ਹੁਣ ਸਾਬਕਾ ਫੌਜੀ ਦੇਣਗੇ ਆਮ ਲੋਕਾਂ ਨੂੰ ਸਰਕਾਰੀ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ : ਸ਼ੇਰਗਿੱਲ
Thursday, Nov 23, 2017 - 10:55 AM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਹੁਣ ਪ੍ਰਦੇਸ਼ ਵਿਚ ਸਾਬਕਾ ਫੌਜੀ ਗਾਰਡੀਅਨਸ ਆਫ਼ ਗਵਰਨੈਂਸ ਦੀ ਭੂਮਿਕਾ ਨਿਭਾਉਣਗੇ। ਉਨ੍ਹਾਂ ਵੱਲੋਂ ਸਰਕਾਰ ਦੀਆਂ 18 ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਜ਼ਿਲਾ ਬਰਨਾਲਾ ਦੇ 33 ਪਿੰਡਾਂ ਵਿਚ ਇਨ੍ਹਾਂ 33 ਰਖਵਾਲਿਆਂ ਦੀ ਜੋ ਕਿ ਸਾਬਕਾ ਫੌਜੀ ਹਨ, ਦੀ ਨਿਯੁਕਤੀ ਕੀਤੀ ਗਈ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ 'ਚ ਜਾਣਕਾਰੀ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਲੈਫਟੀਨੈਂਟ ਜਰਨਲ ਟੀ. ਐੱਸ. ਸ਼ੇਰਗਿੱਲ ਨੇ ਕਿਹਾ ਕਿ ਗਾਰਡੀਅਨਸ ਆਫ ਗਵਰਨੈਂਸ ਪ੍ਰਾਜੈਕਟ ਨੂੰ 5 ਜ਼ਿਲਿਆਂ ਵਿਚ ਲਾਗੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਰਨਾਲਾ ਜ਼ਿਲੇ ਵਿਚ 63 ਐਕਸ ਸਰਵਿਸ ਮੈਨਸ ਨੂੰ ਨਿਯੁਕਤ ਕੀਤਾ ਗਿਆ ਹੈ ਅਤੇ 63 ਹੋਰ ਗਾਰਡੀਅਨਸ ਆਫ ਗਵਰਨੈਂਸ ਹਰ ਪਿੰਡ ਵਿਚ ਲਾਏ ਜਾਣਗੇ। ਸ਼ੇਰਗਿੱਲ ਨੇ ਕਿਹਾ ਕਿ ਇਸ ਤਹਿਤ ਜਿੱਥੇ ਪ੍ਰਸ਼ਾਸਨਿਕ ਵਿਵਸਥਾ ਵਿਚ ਪਾਰਦਰਸ਼ਤਾ ਆਵੇਗੀ ਉਥੇ ਸੂਬੇ ਵਿਚ ਵਿਕਾਸ ਨੂੰ ਵੀ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਨੇ ਸਾਬਕਾ ਫੌਜੀਆਂ ਦੀਆਂ ਸੇਵਾਵਾਂ ਦੀ ਵਰਤੋਂ ਇਕ ਨਿਗਰਾਨ ਦੇ ਤੌਰ 'ਤੇ ਕੀਤੀ ਹੋਵੇ ਅਤੇ ਸਾਫ਼ ਸੁਥਰੇ ਪ੍ਰਸ਼ਾਸਨ ਲਈ ਸਾਬਕਾ ਫੌਜੀਆਂ ਨੂੰ ਅਜਿਹੀ ਅਹਿਮ ਜ਼ਿੰਮੇਵਾਰੀ ਸੌਂਪੀ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਉਸ ਦੀਆਂ ਕਮੀਆਂ ਸਮੇਤ ਹੇਠਲੇ ਪੱਧਰ ਦੀ ਨਿਰਪੱਖ ਫੀਡਬੈੱਕ ਦਿੱਤੀ ਜਾਵੇ ਤਾਂ ਜੋ ਸਰਕਾਰੀ ਵਿਵਸਥਾ ਵਿਚ ਹੋਰ ਸੁਧਾਰ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਥੋਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫੀਡਬੈੱਕ ਲਈ ਲਾਗੂ ਕੀਤੀ ਗਈ ਇਹ ਵਿਵਸਥਾ ਬਹੁਤ ਮਹੱਤਵਪੂਰਨ ਹੈ, ਜਿਸ ਨਾਲ ਚੰਗਾ ਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਵਿਚ ਮਦਦ ਮਿਲੇਗੀ । ਉਨ੍ਹਾਂ ਯਕੀਨ ਦੁਆਇਆ ਕਿ ਜ਼ਿਲਾ ਬਰਨਾਲਾ ਵਿਚ ਪ੍ਰਸ਼ਾਸਨ ਵੱਲੋਂ ਵਿਕਾਸ ਕੰਮਾਂ ਅਤੇ ਲੋਕ ਭਲਾਈ ਯੋਜਨਾਵਾਂ ਨੂੰ ਸਹੀ ਅਰਥਾਂ ਵਿਚ ਲਾਗੂ ਕੀਤਾ ਜਾਵੇਗਾ । ਮੀਟਿੰਗ ਵਿਚ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ, ਐੱਸ. ਐੱਸ. ਪੀ. ਹਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਅਰਵਿੰਦਪਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪ੍ਰਵੀਨ ਕੁਮਾਰ, ਐੱਸ. ਡੀ. ਐੱਮ. ਬਰਨਾਲਾ ਸੰਦੀਪ ਕੁਮਾਰ, ਸਹਾਇਕ ਕਮਿਸ਼ਨਰ (ਜ) ਮਨਕੰਵਲ ਸਿੰਘ ਚਹਿਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਹਿਮਾਂਸ਼ੂ ਗੁਪਤਾ, ਰਿਟਾ. ਮੇਜਰ ਜਰਨਲ ਐੱਸ. ਪੀ. ਗਰੇਵਾਲ, ਕਰਨਲ ਲਾਭ ਸਿੰਘ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸੰਜੀਵ ਕੁਮਾਰ ਸ਼ਰਮਾ ਹਾਜ਼ਰ ਸਨ।