ਮਾਮਲਾ 800 ਸਕੂਲਾਂ ਨੂੰ ਬੰਦ ਕਰਨ ਦਾ, ਅਧਿਆਪਕ ਦਲ ਅੱਜ ਸੌਂਪੇਗਾ ਡੀ. ਈ. ਓ. ਨੂੰ ਮੰਗ-ਪੱਤਰ

10/23/2017 12:17:55 PM

ਕਪੂਰਥਲਾ(ਮੱਲ੍ਹੀ)— ਪੰਜਾਬ ਸਰਕਾਰ ਵੱਲੋਂ 20 ਤੋਂ ਘੱਟ ਵਿਦਿਆਰਥੀਆਂ ਵਾਲੇ ਪ੍ਰਾਇਮਰੀ ਸਕੂਲ, ਜਿਨ੍ਹਾਂ ਦੀ ਗਿਣਤੀ 800 ਹੈ, ਨੂੰ ਨੇੜਲੇ ਸਕੂਲਾਂ 'ਚ ਮਰਜ ਕਰਨ ਦੇ ਨਾਂ 'ਤੇ ਜਿਉਂ ਹੀ ਐਲਾਨ ਕੀਤਾ ਤਾਂ, ਉਸੇ ਸਮੇਂ ਤੋਂ ਹੀ ਵੱਖ-ਵੱਖ ਅਧਿਆਪਕ ਜਥੇਬੰਦੀਆਂ, ਐੱਸ. ਐੱਮ. ਸੀ. ਕਮੇਟੀਆਂ ਅਤੇ ਪੰਚਾਇਤਾਂ ਦੇ ਵਿਰੋਧੀ ਸੁਰ ਤਿੱਖੇ ਹੋ ਗਏ। ਅਧਿਆਪਕ ਜਥੇਬੰਦੀਆਂ ਨੇ ਇਕ ਮੰਚ 'ਤੇ ਇਕੱਠੇ ਹੋ ਕੇ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਅਤੇ  23 ਅਕਤੂਬਰ ਨੂੰ ਬਾਅਦ ਦੁਪਹਿਰ ਅਧਿਆਪਕ ਦਲ ਕਪੂਰਥਲਾ ਵੱਲੋਂ ਦਲ ਦੇ ਸੂਬਾਈ ਆਗੂਆਂ ਦੇ ਹੁਕਮਾਂ ਤਹਿਤ ਡੀ. ਈ. ਓ. (ਐਲੀ.) ਕਪੂਰਥਲਾ ਨੂੰ ਸਕੂਲ ਬੰਦ ਨਾ ਕਰਨ ਲਈ ਮੰਗ ਪੱਤਰ ਸੌਂਪੇਗਾ।
ਦਲ ਦੇ ਜ਼ਿਲਾ ਪ੍ਰਧਾਨ ਸੁਖਦਿਆਲ ਸਿੰਘ ਝੰਡ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਸਰਕਾਰ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਨਸ਼ਿਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ ਪਰ ਤ੍ਰਾਸਦੀ ਇਹ ਹੈ ਕਿ ਹੁਣ ਕੈਪਟਨ ਸਰਕਾਰ ਨੇ ਚੁੱਪ-ਚੁਪੀਤੇ ਇਨ੍ਹਾਂ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ, ਜੋ ਜਨਤਾ ਨਾਲ ਧੋਖਾ ਹੈ, ਜਿਸ ਨੂੰ ਉਹ ਸਹਿਣ ਨਹੀਂ ਕਰਨਗੇ। ਅਧਿਆਪਕ ਦਲ ਆਗੂ ਗੁਰਮੁੱਖ ਸਿੰਘ ਬਾਬਾ, ਭਜਨ ਸਿੰਘ ਮਾਨ, ਰਾਜੇਸ਼ ਜੌਲੀ, ਰਾਕੇਸ਼ ਭਾਸਕਰ, ਹਰਦੇਵ ਸਿੰਘ ਖਾਨੋਵਾਲ, ਰਮੇਸ਼ ਕੁਮਾਰ ਭੇਟਾਂ ਤੇ ਮਨਜਿੰਦਰ ਸਿੰਘ ਧੰਜੂ ਨੇ ਕਿਹਾ ਕਿ ਉਹ ਕਾਂਗਰਸ ਸਰਕਾਰ ਅੱਠ ਸੌ ਸਕੂਲ ਬੰਦ ਕਰਨ ਦਾ ਡਟ ਕੇ ਵਿਰੋਧ ਕਰਨਗੇ, ਕਿਉਂਕਿ ਇਹ ਸਕੂਲ ਬੰਦ ਹੋਣ ਨਾਲ ਭਵਿੱਖ 'ਚ ਘੱਟੋ-ਘੱਟ 1600 ਅਧਿਆਪਕਾਂ ਨੂੰ ਮਿਲਣ ਵਾਲੀ ਨੌਕਰੀ 'ਤੇ ਪੱਕੇ ਤੌਰ 'ਤੇ ਪ੍ਰਸ਼ਨ-ਚਿੰਨ੍ਹ ਲੱਗ ਜਾਵੇਗਾ ਅਤੇ ਸੈਂਕੜੇ ਮਿਡ-ਡੇ-ਮੀਲ ਕੁੱਕ ਮਹਿਲਾਵਾਂ ਬੇਰੋਜ਼ਗਾਰ ਹੋ ਜਾਣਗੀਆਂ।


Related News