ਦਿੱਲੀ ਏਅਰਪੋਰਟ ਲਈ ਸਰਕਾਰੀ ਵੋਲਵੋ ਬੱਸਾਂ ਚੱਲਣ ਨਾਲ ਨਿੱਜੀ ਕੰਪਨੀਆਂ ਦਾ ਏਕਾਧਿਕਾਰ ਹੋਇਆ ਖ਼ਤਮ : ਭੁੱਲਰ

01/24/2023 10:11:44 PM

ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸਾਂਝੇ ਤੌਰ ’ਤੇ ਨੰਗਲ ਤੋਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਲਈ ਸਰਕਾਰੀ ਵੋਲਵੋ ਬੱਸ ਸਰਵਿਸ ਦੀ ਸ਼ੁਰੂਆਤ ਕੀਤੀ ਗਈ। ਇਲਾਕੇ ਦੀ ਚਿਰੋਕਣੀ ਮੰਗ ਪੂਰੀ ਹੋਣ ਨਾਲ ਹੁਣ ਕੰਢੀ ਇਲਾਕੇ ਦੇ ਲੋਕ ਮਹਿਜ਼ 1130 ਰੁਪਏ ਕਿਰਾਏ ’ਚ ਦਿੱਲੀ ਹਵਾਈ ਅੱਡੇ ਤੱਕ ਸਫ਼ਰ ਤੈਅ ਕਰ ਸਕਣਗੇ। ਪਨਬੱਸ ਦੀ ਨਵੀਂ ਵੋਲਵੋ ਬੱਸ ਨੂੰ ਹਰੀ ਝੰਡੀ ਵਿਖਾਉਣ ਉਪਰੰਤ ਆਪਣੇ ਸੰਬੋਧਨ ’ਚ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਪੰਜਾਬ ਤੋਂ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਸਰਕਾਰੀ ਵੋਲਵੋ ਬੱਸ ਸ਼ੁਰੂ ਹੋਣ ਨਾਲ ਨਿੱਜੀ ਕੰਪਨੀਆਂ ਦਾ ਏਕਾਧਿਕਾਰ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਆਪਣੀ ਮਨਮਰਜ਼ੀ ਨਾਲ 3000 ਤੋਂ 3500 ਰੁਪਏ ਤੱਕ ਕਿਰਾਇਆ ਵਸੂਲਣ ਵਾਲੀਆਂ ਇਨ੍ਹਾਂ ਨਿੱਜੀ ਕੰਪਨੀਆਂ ਵੱਲੋਂ ਕਿਰਾਇਆ ਘਟਾਉਣ ਦੇ ਬਾਵਜੂਦ ਲੋਕ ਸਰਕਾਰੀ ਵਾਲਵੋ ਬੱਸ ਸੇਵਾ ਨੂੰ ਤਰਜੀਹ ਦੇ ਰਹੇ ਹਨ, ਜਿਸ ਨਾਲ ਸਰਕਾਰੀ ਬੱਸ ਸੇਵਾ ਨਿਰੰਤਰ ਮੁਨਾਫ਼ੇ ’ਚ ਜਾਣ ਲੱਗੀ ਹੈ।

ਇਹ ਖ਼ਬਰ ਵੀ ਪੜ੍ਹੋ : ਭਾਣਜੀ ਦਾ ਜਨਮ ਦਿਨ ਮਨਾ ਕੇ ਘਰ ਜਾ ਰਹੇ ਮਾਮੇ ਨਾਲ ਵਾਪਰਿਆ ਭਾਣਾ, ਗ਼ਮ ’ਚ ਬਦਲੀਆਂ ਖ਼ੁਸ਼ੀਆਂ

ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਸਾਲ ਜੂਨ ਮਹੀਨੇ ਦੌਰਾਨ ਵੋਲਵੋ ਬੱਸ ਸਰਵਿਸ ਸ਼ੁਰੂ ਕੀਤੀ ਗਈ ਸੀ, ਜਿਸ ਦਾ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਨੇ ਖ਼ੂਬ ਲਾਹਾ ਲਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਵੱਖ-ਵੱਖ ਸ਼ਹਿਰਾਂ ਤੋਂ ਚੱਲਦੀਆਂ ਇਨ੍ਹਾਂ ਬੱਸਾਂ ’ਚ ਹੁਣ ਤੱਕ 80,000 ਤੋਂ ਵੱਧ ਯਾਤਰੀ ਸਫ਼ਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਯਾਤਰੀਆਂ ਦੇ ਅੰਕੜੇ ਇਸ ਸੇਵਾ ਦੀ ਸਫ਼ਲਤਾ ਨੂੰ ਸਾਬਤ ਕਰਦੇ ਹਨ, ਜਿਸ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਇਸ ਸੇਵਾ ’ਚ ਲਗਾਤਾਰ ਵਿਸਥਾਰ ਕੀਤਾ ਜਾ ਰਿਹਾ ਹੈ। ਟਰਾਂਸਪੋਰਟ ਮੰਤਰੀ ਨੇ ਨੰਗਲ ਬੱਸ ਸਟੈਂਡ ਵਿਖੇ ਛੇਤੀ ਹੀ ਸ਼ਾਪਿੰਗ ਕੰਪਲੈਕਸ ਬਣਾਉਣ ਦਾ ਐਲਾਨ ਵੀ ਕੀਤਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨੂੰ ਦਿੱਤੇ ਇਸ ਤੋਹਫ਼ਾ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਧੰਨਵਾਦ ਕੀਤਾ।

ਇਹ ਖ਼ਬਰ ਵੀ ਪੜ੍ਹੋ : ਸਪਾਈਸਜੈੱਟ ’ਚ ਯਾਤਰੀ ਨੇ ਏਅਰਹੋਸਟੈੱਸ ਨਾਲ ਕੀਤੀ ਬਦਸਲੂਕੀ, ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਵੀਡੀਓ

ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਬਹੁਤੇ ਲੋਕ ਅਰਬ ਦੇਸ਼ਾਂ ਵਿਚ ਹੋਣ ਕਾਰਣ ਉਨ੍ਹਾਂ ਨੂੰ ਮਹਿੰਗੀਆਂ ਗੱਡੀਆਂ ਕਿਰਾਏ ’ਤੇ ਲੈ ਕੇ ਏਅਰਪੋਰਟ ਜਾਣਾ ਪੈਂਦਾ ਹੈ, ਇਸ ਲਈ ਇਹ ਬੱਸ ਸੇਵਾ ਇਲਾਕੇ ਦੇ ਲੋਕਾਂ ਲਈ ਕਾਫੀ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ 6 ਮਹੀਨੇ ਦੇ ਸਮੇਂ ਵਿਚ ਸ੍ਰੀ ਅਨੰਦਪੁਰ ਸਾਹਿਬ ਦੇ ਹਲਕੇ ਦੇ ਸਾਰੇ ਸਕੂਲ ਅਪਗ੍ਰੇਡ ਕੀਤੇ ਜਾਣਗੇ। ਨੰਗਲ ਵਿਖੇ ਸਕੂਲ ਆਫ ਐਮੀਨੈਂਸ ਦਾ ਨਾਂ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੇ ਨਾਂ ਉੱਤੇ ਰੱਖਿਆ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਕੀਰਤਪੁਰ ਸਾਹਿਬ ਵਿਖੇ ਸਕੂਲ ਦਾ ਨਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਂ ਉੱਤੇ ਰੱਖਿਆ ਜਾਵੇਗਾ।

ਸਿਰਫ਼ 1130 ਰੁਪਏ ਕਿਰਾਏ ਨਾਲ ਦਿੱਲੀ ਹਵਾਈ ਅੱਡੇ ਤੱਕ ਸਫ਼ਰ

ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਨੰਗਲ ਸ਼ਹਿਰ ਤੋਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-3 ਤੱਕ ਲੋਕ ਸਿਰਫ਼ 1130 ਰੁਪਏ ਕਿਰਾਏ ਨਾਲ ਵਾਲਵੋ ਬੱਸ ’ਚ ਸਫ਼ਰ ਕਰ ਸਕਣਗੇ। ਬੱਸ ਰੋਜ਼ਾਨਾ ਦੁਪਹਿਰ 1:30 ਵਜੇ ਨੰਗਲ ਬੱਸ ਸਟੈਂਡ ਤੋਂ ਚੱਲੇਗੀ, 1.50 ਵਜੇ ਸ੍ਰੀ ਅਨੰਦਪੁਰ ਸਾਹਿਬ ਅਤੇ 2.50 ਵਜੇ ਰੂਪਨਗਰ ਪੁੱਜੇਗੀ, ਜਦਕਿ ਬੱਸ ਸਟੈਂਡ ਸੈਕਟਰ-17 ਚੰਡੀਗੜ੍ਹ ਤੋਂ ਸ਼ਾਮ 4.35 ਵਜੇ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋਵੇਗੀ। ਉਨ੍ਹਾਂ ਕਿਹਾ ਕਿ ਬੱਸ ਰਾਤ 11:40 ਵਜੇ ਏਅਰਪੋਰਟ ਦੇ ਪਬਲਿਕ ਟਰਾਂਸਪੋਰਟ ਸੈਂਟਰ ਤੋਂ ਚੱਲੇਗੀ ਅਤੇ ਆਈ.ਐਸ.ਬੀ.ਟੀ. ਦਿੱਲੀ ਤੋਂ ਰਾਤ 12:50 ਵਜੇ ਨੰਗਲ ਲਈ ਰਵਾਨਾ ਹੋਵੇਗੀ।
 


Manoj

Content Editor

Related News