4 ਆਸ਼ਾ ਵਰਕਰਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਰਕਾਰ ਦੀ ਚਿੰਤਾ ਵਧੀ

05/03/2020 2:33:32 AM

ਚੰਡੀਗੜ੍ਹ, (ਸ਼ਰਮਾ)— ਕਦੇ ਐੱਨ. ਆਰ. ਆਈਜ਼, ਕਦੇ ਤਬਲੀਗੀ ਜਮਾਤ ਤਾਂ ਕਦੇ ਧਾਰਮਿਕ ਸ਼ਰਧਾਲੂਆਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਤੋਂ ਬਾਅਦ ਪੰਜਾਬ ਆਉਣ ਨਾਲ ਇਸ ਮਹਾਮਾਰੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੇ ਸਾਹਮਣੇ ਨਵੀਂ ਚੁਣੌਤੀ ਖੜ੍ਹੀ ਹੋ ਗਈ ਹੈ, ਕਿਉਂਕਿ ਹੁਣ ਸਿਹਤ ਵਿਭਾਗ ਦੀ ਫਰੰਟ ਲਾਈਨ ਮਤਲਬ ਆਸ਼ਾ ਵਰਕਰ ਅਤੇ ਆਸ਼ਾ ਫੈਸਿਲੀਟੇਟਰ ਜੋ ਆਮ ਜਨਤਾ ਦੇ ਨਾਲ ਸਿੱਧੇ ਜੁੜੀਆਂ ਹਨ, ਉਹ ਵੀ ਹੁਣ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣੀਆਂ ਸ਼ੁਰੂ ਹੋ ਗਈਆਂ ਹਨ। ਸ਼ਨੀਵਾਰ ਨੂੰ ਮੋਗਾ ਜ਼ਿਲ੍ਹੇ ਦੇ ਢੁੱਡੀਕੇ ਬਲਾਕ ਦੇ ਚੂਹੜਚੱਕ ਪਿੰਡ ਦੀਆਂ 3 ਅਤੇ ਪਿੰਡ ਮੱਧੋਕੇ ਦੀ 1 ਆਸ਼ਾ ਵਰਕਰ ਦੀ ਕੋਰੋਨਾ ਵਾਇਰਸ ਲਈ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਆਸ਼ਾ ਵਰਕਰ ਅਤੇ ਆਸ਼ਾ ਫੈਸਿਲੀਟੇਟਰ ਯੂਨੀਅਨ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਦੋਸ਼ ਲਾਇਆ ਹੈ ਕਿ ਸਰਕਾਰ ਅਤੇ ਸਿਹਤ ਵਿਭਾਗ ਦੀ ਲਾਪਰਵਾਹੀ ਅਤੇ ਆਸ਼ਾ ਵਰਕਰਾਂ ਦੇ ਹਿਤਾਂ ਪ੍ਰਤੀ ਉਦਾਸੀਨਤਾ ਦੇ ਕਾਰਨ ਹੀ ਇਹ ਸਥਿਤੀ ਬਣੀ ਹੈ। ਹੁਣ ਵੀ ਜੇਕਰ ਸਰਕਾਰ ਜਾਂ ਸਿਹਤ ਵਿਭਾਗ ਮਾਮਲੇ ਨੂੰ ਲੈ ਕੇ ਗੰਭੀਰ ਨਾ ਹੋਏ ਤਾਂ ਇਸ ਮਹਾਮਾਰੀ ਦੇ ਦੌਰ 'ਚ ਸੂਬੇ ਦੀ ਜਨਤਾ ਨੂੰ ਵੱਡਾ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਆਪਣੀ ਜਾਨ 'ਤੇ ਖੇਡ ਕੇ ਘਰ-ਘਰ ਸੇਵਾਵਾਂ ਦੇ ਰਹੀਆਂ ਆਸ਼ਾ ਵਰਕਰ ਅਤੇ ਆਸ਼ਾ ਫੈਸਿਲੀਟੇਟਰ ਨਿੱਤ ਹਜ਼ਾਰਾਂ ਨਾਗਰਿਕਾਂ ਦੇ ਸੰਪਰਕ 'ਚ ਆਉਂਦੀਆਂ ਹਨ ਪਰ ਇਸ ਮਹਾਮਾਰੀ ਦੇ ਦੌਰ 'ਚ ਵੀ ਸਰਕਾਰ ਉਹਨਾਂ ਨੂੰ ਸੁਰੱਖਿਆ ਲਈ ਦਸਤਾਨੇ, ਮਾਸਕ, ਸੈਨੀਟਾਈਜ਼ਰ ਤਕ ਉਪਲਬਧ ਨਹੀਂ ਕਰਵਾ ਰਹੀ। ਉਨ੍ਹਾਂ ਕਿਹਾ ਕਿ ਪੂਰੇ ਸੂਬੇ 'ਚ ਲਗਭਗ 28,000 ਆਸ਼ਾ ਵਰਕਰ ਅਤੇ 18,000 ਆਸ਼ਾ ਫੈਸਿਲੀਟੇਟਰ ਤਾਇਨਾਤ ਹਨ। ਜੇਕਰ ਇਹੀ ਵਰਗ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਗਿਆ ਤਾਂ ਆਸਾਨੀ ਨਾਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਮਹਾਮਾਰੀ ਸੂਬੇ 'ਚ ਕਿੰਨੀ ਤਬਾਹੀ ਮਚਾ ਸਕਦੀ ਹੈ।

ਆਸ਼ਾ ਵਰਕਰ ਸਾਡੀ ਫਰੰਟ ਲਾਈਨ ਹੈ। ਇਨ੍ਹਾਂ ਸਾਰੀਆਂ ਨੂੰ ਸੇਫਟੀ ਇਕਉਪਮੈਂਟ ਪ੍ਰਦਾਨ ਕਰਨ ਦੇ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਜੇਕਰ ਇਨ੍ਹਾਂ ਨਿਰਦੇਸ਼ਾਂ ਦਾ ਮੋਗਾ ਜ਼ਿਲ੍ਹੇ 'ਚ ਪਾਲਣ ਨਹੀਂ ਹੋ ਰਿਹਾ ਤਾਂ ਇਸਦਾ ਪਤਾ ਲਾ ਕੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ। ਜੇਕਰ ਇਨ੍ਹਾਂ ਦੀ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ ਤਾਂ ਇਹ ਗੰਭੀਰ ਮਾਮਲਾ ਹੈ ਅਤੇ ਇਸ 'ਤੇ ਤੁਰੰਤ ਜ਼ਰੂਰੀ ਕਦਮ ਚੁੱਕੇ ਜਾਣਗੇ। ਹਾਂ ਟੈਸਟ ਸਿਰਫ ਉਨ੍ਹਾਂ ਦੇ ਕੀਤੇ ਜਾਂਦੇ ਹਨ, ਜਿਨ੍ਹਾਂ 'ਚ ਕੋਈ ਲੱਛਣ ਨਜ਼ਰ ਆ ਰਹੇ ਹੋਣ।


-ਕੁਮਾਰ ਰਾਹੁਲ, ਸਕੱਤਰ ਸਿਹਤ ਵਿਭਾਗ ਅਤੇ ਐੱਮ. ਡੀ. ਨੈਸ਼ਨਲ ਹੈਲਥ ਮਿਸ਼ਨ, ਪੰਜਾਬ।


KamalJeet Singh

Content Editor

Related News