ਖਾਦ ਦੇ ਨਾਲ ਦਵਾਈਆਂ ਮੜ੍ਹਣ ਵਾਲੇ ਵਿਕਰੇਤਾਵਾਂ ਤੇ ਕਾਰਵਾਈ ਕਰੇ ਸਰਕਾਰ: ਕਲੀਪੁਰ

Friday, Oct 31, 2025 - 02:16 AM (IST)

ਖਾਦ ਦੇ ਨਾਲ ਦਵਾਈਆਂ ਮੜ੍ਹਣ ਵਾਲੇ ਵਿਕਰੇਤਾਵਾਂ ਤੇ ਕਾਰਵਾਈ ਕਰੇ ਸਰਕਾਰ: ਕਲੀਪੁਰ

ਬੁਢਲਾਡਾ (ਮਨਜੀਤ) - ਕੋਆਪਰੇਟਿਵ ਬੈਂਕ ਜ਼ਿਲ੍ਹਾ ਮਾਨਸਾ ਦੇ ਚੇਅਰਮੈਨ ਸੋਹਣਾ ਸਿੰਘ ਕਲੀਪੁਰ ਨੇ ਕਿਹਾ ਕਿ ਹੜ੍ਹਾਂ ਅਤੇ ਕੁਦਰਤੀ ਆਫਤ ਨਾਲ ਪੰਜਾਬ ਦੇ ਅੰਨਦਾਤੇ ਦਾ ਬਹੁਤ ਨੁਕਸਾਨ ਹੋਇਆ ਹੈ। ਜਿਸ ਦੀ ਭਰਪਾਈ ਹੋਣੀ ਔਖੀ ਹੈ। ਵੱਡੀ ਗਿਣਤੀ ਵਿੱਚ ਕਿਸਾਨ ਦਾ ਨੁਕਸਾਨ ਹੋਣ ਨਾਲ ਉਸ ਦਾ ਲੱਕ ਟੁੱਟ ਗਿਆ ਹੈ। ਇਸ ਲਈ ਕੇਂਦਰ ਸਰਕਾਰ ਨੂੰ ਪੰਜਾਬ ਦੀਆਂ ਕੁਦਰਤੀ ਆਫਤਾਂ ਨਾਲ ਨਜਿੱਠਣ ਵਾਸਤੇ ਹੋਰ ਮੁਆਵਜ਼ਾ, ਰਿਆਇਤਾਂ ਅਤੇ ਸਹਾਇਤਾਂ ਘੋਸ਼ਣਾਵਾਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਕਿਸਾਨ ਆਰਥਿਕ ਤੌਰ ਤੇ ਥੌੜ੍ਹਾ ਲੀਹ ਤੇ ਆ ਸਕੇ। 

ਕਲੀਪੁਰ ਨੇ ਕਿਹਾ ਕਿ ਕਿਸਾਨਾਂ ਨੂੰ ਡੀ.ਏ.ਪੀ ਖਾਦ ਅਤੇ ਹੋਰ ਵਸਤਾਂ ਵੀ ਪੂਰੀ ਤਰ੍ਹਾਂ ਮੁਹੱਈਆ ਹੋਣੀਆਂ ਚਾਹੀਦੀਆਂ ਹਨ। ਜਿਹੜੇ ਡੀਲਰ ਜਾਂ ਖਾਦ ਵਿਕਰੇਤਾ ਆਦਿ ਕਿਸਾਨਾਂ ਨੂੰ ਖਾਦ ਦੇ ਨਾਲ ਦਵਾਈਆਂ ਮੜ੍ਹ ਰਹੇ ਹਨ। ਉਨ੍ਹਾਂ ਤੇ ਰੋਕ ਲਗਾ ਕੇ ਕਾਰਵਾਈ ਕੀਤੀ ਜਾਵੇ। ਕਿਸਾਨ ਨੂੰ ਖਾਦ ਦੇ ਨਾਲ ਦਵਾਈਆਂ ਲੈਣ ਲਈ ਮਜ਼ਬੂਰ ਨਾ ਹੋਣਾ ਪਵੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਿਸਾਨ ਪਹਿਲਾਂ ਤੋਂ ਹੀ ਝੰਬਿਆ ਪਿਆ ਹੈ। ਉਸ ਨੂੰ ਹੋਰ ਪ੍ਰੇਸ਼ਾਨ ਅਤੇ ਕਮਜ਼ੋਰ ਨਾ ਕੀਤਾ ਜਾਵੇ। 

ਉਨ੍ਹਾਂ ਕਿਹਾ ਕਿ ਇਸ ਵਾਸਤੇ ਨਿਗਰਾਨੀ ਲਈ ਟੀਮਾਂ ਬਣਾ ਕੇ ਪੁਲਸ ਦੀਆਂ ਡਿਊਟੀਆਂ ਲਗਾਈਆਂ ਜਾਣ। ਜੇਕਰ ਕੋਈ ਵਿਕਰੇਤਾ ਆਦਿ ਖਾਦ ਦੇ ਨਾਲ ਕਿਸਾਨਾਂ ਨੂੰ ਦਵਾਈ ਲੈਣ ਦੀ ਸ਼ਰਤ ਲਗਾਉਂਦਾ ਹੈ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹੀ ਦੇਰ ਇਹ ਯਕੀਨੀ ਨਹੀਂ ਬਣਾਇਆ ਜਾਂਦਾ। ਕਿਸਾਨ ਦੀ ਲੁੱਟ ਜਾਰੀ ਰਹੇਗੀ। ਇਸ ਨੂੰ ਰੋਕਣ ਵਾਸਤੇ ਸਰਕਾਰ ਨੂੰ ਸਖਤੀ ਕਰਨ ਦੀ ਲੋੜ ਹੈ। 

ਕਲੀਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ, ਮਸਲਿਆਂ ਅਤੇ ਸਮੱਸਿਆਵਾਂ ਪ੍ਰਤੀ ਵਚਨਬੱਧ ਹੈ ਅਤੇ ਭਗਵੰਤ ਮਾਨ ਸਰਕਾਰ ਨੇ ਕੇਂਦਰ ਤੋਂ ਹੜ੍ਹਾਂ ਵਿੱਚ ਕਿਸਾਨਾਂ ਦੇ ਹੋਏ ਨੁਕਸਾਨ ਵਾਸਤੇ ਹੋਰ ਮੁਆਵਜ਼ੇ ਦੀ ਮੰਗ ਕੀਤੀ ਹੈ ਕਿਉਂਕਿ ਪਹਿਲਾਂ ਘੋਸ਼ਿਤ ਕੀਤਾ ਮੁਆਵਜ਼ਾ ਨੁਕਸਾਨ ਦੇ ਮੁਕਾਬਲੇ ਬਹੁਤ ਘੱਟ ਹੈ। ਜਿਸ ਵਿੱਚ ਹੋਰ ਵਾਧਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਪੰਜਾਬ ਪ੍ਰਤੀ ਹੋਰ ਨਰਮ ਹੋਵੇ ਅਤੇ ਪੰਜਾਬ ਦੇ ਨੁਕਸਾਨ ਨੂੰ ਦੇਖਦੇ ਹੋਏ ਉਸ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਮੁਆਵਜ਼ੇ ਦੀ ਰਾਸ਼ੀ ਵਧਾਵੇ।


author

Inder Prajapati

Content Editor

Related News