ਚੰਗੀ ਖ਼ਬਰ : ਹੁਣ ਕਲਾਸ ’ਚ ਫਰੂਟ ਤੇ ਪਨੀਰ ਦਾ ਸਵਾਦ ਚੱਖਣਗੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ
Wednesday, Apr 27, 2022 - 11:30 AM (IST)
ਲੁਧਿਆਣਾ (ਵਿੱਕੀ) : ਲੁਧਿਆਣਾ ਦਾ ਹਲਕਾ ਸੈਂਟਰਲ ਸੂਬੇ ਦਾ ਪਹਿਲਾ ਇਸ ਤਰ੍ਹਾਂ ਦਾ ਹਲਕਾ ਹੋਵੇਗਾ, ਜਿੱਥੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਹੁਣ ਸਕੂਲ ਸਮੇਂ ਦੌਰਾਨ ਖਾਣ ਲਈ ਫਲ ਅਤੇ ਪਨੀਰ ਵੀ ਮਿਲੇਗਾ। ਇਹ ਪਹਿਲ ਸਰਕਾਰ ਨੇ ਨਹੀਂ ਸਗੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਸਰਕਾਰੀ ਸਕੂਲਾਂ ’ਚ ਪੜ੍ਹਨ ਵਾਲੇ ਬੱਚਿਆਂ ਦੀ ਸਿਹਤ ਦੇ ਮੱਦੇਨਜ਼ਰ ਆਪਣੇ ਦੋਸਤਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਹੈ। ਇਸ ਲੜੀ ਤਹਿਤ ਬੱਚਿਆਂ ਨੂੰ ਰੋਟੀ-ਸਬਜ਼ੀ ਦੇ ਨਾਲ ਹੋਰ ਵਿਟਾਮਿਨ ਅਤੇ ਦੂਜੇ ਪੌਸ਼ਟਿਕ ਤੱਤਾਂ ਦੀ ਲੋੜ ਨੂੰ ਸਮਝਦੇ ਹੋਏ ਪੱਪੀ ਨੇ ਹਲਕੇ ਦੇ ਸਰਕਾਰੀ ਸਕੂਲਾਂ ਵਿਚ ਹਰ ਰੋਜ਼ ਫਰੂਟ ਅਤੇ ਪਨੀਰ ਉਪਲੱਬਧ ਕਰਵਾਉਣਾ ਸ਼ੁਰੂ ਵੀ ਕਰ ਦਿੱਤਾ ਹੈ। ਯੋਜਨਾ ਦੀ ਸ਼ੁਰੂਆਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਡਵੀਜ਼ਨ ਨੰਬਰ-3 ਵਿਚ ਵਿਧਾਇਕ ਪੱਪੀ ਨੇ ਖ਼ੁਦ ਪੁੱਜ ਕੇ ਕਰਵਾਈ, ਜਿੱਥੇ ਬੱਚਿਆਂ ਨੂੰ ਮਿਡ-ਡੇਅ ਮੀਲ ਦੇ ਨਾਲ ਸੇਬ ਅਤੇ ਕੇਲੇ ਵੀ ਖਾਣ ਲਈ ਵੰਡੇ ਗਏ। ਜ਼ਿਕਰਯੋਗ ਹੈ ਕਿ ਹਲਕੇ ਦੇ 17 ਸਕੂਲਾਂ ’ਚ ਕੁਲ 4000 ਬੱਚੇ ਪੜ੍ਹਦੇ ਹਨ।
ਇਹ ਵੀ ਪੜ੍ਹੋ : ਕਲਯੁਗੀ ਚਾਚੇ ਦੀ ਸ਼ਰਮਨਾਕ ਹਰਕਤ, ਘਰ 'ਚ ਇਕੱਲਾ ਦੇਖ ਸਕੇ ਭਤੀਜੇ ਨਾਲ ਕੀਤੀ ਬਦਫ਼ੈਲੀ
ਬੱਚਿਆਂ ਨਾਲ ਬੈਠ ਕੇ ਖਾਧਾ ਖਾਣਾ
ਪੱਪੀ ਦੀ ਸਾਦਗੀ ਦੇਖ ਸਕੂਲ ਦੇ ਅਧਿਆਪਕ ਉਸ ਸਮੇਂ ਪ੍ਰਭਾਵਿਤ ਹੋਏ, ਜਦੋਂ ਉਨ੍ਹਾਂ ਨੇ ਮਿਡ-ਡੇਅ ਮੀਲ ਦੀ ਗੁਣਵੱਤਾ ਚੈੱਕ ਕਰਨ ਲਈ ਖ਼ੁਦ ਬਰਤਨਾਂ ਵਿਚ ਰੱਖੀ ਇਕ ਥਾਲੀ ਚੁੱਕ ਕੇ ਖਾਣਾ ਪਕਾ ਰਹੀ ਕੁੱਕ ਤੋਂ ਦਾਲ-ਚੌਲ ਲੈ ਕੇ ਕਲਾਸ ਵਿਚ ਬੱਚਿਆਂ ਦੇ ਵਿਚਕਾਰ ਡੈਸਕ ’ਤੇ ਬੈਠ ਕੇ ਖਾਣਾ ਖਾਧਾ। ਉਨ੍ਹਾਂ ਨੇ ਮਿਡ-ਡੇਅ ਮੀਲ ਖਾ ਰਹੇ ਬੱਚਿਆਂ ਤੋਂ ਉਨ੍ਹਾਂ ਦੀਆਂ ਪਰੇਸ਼ਾਨੀਆਂ ਅਤੇ ਪੜ੍ਹਾਈ ਬਾਰੇ ਵੀ ਗੱਲ ਕੀਤੀ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਬੁੜੈਲ ਜੇਲ੍ਹ ਕੋਲ ਮਿਲੇ ਟਿਫ਼ਿਨ ਬੰਬ ਮਾਮਲੇ 'ਚ ਅਹਿਮ ਖ਼ੁਲਾਸਾ, ਵਾਪਰ ਸਕਦੀ ਸੀ ਵੱਡੀ ਵਾਰਦਾਤ
ਦੋਸਤਾਂ ਨਾਲ ਸ਼ੇਅਰ ਕੀਤੀ ਮਨ ਦੀ ਗੱਲ ਤਾਂ ਸ਼ੁਰੂ ਹੋ ਗਈ ਯੋਜਨਾ
ਵਿਧਾਇਕ ਪੱਪੀ ਨੇ ਦੱਸਿਆ ਕਿ ਪਿਛਲੇ ਦਿਨੀਂ ਸਰਕਾਰੀ ਸਕੂਲਾਂ ਦੀ ਵਿਜ਼ਿਟ ਕੀਤੀ ਸੀ ਤਾਂ ਦੇਖਿਆ ਕਿ ਬੱਚਿਆਂ ਨੂੰ ਮਿਡ-ਡੇਅ ਮੀਲ ’ਚ ਸਿਰਫ ਰੋਟੀ ਅਤੇ ਸਬਜ਼ੀ ਹੀ ਮਿਲਦੀ ਹੈ। ਇਸ ਉਮਰ ਵਿਚ ਬੱਚਿਆਂ ਦੀ ਸਿਹਤ ਲਈ ਵਿਟਾਮਿਨ ਵੀ ਜ਼ਰੂਰੀ ਹੈ। ਇਸ ਦੇ ਲਈ ਉਨ੍ਹਾਂ ਨੇ ਆਪਣੇ ਦੋਸਤ ਹੋਟਲ ਕਾਰੋਬਾਰੀ ਆਦੇਸ਼ ਬਜਾਜ ਅਤੇ ਹੋਰ ਸਾਥੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਲਈ ਹਰ ਰੋਜ਼ ਫਰੂਟ ਅਤੇ ਪਨੀਰ ਵੰਡਣ ਲਈ ਆਪਣੀ ਸਹਿਮਤੀ ਦਿੱਤੀ, ਜੋ ਅੱਜ ਤੋਂ ਸ਼ੁਰੂ ਕਰ ਦਿੱਤਾ ਗਿਆ। ਪੱਪੀ ਨੇ ਦੱਸਿਆ ਕਿ ਹਰ ਦਿਨ ਹਲਕੇ ਦੇ ਇਕ ਸਕੂਲ ਵਿਚ ਵਿਦਿਆਰਥੀਆਂ ਨੂੰ ਇਕ ਦਿਨ ਮੌਸਮੀ ਫਰੂਟ ਅਤੇ ਅਗਲੇ ਦਿਨ ਪਨੀਰ ਖਾਣ ਲਈ ਦਿੱਤਾ ਜਾਵੇਗਾ।
ਆਧੁਨਿਕ ਬਣਨਗੇ ਸਾਰੇ ਸਰਕਾਰੀ ਸਕੂਲਾਂ ਦੇ ਬਾਥਰੂਮ
ਵਿਧਾਇਕ ਪੱਪੀ ਨੇ ਕਿਹਾ ਕਿ ਹਲਕੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਖ਼ਸਤਾ ਹਾਲਤ ਬਾਥਰੂਮ ਵੀ ਆਧੁਨਿਕ ਢੰਗ ਨਾਲ ਤਿਆਰ ਕਰਵਾਉਣ ਦਾ ਕੰਮ ਵੀ ਉਨ੍ਹਾਂ ਨੇ ਨਿੱਜੀ ਖ਼ਰਚੇ ਅਤੇ ਦੋਸਤਾਂ ਦੇ ਸਹਿਯੋਗ ਨਾਲ ਸ਼ੁਰੂ ਕਰ ਦਿੱਤਾ ਹੈ। ਸਕੂਲਾਂ ਦੇ ਬਾਥਰੂਮ ਵਧੀਆ ਸੁਵਿਧਾਵਾਂ ਨਾਲ ਲੈਸ ਹੋਣਗੇ। ਉਨ੍ਹਾਂ ਨੇ ਅਧਿਆਪਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਕੂਲਾਂ ਨੂੰ ਹਾਈਟੈੱਕ ਕਰਨ ਦੇ ਲਈ ਉਹ ਕੋਈ ਕਸਰ ਨਹੀਂ ਛੱਡਣਗੇ ਪਰ ਅਧਿਆਪਕ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਸੁਵਿਧਾਵਾਂ ’ਚ ਕੋਈ ਕਮੀ ਨਾ ਰਹਿਣ ਦੇਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ