ਸਰਕਾਰੀ ਕਣਕ ਦੀ ਵੰਡ ਮੌਕੇ ਸੁਰੱਖਿਆ ਇੰਤਜ਼ਾਮ ਪੁਖਤਾ ਕੀਤੇ ਜਾਣ : ਆਸ਼ੂ

Wednesday, May 06, 2020 - 11:34 PM (IST)

ਸਰਕਾਰੀ ਕਣਕ ਦੀ ਵੰਡ ਮੌਕੇ ਸੁਰੱਖਿਆ ਇੰਤਜ਼ਾਮ ਪੁਖਤਾ ਕੀਤੇ ਜਾਣ : ਆਸ਼ੂ

ਚੰਡੀਗੜ੍ਹ : ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਦੇਸ਼ ਜਾਰੀ ਕਰਦਿਆਂ ਸਰਕਾਰੀ ਕਣਕ ਵੰਡ ਮੌਕੇ ਸੁਰੱਖਿਆ ਇੰਤਜ਼ਾਮਾਂ ਨੂੰ ਪੁਖਤਾ ਕਰਨ ਲਈ ਕਿਹਾ ਹੈ। ਬੀਤੇ ਕੱਲ੍ਹ ਕਪੂਰਥਲਾ ਵਿਖੇ ਸਰਕਾਰੀ ਕਣਕ ਦੀ ਵੰਡ ਮੌਕੇ ਡੀਪੂ ਹੋਲਡਰ ਦੇ ਭਰਾ ਅਨਿਲ ਮਹਾਜਨ ਦੀ ਕੁੱਟਮਾਰ  ਕਾਰਨ ਹੋਈ ਮੌਤ 'ਤੇ ਡੂੰਘਾ ਦੁੱਖ ਪ੍ਰਗਟਾਉਂਦਿਆਂ ਆਸ਼ੂ ਨੇ ਕਿਹਾ ਕਿ ਕੋਵਿਡ-19 ਕਾਰਨ ਜਦੋਂ ਲੋਕ  ਕੋਰੋਨਾ ਨਾਮੀ ਅਦਿੱਖ ਖ਼ਤਰੇ ਤੋਂ ਬਚਣ ਲਈ ਆਪਣੇ ਘਰਾਂ ਵਿੱਚ ਬੰਦ ਹੋ ਕੇ ਬੈਠੇ ਹਨ । ਉਸ ਸਮੇਂ ਲੋਕਾਂ ਨੂੰ ਕੀਤੀ ਜਾਣ ਵਾਲੀ ਸਰਕਾਰੀ ਕਣਕ ਦੀ ਜਲਦ ਵੰਡ ਕਰਨ ਲਈ ਆਪਣੇ ਡੀਪੂ ਹੋਲਡਰ ਭਰਾ ਦੀ ਮਦਦ ਕਰ ਰਹੇ ਅਨਿਲ ਮਹਾਜਨ ਨੂੰ ਕੁੱਟ-ਕੁੱਟ ਕੇ ਮਾਰਨਾ ਬਹੁਤ ਜ਼ਿਆਦਾ ਨਿੰਦਣਯੋਗ ਅਤੇ ਕਾਇਰਾਨਾ ਕਦਮ ਹੈ।

ਆਸ਼ੂ ਨੇ ਸੂਬੇ ਵਿਚ ਭਵਿੱਖ ਵਿੱਚ ਅਜਿਹੀ ਘਟਨਾ ਨਾ ਮੁੜ ਵਾਪਰੇ ਇਸ ਲਈ ਪੰਜਾਬ ਰਾਜ ਦੇ ਸਮੂਹ ਜ਼ਿਲਿਆਂ ਦੇ ਪ੍ਰਸ਼ਾਸਨ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਸਰਕਾਰੀ ਕਣਕ ਦੀ ਵੰਡ ਮੌਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ ਅਤੇ ਸਿਹਤ ਵਿਭਾਗ ਵੱਲੋਂ ਸਮਾਜਿਕ ਦੂਰੀ ਸਬੰਧੀ ਜਾਰੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਮੂਹ ਜ਼ਿਲਾ ਖੁਰਾਕ ਤੇ ਸਿਵਲ ਸਪਲਾਈ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰੀ ਕਣਕ ਵੰਡ ਮੌਕੇ ਵਿਜੀਲੈਂਸ ਕਮੇਟੀ ਦੀ ਮੌਜੂਦਗੀ ਨੂੰ ਯਕੀਨੀ ਬਣਾਉਣ। ਮੌਜੂਦਾ ਸਮੇਂ ਸੂਬੇ ਵਿਚ ਪੀ.ਐਮ.ਜੀ.ਕੇ.ਵਾਈ. ਯੋਜਨਾ ਤਹਿਤ ਸੂਬੇ ਦੇ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਆਉਂਦੇ ਲਾਭਪਾਤਰੀਆਂ ਨੂੰ ਪ੍ਰਤੀ ਵਿਅਕਤੀ 15 ਕਿਲੋ ਕਣਕ ਅਤੇ 3 ਕਿਲੋ ਦਾਲ ਪ੍ਰਤੀ ਪਰਿਵਾਰ ਦੀ ਵੰਡ ਕੀਤੀ ਜਾ ਰਹੀ ਹੈ।


 


author

Deepak Kumar

Content Editor

Related News