ਬਹਾਦਰਪੁਰ ਦੇ ਪ੍ਰਾਇਮਰੀ ਸਕੂਲ ਨੂੰ ਬੰਦ ਹੋਣੋਂ ਬਚਾਉਣ ਲਈ ਪਿੰਡ ਵਾਸੀ ਹੋਏ ਇਕਜੁਟ

Saturday, Nov 04, 2017 - 10:56 AM (IST)

ਬਹਾਦਰਪੁਰ ਦੇ ਪ੍ਰਾਇਮਰੀ ਸਕੂਲ ਨੂੰ ਬੰਦ ਹੋਣੋਂ ਬਚਾਉਣ ਲਈ ਪਿੰਡ ਵਾਸੀ ਹੋਏ ਇਕਜੁਟ

ਘਨੌਲੀ (ਸ਼ਰਮਾ)-ਸਰਕਾਰ ਦੇ ਹੁਕਮਾਂ ਤਹਿਤ ਪਿੰਡ ਬਹਾਦਰਪੁਰ ਜੋ ਵਿਲੱਖਣਤਾ ਕਾਰਨ ਰਾਸ਼ਟਰਪਤੀ ਐਵਾਰਡ ਨਾਲ ਨਿਵਾਜਿਆ ਜਾ ਚੁੱਕਾ ਹੈ, ਦੇ ਸਰਕਾਰੀ ਪ੍ਰਾਇਮਰੀ ਸਕੂਲ 'ਤੇ ਬੰਦ ਹੋਣ ਦੀ ਤਲਵਾਰ ਲਟਕ ਗਈ ਹੈ। ਇਸ ਸਬੰਧ 'ਚ ਪਿੰਡ ਨਿਵਾਸੀ ਸਵਰਨ ਸਿੰਘ ਬੌਬੀ, ਲੰਬੜਦਾਰ ਉਜਾਗਰ ਸਿੰਘ, ਸਰਪੰਚ ਪ੍ਰੇਮ ਸਿੰਘ, ਸਾਬਕਾ ਸਰਪੰਚ ਅਜਮੇਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਤਾਂ ਦੂਰ, ਪਹਿਲਾਂ ਤੋਂ ਚਲ ਰਹੇ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰ ਕੇ ਵਿਦਿਆਰਥੀਆਂ ਨਾਲ ਖਿਲਵਾੜ ਕਰ ਰਹੀ ਹੈ।  
ਉਨ੍ਹਾਂ ਕਿਹਾ ਕਿ ਉਕਤ ਸਕੂਲ ਦੀ ਇਮਾਰਤ ਦਾ ਨਿਰਮਾਣ ਪਿਛਲੇ ਸਾਲ ਹੀ ਕਰਵਾਇਆ ਸੀ ਅਤੇ ਪਿੰਡ ਵਾਸੀਆਂ ਨੇ ਇਸ ਨੂੰ ਸਮਾਰਟ ਸਕੂਲ ਬਣਾਉਣ ਦਾ ਬੀੜਾ ਚੁੱਕਿਆ ਸੀ, ਜਿਸ ਤਹਿਤ ਸਕੂਲ 'ਚ ਵਿਦਿਆਰਥੀਆਂ ਦੇ ਗਿਆਨ ਨੂੰ ਵਧਾਉਣ ਲਈ ਐੱਲ. ਸੀ. ਡੀ. ਅਤੇ ਪੀਣ ਦੇ ਪਾਣੀ ਦੀ ਸਹੂਲਤਾਂ ਲਈ ਵਾਟਰ ਕੂਲਰ ਤੇ ਆਰ. ਓ. ਸਿਸਟਮ ਲਗਵਾਏ ਗਏ ਸਨ ਪਰ ਸਕੂਲ ਨੂੰ ਕਿਸੇ ਹੋਰ ਪਿੰਡ ਦੇ ਸਕੂਲ 'ਚ ਮਰਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਐਨੀ ਦੂਰ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਤੁਰੰਤ ਵਾਪਿਸ ਲਵੇ, ਨਹੀਂ ਤਾਂ ਉਹ ਸੰਘਰਸ਼ ਕਰਨਗੇ।


Related News