ਸਰਕਾਰੀ ਸਕੂਲਾਂ ਦੀਆਂ ਮਾਪੇ-ਅਧਿਆਪਕ ਮਿਲਣੀਆਂ 26 ਤੋਂ
Monday, Nov 23, 2020 - 06:18 PM (IST)
ਲੁਧਿਆਣਾ (ਵਿੱਕੀ) : ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਮਿਆਰੀ ਸਿੱਖਿਆ ਬਾਰੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਾਣਕਾਰੀ ਦੇਣ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ 26 ਤੋਂ 28 ਨਵੰਬਰ ਤੱਕ ਮਾਪੇ-ਅਧਿਆਪਕ ਮਿਲਣੀ ਆਯੋਜਿਤ ਕੀਤੀ ਜਾਵੇਗੀ। ਪੰਜਾਬ ਦੇ ਲਗਭਗ 19 ਹਜ਼ਾਰ ਸਰਕਾਰੀ ਪ੍ਰਾਇਮਰੀ, ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨਾਲ ਕੀਤੀ ਜਾਣ ਵਾਲੀ ਉਕਤ ਮਿਲਣੀ ਸਬੰਧੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ ਜਿਸ ਦੇ ਮੁਲਾਂਕਣ ਲਈ 11 ਨਵੰਬਰ ਤੋਂ ਪੰਜਾਬ ਪ੍ਰਾਪਤੀ ਸਰਵੇਖਣ ਸ਼ੁਰੂ ਕੀਤਾ ਗਿਆ ਸੀ। ਜਿਸ ਵਿਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਹੈ।
ਉਨ੍ਹਾਂ ਕਿਹਾ ਕਿ ਇਸ ਸਰਵੇਖਣ ਦੇ ਨਤੀਜਿਆਂ ਦਾ ਮੁਲਾਂਕਣ ਕਰਕੇ ਬੱਚਿਆਂ ਦੇ ਮਾਪਿਆਂ ਨਾਲ ਇਨ੍ਹਾਂ ਮਾਪੇ-ਅਧਿਆਪਕ ਮਿਲਣੀਆਂ ਦੌਰਾਨ ਸਾਂਝਾ ਕੀਤਾ ਜਾਵੇ। ਇਸ ਦੇ ਨਾਲ ਹੀ ਮਿਸ਼ਨ ਸ਼ਤ-ਪ੍ਰਤੀਸ਼ਤ-2021, ਸਕੂਲਾਂ ਵਿਚ ਬਣੇ ਇੰਗਲਿਸ਼ ਬੂਸਟਰ ਕਲੱਬਾਂ ਵਿਚ ਬੱਚਿਆਂ ਦੀ ਮੈਂਬਰਸ਼ਿਪ, ਇਮਤਿਹਾਨਾਂ ਦੀ ਤਿਆਰੀ ਲਈ ਅਗਵਾਈ, ਆਨ-ਲਾਈਨ ਸਿੱਖਿਆ ਜਿਵੇਂ ਕਿ ਟੈਲੀਵਿਜ਼ਨ, ਪੰਜਾਬ ਐਜੂਕੇਅਰ ਐਪ, ਰੇਡੀਓ ਕਲਾਸਰੂਮ ਅਤੇ ਹੋਰ ਸੋਸ਼ਲ ਮੀਡੀਆ ਪੋਰਟਲਾਂ ਰਾਹੀਂ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਜਾਣੀ ਹੈ। ਨਾਲ ਹੀ ਕੋਵਿਡ-19 ਦੇ ਸੰਕ੍ਰਮਣ ਦੇ ਬਚਾਅ ਸਬੰਧੀ ਵੀ ਮਾਪਿਆਂ ਨੂੰ ਇਨ੍ਹਾਂ ਮਿਲਣੀਆਂ ਦੌਰਾਨ ਅਧਿਆਪਕ ਜਾਗਰੂਕ ਕਰਨਗੇ।