ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਰਾਜਪਾਲ ਦੇ ਫ਼ੈਸਲੇ 'ਤੇ ਮਜੀਠੀਆ ਦਾ ਵੱਡਾ ਬਿਆਨ, ਕਹੀ ਇਹ ਗੱਲ

Wednesday, Sep 21, 2022 - 10:02 PM (IST)

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਭਗਵੰਤ ਮਾਨ ਸਰਕਾਰ ਵੱਲੋਂ ਸੱਦੇ ਪੰਜਾਬ ਵਿਧਾਨ ਸਭਾ ਦੇ ਇਕ ਰੋਜ਼ਾ ਸੈਸ਼ਨ ਲਈ ਪ੍ਰਵਾਨਗੀ ਵਾਪਸ ਲੈਣ ਨਾਲ ਜਨਤਾ ਦਾ ਪੈਸਾ ਬਰਬਾਦ ਹੋਣ ਤੋਂ ਬਚ ਗਿਆ ਹੈ, ਜੋ ਭਗਵੰਤ ਮਾਨ ਤੇ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਿਰਫ ਇਕ ਸਿਆਸੀ ਡਰਾਮੇਬਾਜ਼ੀ ਵਾਸਤੇ ਬਰਬਾਦ ਕਰਨਾ ਚਾਹੁੰਦੇ ਸਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਪ੍ਰਮੁੱਖ ਸਕੀਮਾਂ ਲਈ 646 ਕਰੋੜ ਰੁਪਏ ਜਾਰੀ : ਹਰਪਾਲ ਚੀਮਾ

ਇਥੇ ਜਾਰੀ ਕੀਤੇ ਇਕ ਬਿਆਨ 'ਚ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਾਵੇਂ ਰਾਜਪਾਲ ਦੇ ਫ਼ੈਸਲੇ ਨਾਲ ਜਨਤਾ ਦਾ ਪੈਸਾ ਬਰਬਾਦ ਹੋਣ ਤੋਂ ਬਚ ਗਿਆ ਹੈ ਪਰ ਇਸ ਸਾਰੇ ਮਾਮਲੇ ਦੀ ਵਿਸਥਾਰਤ ਜਾਂਚ ਦੀ ਲੋੜ ਹੈ ਤਾਂ ਜੋ 'ਆਪ' ਵੱਲੋਂ ਕੀਤੇ ਜਾ ਰਹੇ ਦਾਅਵੇ ਅਨੁਸਾਰ ਸਾਜ਼ਿਸ਼ ਦੇ ਅਸਲ ਦੋਸ਼ੀ ਬੇਨਕਾਬ ਹੋ ਸਕਣ। ਉਨ੍ਹਾਂ ਕਿਹਾ ਕਿ 'ਆਪ' ਨੇ ਦਾਅਵਾ ਕੀਤਾ ਹੈ ਕਿ ਇਸ ਦੇ ਵਿਧਾਇਕਾਂ ਤੱਕ ਭਾਜਪਾ ਨੇ ਪਹੁੰਚ ਕੀਤੀ ਤੇ ਇਹ ਸਭ ਕੁਝ ਚੰਡੀਗੜ੍ਹ ਵਿਚ ਹੋਇਆ। ਇਸ ਤਰੀਕੇ ਇਹ ਅਪਰਾਧ ਚੰਡੀਗੜ੍ਹ ਪੁਲਸ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ ਤੇ ਚੰਡੀਗੜ੍ਹ ਦਾ ਪ੍ਰਸ਼ਾਸਕ ਹੋਣ ਦੇ ਨਾਤੇ ਰਾਜਪਾਲ ਨੂੰ ਇਸ ਮਾਮਲੇ ਦੀ ਵਿਸਥਾਰਤ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ।

ਇਹ ਵੀ ਪੜ੍ਹੋ : ਭਾਰਤੀ ਖਾਣਿਆਂ ਲਈ ਗਲਤ ਸ਼ਬਦਾਵਲੀ ਬੋਲਣ ਵਾਲੇ ਇਟਾਲੀਅਨ ਕਾਮੇਡੀਅਨ 'ਤੇ ਮਾਮਲਾ ਦਰਜ

ਉਨ੍ਹਾਂ ਕਿਹਾ ਕਿ ਜਿਸ ਨੇ 'ਆਪ' ਵਿਧਾਇਕਾਂ ਤੱਕ ਪਹੁੰਚ ਕੀਤੀ, ਉਹ ਸਾਰੇ ਆਗੂ ਜਾਂ ਵਿਚੋਲੇ ਲੋਕਾਂ ਸਾਹਮਣੇ ਬੇਨਕਾਬ ਹੋਣੇ ਚਾਹੀਦੇ ਹਨ ਪਰ ਜੇਕਰ 'ਆਪ' ਦੇ ਦਾਅਵੇ ਝੂਠੇ ਨਿਕਲਦੇ ਹਨ ਤਾਂ ਫਿਰ ਇਹ ਸਾਜ਼ਿਸ਼ ਦੀ ਕਹਾਣੀ ਘੜਨ ਲਈ 'ਆਪ' ਦੀ ਲੀਡਰਸ਼ਿਪ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬ ਦੀ ਬਿਹਤਰੀ ਵਾਸਤੇ ਸੰਜੀਦਗੀ ਨਾਲ ਕੰਮ ਕਰਨ ਦੀ ਥਾਂ ਭਗਵੰਤ ਮਾਨ ਡਰਾਮੇਬਾਜ਼ੀ ਕਰ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News