਜ਼ਿਲਾ ਪੱਧਰ ਤੋਂ ਬਦਲ ਕੇ ਚੰਡੀਗੜ੍ਹ ਸਥਿਤ ਹੈੱਡਕੁਆਰਟਰ 'ਚ ਤਬਦੀਲ ਕਰਨ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਪਟੀਸ਼ਨਰ ਨੂੰ ਨੌਕਰੀ ਵੀ ਆਫਰ ਕੀਤੀ ਗਈ ਹੈ। ਹਾਈ ਕੋਰਟ ਨੇ ਸਰਕਾਰ ਦੇ ਇਸ ਜਵਾਬ ਦੇ ਨਾਲ ਕੇਸ ਦੀ ਅਗਲੀ ਸੁਣਵਾਈ 14 ਨਵੰਬਰ ਤੈਅ ਕੀਤੀ ਹੈ।
ਮੋਖਾ ਦੀ ਪਤਨੀ ਨੇ ਪਟੀਸ਼ਨ 'ਚ ਦੋਸ਼ ਲਾਇਆ ਸੀ ਕਿ ਤਤਕਾਲੀਨ ਉਪ ਮੁੱਖ ਮੰਤਰੀ ਵੱਲੋਂ ਐਲਾਨ ਕੀਤੀ ਗਈ ਨੌਕਰੀ 'ਤੇ ਹਾਲੇ ਤੱਕ ਜੁਆਇਨਿੰਗ ਨਹੀਂ ਕਰਵਾਈ ਗਈ। ਜਦੋਂ ਉਹ ਨੌਕਰੀ ਜੁਆਇੰਨ ਕਰਨ ਗਈ ਤਾਂ ਉਨ੍ਹਾਂ 'ਤੇ ਕੇਸ ਵਾਪਸ ਲੈਣ ਦਾ ਦਬਾਅ ਬਣਾਇਆ ਗਿਆ। ਪਟੀਸ਼ਨਰ ਦਾ ਦਾਅਵਾ ਸੀ ਕਿ ਉਨ੍ਹਾਂ ਦੇ 38 ਸਾਲਾ ਪਤੀ ਦਾ ਅੰਮ੍ਰਿਤਸਰ ਜ਼ਿਲਾ ਪੁਲਸ ਨੇ 16 ਜੂਨ 2015 ਨੂੰ ਕਤਲ ਕਰ ਦਿੱਤਾ ਸੀ। ਹਾਲਾਂਕਿ ਪੁਲਸ ਅਧਿਕਾਰੀਆਂ ਦੇ ਮੀਡੀਆ 'ਚ ਛਪੇ ਬਿਆਨਾਂ 'ਚ ਕਿਹਾ ਗਿਆ ਸੀ ਕਿ ਮੋਖਾ ਨੂੰ ਗਲਤੀ ਨਾਲ ਗੈਂਸਸਟਰ ਸਮਝ ਲਿਆ ਗਿਆ ਸੀ।
