ਗੌਰਮਿੰਟ ਟੀਚਰ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ

Monday, Jun 19, 2017 - 01:08 AM (IST)

ਗੌਰਮਿੰਟ ਟੀਚਰ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ

ਦੀਨਾਗਰ/ਗੁਰਦਾਸਪੁਰ,   (ਕਪੂਰ,ਦੀਪਕ)-  ਅੱਜ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦੀਨਾਨਗਰ ਵਿਖੇ ਸਿੱਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਦੀ ਕੋਠੀ ਮੂਹਰੇ ਧਰਨਾ ਲਾ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਗੌਰਮਿੰਟ ਟੀਚਰ ਯੂਨੀਅਨ ਦੇ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਯੂਨੀਅਨ ਵੱਲੋਂ ਸਕੂਲੀ ਸਿੱਖਿਆ ਅਤੇ ਅਧਿਆਪਕ ਮਸਲਿਆਂ ਸਬੰਧੀ ਜ਼ਿਲਾ ਸਿੱਖਿਆ ਅਫ਼ਸਰਾਂ ਰਾਹੀਂ ਸਿੱਖਿਆ ਮੰਤਰੀ ਨੂੰ ਮੰਗ-ਪੱਤਰ ਭੇਜੇ ਗਏ ਸਨ ਪਰ ਉਨ੍ਹਾਂ ਨੇ ਇਸ ਦਾ ਕੋਈ ਨੋਟਿਸ ਨਹੀਂ ਲਿਆ, ਜਿਸ ਦੇ ਵਿਰੋਧ ਵਿਚ ਯੂਨੀਅਨ ਵੱਲੋਂ ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ ਗਿਆ ਹੈ। 
ਅਧਿਆਪਕ ਆਗੂਆਂ ਨੇ ਦੋਸ਼ ਲਾਇਆ ਕਿ ਸਿੱਖਿਆ ਮੰਤਰੀ ਨੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀ ਭਰਤੀ ਕਰ ਕੇ ਸਕੂਲਾਂ 'ਚ ਦਹਾਕਿਆਂ ਤੋਂ ਖ਼ਾਲੀ ਪਈਆਂ ਪੋਸਟਾਂ 'ਤੇ ਨਿਯੁਕਤੀ ਕਰਨ ਦੀ ਬਜਾਏ ਪਹਿਲਾਂ ਤੋਂ ਕੰਮ ਕਰਦੇ ਅਧਿਆਪਕਾਂ ਨੂੰ ਇੱਧਰ-ਉੱਧਰ ਕਰ ਕੇ ਕੰਮ ਚਲਾਉਣ ਨੂੰ ਤਰਜ਼ੀਹ ਦਿੱਤੀ ਹੈ, ਜੋ ਅਧਿਆਪਕ ਵਿਰੋਧੀ ਫ਼ੈਸਲਾ ਹੈ ਅਤੇ ਉਹ ਇਸ ਦੀ ਸਖ਼ਤ ਨਿਖੇਧੀ ਕਰਦੇ ਹਨ। ਇਸੇ ਤਰ੍ਹਾਂ 2015 ਵਿਚ ਤਿੰਨ ਸਾਲ ਲਈ ਰੈਸ਼ਨੇਲਾਈਜ਼ੇਸ਼ਨ ਕੀਤੀ ਗਈ ਸੀ ਪਰ 3 ਸਾਲ ਦੀ ਬਜਾਏ ਹੁਣ ਦੋ ਸਾਲ ਬਾਅਦ ਹੀ ਰੈਸ਼ਨੇਲਾਈਜ਼ੇਸ਼ਨ ਕਰਨਾ 2015 ਦੀ ਪਾਲਿਸੀ ਦੇ ਵਿਰੁੱਧ ਹੈ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮੰਗ-ਪੱਤਰਾਂ ਰਾਹੀਂ ਸਿੱਖਿਆ ਮੰਤਰੀ ਨੂੰ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ ਹੈ ਪਰ ਉਨ੍ਹਾਂ ਵੱਲੋਂ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਚੁੱਪੀ ਸਾਧੀ ਹੋਈ ਹੈ, ਜੋ ਸਮਝ ਤੋਂ ਪਰੇ ਹੈ। ਇਸ ਦੌਰਾਨ ਅਧਿਆਪਕ ਪੁਲਸ ਰੋਕਾਂ ਨੂੰ ਤੋੜਦੇ ਹੋਏ ਸਿੱਖਿਆ ਮੰਤਰੀ ਦੀ ਕੋਠੀ ਕੋਲ ਪਹੁੰਚੇ ਅਤੇ ਕਰੀਬ ਅੱਧਾ ਘੰਟਾ ਕੋਠੀ ਦਾ ਘਿਰਾਓ ਕਰ ਕੇ ਧਰਨਾ ਦਿੱਤਾ। 
ਕਿਵੇਂ ਹੋਇਆ ਧਰਨਾ ਸਮਾਪਤ
ਮੌਕੇ 'ਤੇ ਪੁੱਜੇ ਨਾਇਬ ਤਹਿਸੀਲਦਾਰ ਪ੍ਰੇਮ ਕੁਮਾਰ ਵੱਲੋਂ ਸਿੱਖਿਆ ਮੰਤਰੀ ਨਾਲ ਫ਼ੋਨ 'ਤੇ ਗੱਲ ਕਰ ਕੇ ਅਧਿਆਪਕਾਂ ਨੂੰ ਤਮਾਮ ਮਸਲਿਆਂ 'ਤੇ ਵਿਚਾਰ ਕਰਨ ਲਈ 5 ਜੁਲਾਈ ਨੂੰ ਮੀਟਿੰਗ ਕਰਵਾਉਣ ਦਾ ਸਮਾਂ ਦਿਵਾਇਆ ਗਿਆ, ਜਿਸ ਤੋਂ ਬਾਅਦ ਧਰਨਾ ਸਮਾਪਤ ਹੋਇਆ। 
ਕੌਣ-ਕੌਣ ਸਨ ਧਰਨੇ ਵਿਚ ਸ਼ਾਮਲ
ਇਸ ਮੌਕੇ ਧਰਨੇ 'ਚ ਸੂਬਾ ਜੁਆਇੰਟ ਸਕੱਤਰ ਕੁਲਦੀਪ ਪੂਰੇਵਾਲ, ਮੰਗਲ ਟਾਂਡਾ, ਬਖਸ਼ੀਸ਼ ਸਿੰਘ ਜਵੰਦਾ, ਹਰਜੀਤ ਸਿੰਘ ਗਲਵੱਟੀ, ਨਰਿੰਦਰ ਮਾਖਾ, ਜਗਦੀਪ ਸਿੰਘ ਜੌਹਲ, ਸੁਰਿੰਦਰ ਸਿੰਘ ਔਜਲਾ, ਸਰਬਜੀਤ ਸਿੰਘ ਬਰਾੜ, ਸੁਰਿੰਦਰ ਕੁਮਾਰ ਅਤੇ ਕੇਵਲ ਸਿੰਘ, ਕੁਲਵਿੰਦਰ ਸਿੰਘ ਮੁਕਤਸਰ, ਰਣਜੀਤ ਸਿੰਘ ਮਾਨ, ਗੁਰਬਿੰਦਰ ਸਿੰਘ, ਪਿੰ੍ਰਸੀਪਲ ਅਮਨਦੀਪ ਸ਼ਰਮਾ, ਬਲਵਿੰਦਰ ਭੁੱਟੋ, ਕਰਨੈਲ ਫਿਲੌਰ, ਭਗਵੰਤ ਭਟੇਜਾ, ਹਰਮੀਤ ਸਿੰਘ ਬਰਾੜ, ਸੱਤਪਾਲ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਅਧਿਆਪਕ ਪਹੁੰਚੇ ਹੋਏ ਸਨ।


Related News