ਸਰਕਾਰੀ ਥਰਮਲ ਪਲਾਂਟ ਬੰਦ ਕਰਨ ਦੇ ਫੈਸਲੇ ਖਿਲਾਫ ਕੱਚੇ ਕਾਮਿਆਂ ਕੀਤੀ ਰੈਲੀ

Tuesday, Jan 16, 2018 - 11:10 AM (IST)

ਸਰਕਾਰੀ ਥਰਮਲ ਪਲਾਂਟ ਬੰਦ ਕਰਨ ਦੇ ਫੈਸਲੇ ਖਿਲਾਫ ਕੱਚੇ ਕਾਮਿਆਂ ਕੀਤੀ ਰੈਲੀ

ਲਹਿਰਾ ਮੁਹੱਬਤ (ਮਨੀਸ਼)-ਬਠਿੰਡਾ ਅਤੇ ਰੋਪੜ ਦੇ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੇ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਦੇ ਰੋਸ ਵਜੋਂ ਅੱਜ ਦੁਪਹਿਰ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਮੇਨ ਗੇਟ ਅੱਗੇ ਜੀ. ਐੱਚ. ਟੀ. ਪੀ. ਕੰਟਰੈਕਟ ਵਰਕਰ ਯੂਨੀਅਨ ਵੱਲੋਂ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਹੇਠ ਰੈਲੀ ਕੀਤੀ ਗਈ। 
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਕੁਲਦੀਪ ਸਿੰਘ, ਬਲਜਿੰਦਰ ਮਾਨ, ਪਰਮਜੀਤ ਮਹਿਰਾਜ, ਬਲਵਿੰਦਰ ਕੋੜਟਾ ਅਤੇ ਚਰਨਜੀਤ ਸਿੰਘ ਨੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਘਰਾਣਿਆਂ ਦੇ ਸਪੁਰਦ ਕਰ ਕੇ ਉਨ੍ਹਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਬਠਿੰਡਾ ਅਤੇ ਰੋਪੜ ਦੇ ਬੰਦ ਕੀਤੇ ਜਾ ਰਹੇ ਸਰਕਾਰੀ ਥਰਮਲ ਪਲਾਂਟਾਂ ਦੇ ਫੈਸਲੇ ਨੂੰ ਮਿਹਨਤਕਸ਼ ਲੋਕਾਂ ਲਈ ਮੰਦਭਾਗਾ ਦੱਸਿਆ। ਬੁਲਾਰਿਆਂ ਨੇ ਕਿਹਾ ਕਿ ਅਜਿਹਾ ਹੋਣ ਨਾਲ ਜਿਥੇ ਇਲਾਕਾ ਵਾਸੀਆਂ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ, ਉਥੇ ਹੀ ਪਿਛਲੇ 20-25 ਸਾਲਾਂ ਤੋਂ ਕੰਮ ਕਰਦੇ ਕੱਚੇ ਕਾਮਿਆਂ ਦਾ ਰੋਜ਼ਗਾਰ ਵੀ ਖੋਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਫੈਸਲੇ ਖਿਲਾਫ ਥਰਮਲ ਕੰਟਰੈਕਟ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਪੰਜਾਬ ਵੱਲੋਂ ਇਨਸਾਫ ਪਸੰਦ ਜਥੇਬੰਦੀਆਂ ਦੇ ਸਹਿਯੋਗ ਨਾਲ 1 ਜਨਵਰੀ ਤੋਂ ਬਠਿੰਡਾ ਦੇ ਡੀ. ਸੀ. ਦਫਤਰ ਸਾਹਮਣੇ ਪੱਕਾ ਮੋਰਚਾ ਲਾਇਆ ਹੋਇਆ ਹੈ, ਜਿਸ ਨੂੰ ਹੋਰ ਵੀ ਵਿਸ਼ਾਲ ਕਰਨ ਲਈ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।


Related News