ਸ਼ੈਲਰਾਂ ’ਚ ਕਰੋੜਾਂ ਰੁਪਏ ਦਾ ਸਰਕਾਰੀ ਝੋਨਾ ਖੁਰਦ-ਬੁਰਦ ਹੋਣ ਦਾ ਖ਼ਦਸ਼ਾ

Thursday, Jun 18, 2020 - 10:47 AM (IST)

ਮੋਗਾ (ਗੋਪੀ ਰਾਉੂਕੇ) : ਇਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਸ਼ੈਲਰ ਸਨਅਤ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ, ਉੱਥੇ ਦੂਜੇ ਪਾਸੇ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀਆਂ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਕਰਕੇ ਆਏ ਵਰ੍ਹੇ ਸਰਕਾਰ ਨੂੰ ਸਮੇਂ ਸਿਰ ਸ਼ੈਲਰਾਂ 'ਚ ਪਏ ਝੋਨੇ ਦੀ ਮੀਲਿੰਗ ਨਾ ਹੋਣ ਕਰ ਕੇ ਕਰੋੜਾਂ ਰੁਪਏ ਦਾ ਕਥਿਤ ‘ਚੂਨਾ’ ਲੱਗਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਸਬੰਧੀ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਸਖ਼ਤ ਕਾਰਵਾਈ ਨਾ ਲਏ ਜਾਣ ਕਰਕੇ ਇਹ ਵਰਤਾਰਾ ਜਿਉਂ ਦਾ ਤਿਉਂ ਚੱਲ ਰਿਹਾ ਹੈ। ਦੂਜੇ ਪਾਸੇ ਮਾਮਲਾ ਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਦਰਬਾਰ ਪੁੱਜ ਗਿਆ ਹੈ।
‘ਜਗ ਬਾਣੀ’ ਨੂੰ ਮਹਿਕਮੇ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ 'ਚ ਇਹ ਮਾਮਲਾ ਬੇਪਰਦ ਹੋਇਆ ਹੈ ਕਿ ਜ਼ਿਲ੍ਹਾ ਮੋਗਾ ਦੇ ਕਸਬਾ ਬੱਧਣੀ ਕਲਾਂ ਦੇ ਕੁੱਝ ਸ਼ੈਲਰਾਂ 'ਚ 2019-2020 ਦੇ ਲੱਗੇ ਝੋਨੇ ਦੀ ਹਾਲੇ ਤੱਕ ਮੀਲਿੰਗ ਨਹੀਂ ਹੋਈ ਹੈ, ਜਿਸ ਕਰਕੇ ਕਰੋੜਾਂ ਰੁਪਏ ਦਾ ਝੋਨਾ ‘ਖੁਰਦ-ਬੁਰਦ’ ਹੋਣ ਦਾ ਖ਼ਦਸ਼ਾ ਹੈ। ਪਤਾ ਲੱਗਾ ਹੈ ਕਿ ਪਨਸਪ, ਪਨਗ੍ਰੇਨ, ਵੇਅਰ ਹਾਊਸ ਏਜੰਸੀਆਂ ਵੱਲੋ ਸ਼ੈਲਰਾਂ 'ਚ ਲਾਇਆ ਝੋਨਾ ਘੱਟ ਗਿਆ ਹੈ, ਜਿਸ ਮਗਰੋ ਇਨ੍ਹਾਂ ਏਜੰਸੀਆਂ 'ਚ ਪੂਰੀ ਤਰ੍ਹਾਂ ਹੜਕੰਪ ਮੱਚ ਗਿਆ ਹੈ। ਦੱਸਣਾ ਬਣਦਾ ਹੈ ਕਿ 30 ਜੂਨ ਨੂੰ ਝੋਨਾ ਮੀਲਿੰਗ ਕਰਨ ਦੀ ਆਖਰੀ ਤਾਰੀਕ ਹੈ ਪਰ ਹੁਣ ਜਦੋਂ ਮੀਲਿੰਗ ਕਰਨ ਦਾ ਸਮਾਂ ਨੇੜੇ ਆ ਗਿਆ ਹੈ ਤਾਂ ਹਾਲੇ ਤੱਕ ਵੀ ਇਨ੍ਹਾਂ ਏਜੰਸੀਆਂ ਦਾ ਝੋਨਾ ਮੀਲਿੰਗ ਦੇ ਨੇੜੇ-ਤੇੜੇ ਵੀ ਨਹੀਂ ਪੁੱਜਾ। ਇੱਥੇ ਹੀ ਬੱਸ ਨਹੀਂ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਇਨ੍ਹਾਂ ਸ਼ੈਲਰਾਂ 'ਚ ਝੋਨਾ ਵੀ ਇੱਕ ਤਰ੍ਹਾਂ ਨਾਲ ਖਤਮ ਹੋ ਗਿਆ ਹੈ, ਜਿਸ ਕਰਕੇ ਹੋਰ ਮੀਲਿੰਗ ਕਿੱਥੋਂ ਹੋਵੇਗਾ, ਇਸ ਦਾ ਅੰਦਾਜ਼ਾ ਵੀ ਸਹਿਜੇ ਹੀ ਲਾਇਆ ਜਾ ਸਕਦਾ ਹੈ।


Babita

Content Editor

Related News