ਪੰਜਾਬ ਸਰਕਾਰ 1377 ਹੋਰ ਸਕੂਲਾਂ ਨੂੰ ਕਰੇਗੀ ਸਮਾਰਟ ਸਕੂਲਾਂ 'ਚ ਤਬਦੀਲ: ਵਿਜੈ ਸਿੰਗਲਾ

Wednesday, Dec 02, 2020 - 10:23 PM (IST)

ਚੰਡੀਗੜ੍ਹ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਬੁੱਧਵਾਰ ਨੂੰ ਕਿਹਾ ਕਿ ਜਲਦੀ ਪੰਜਾਬ ਸਰਕਾਰ 1377 ਹੋਰ ਸਕੂਲਾਂ ਨੂੰ ਸਮਾਰਟ ਸਕੂਲਾਂ 'ਚ ਤਬਦੀਲ ਕਰਨ ਜਾ ਰਹੀ ਹੈ ਅਤੇ ਇਨ੍ਹਾਂ ਸਕੂਲਾਂ ਦੀ ਡਿਜੀਟਾਈਜੇਸ਼ਨ 'ਤੇ 357.34 ਕਰੋੜ ਰੁਪਏ ਖਰਚੇ ਜਾਣਗੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਹੁਣ ਤੱਕ 7,823 ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਨਿਰੰਤਰ ਸੁਧਾਰ ਕਰਕੇ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਕੁੱਲ 19130 ਸਰਕਾਰੀ ਸਕੂਲਾਂ ਵਿੱਚੋਂ 41 ਫੀਸਦੀ ਸਕੂਲ ਪਹਿਲਾਂ ਹੀ ਸਮਾਰਟ ਸਕੂਲਾਂ ਵਿੱਚ ਤਬਦੀਲ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਸਰਕਾਰ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਵਿੱਚ ਸਾਰੇ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਦਾ ਟੀਚਾ ਮਿੱਥਿਆ ਹੈ। ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਕੁੱਲ 1377 ਸਕੂਲਾਂ ਵਿੱਚੋਂ 817 ਪੇਂਡੂ ਖੇਤਰਾਂ ਅਤੇ 560 ਰਾਜ ਦੇ ਸ਼ਹਿਰੀ ਖੇਤਰਾਂ ਨਾਲ ਸਬੰਧਿਤ ਹਨ, ਜਿੱਥੇ ਸਿੱਖਿਆ ਵਿਭਾਗ ਨੇ ਕ੍ਰਮਵਾਰ 209.77 ਕਰੋੜ ਰੁਪਏ ਅਤੇ 147.56 ਕਰੋੜ ਰੁਪਏ ਖਰਚਣ ਦੀ ਯੋਜਨਾ ਬਣਾਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਵਿੱਚੋਂ 605 ਪ੍ਰਾਇਮਰੀ ਸਕੂਲ, 80 ਮਿਡਲ, 159 ਹਾਈ ਸਕੂਲ ਅਤੇ ਬਾਕੀ 533 ਸੀਨੀਅਰ ਸੈਕੰਡਰੀ ਸਕੂਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ 1377 ਸਕੂਲਾਂ ਦੀ ਨਵੀਨੀਕਰਨ ਪ੍ਰਕਿਰਿਆ ਇਸ ਵਿੱਤੀ ਸਾਲ ਦੇ ਅੰਦਰ ਮੁਕੰਮਲ ਕਰ ਲਈ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਕੋਵਿਡ ਵੈਕਸੀਨ ਦਾ ਪਹਿਲਾ ਟੀਕਾ ਮੈਂ ਲਵਾਵਾਂਗਾ : ਕੈਪਟਨ

ਸਿੰਗਲਾ ਨੇ ਦੱਸਿਆ ਕਿ ਅਪਗ੍ਰੇਡੇਸ਼ਨ ਪ੍ਰਕਿਰਿਆ ਦੌਰਾਨ ਇਨਾਂ ਸਕੂਲਾਂ ਵਿੱਚ ਵਾਧੂ ਕਲਾਸਰੂਮ, ਸੰਗਠਿਤ ਸਾਇੰਸ ਲੈਬਾਂ, ਲਾਇਬ੍ਰੇਰੀਆਂ, ਡਿਊਲ ਡੈਸਕ, ਮੁੰਡਿਆਂ ਅਤੇ ਕੁੜੀਆਂ ਲਈ ਵੱਖਰੇ-ਵੱਖਰੇ ਪਖਾਨੇ, ਪੀਣ ਯੋਗ ਪਾਣੀ ਦੀ ਸੁਵਿਧਾ, ਉੱਚੀਆਂ ਚਾਰਦਿਵਾਰੀਆਂ, ਗਰੀਨ ਬੋਰਡ, ਪ੍ਰੋਜੈਕਟਰਾਂ, ਮਿਡ-ਡੇਅ-ਮੀਲ ਲਈ ਖਾਣਾ ਖਾਣ ਵਾਲੀ ਥਾਂ ਅਤੇ ਕਲਰ ਕੋਡਿੰਗ ਵਰਗੀਆਂ ਸਹੂਲਤਾਂ ਦੀ ਵਿਵਸਥਾ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਨਾਂ ਸਕੂਲਾਂ ਲਈ ਲੋੜੀਂਦੇ ਕੰਮਾਂ ਲਈ ਵਿਸ਼ੇਸ਼ ਮੁਰੰਮਤ ਅਤੇ ਰੱਖ-ਰਖਾਅ ਦਾ ਬਜਟ ਵੀ ਰੱਖਿਆ ਜਾਵੇਗਾ। ਕੈਬਨਿਟ ਮੰਤਰੀ ਨੇ ਕਾਰਪੋਰੇਟ ਕੰਪਨੀਆਂ, ਐਨ.ਜੀ.ਓਜ਼, ਕਮਿਊਨਿਟੀ ਲੀਡਰਾਂ, ਪੰਚਾਇਤਾਂ, ਸੁਹਿਰਦ ਵਿਅਕਤੀਆਂ ਅਤੇ ਸਕੂਲ ਸਟਾਫ ਨੂੰ ਵੀ ਅਪੀਲ ਕੀਤੀ ਕਿ ਉਹ ਸਕੂਲਾਂ ਦੇ ਡਿਜੀਟਾਈਜੇਸ਼ਨ ਦੇ ਇਸ ਨੇਕ ਕਾਰਜ ਲਈ ਯੋਗਦਾਨ ਪਾਉਣ ਅਤੇ ਅਗਲੀਆਂ ਪੀੜੀਆਂ ਦੇ ਚੰਗੇਰੇ ਭਵਿੱਖ ਲਈ ਖੁੱਲੇ ਦਿਲ ਨਾਲ ਦਾਨ ਕਰਨ। ਉਨਾਂ ਅੱਗੇ ਕਿਹਾ ਕਿ ਰਾਜ ਸਰਕਾਰ, ਅਧਿਆਪਕਾਂ ਦੁਆਰਾ ਤਿਆਰ ਕੀਤੀਆਂ ਵੀਡੀਓਜ਼, ਖ਼ਾਨ ਅਕੈਡਮੀ ਦੇ ਲੈਕਚਰਾਂ ਤੇ ਟੈਲੀਵਿਜ਼ਨ ਰਾਹੀਂ ਈ-ਬੁੱਕਸ, ਐਜੂਸੈਟ ਲੈਕਚਰ, ਈ-ਕੰਟੈਂਟ ਅਤੇ ਆਨਲਾਈਨ ਕਲਾਸਾਂ ਜ਼ਰੀਏ ਸਰਕਾਰੀ ਸਕੂਲਾਂ ਵਿੱਚ ਡਿਜੀਟਲ ਸਿੱਖਿਆ ਦੇ ਢਾਂਚੇ ਨੂੰ ਮਜ਼ਬੂਤ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਦੇ 604 ਨਵੇਂ ਮਾਮਲੇ ਆਏ ਸਾਹਮਣੇ, 24 ਦੀ ਮੌਤ

ਸਿੰਗਲਾ ਨੇ ਕਿਹਾ ਕਿ ਉਨਾਂ ਦੀ ਸਰਕਾਰ ਦੇ ਯਤਨਾਂ ਸਦਕਾ 2017 ਤੋਂ ਸਰਕਾਰੀ ਸਕੂਲਾਂ ਵਿੱਚ ਨਤੀਜਿਆਂ ਵਿੱਚ ਨਿਰੰਤਰ ਸੁਧਾਰ ਆਇਆ ਹੈ ਅਤੇ ਦਾਖਲੇ ਵਧੇ ਹਨ। ਸਕੂਲਾਂ ਦਾ ਡਿਜੀਟਲੀਕਰਨ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵਿੱਚ ਸਹਾਇਤਾ ਕਰੇਗਾ। ਉਨਾਂ ਕੋਵਿਡ-19 ਮਹਾਂਮਾਰੀ ਦੌਰਾਨ ਵਿਸ਼ੇਸ਼ ਤੌਰ 'ਤੇ ਦਿੱਤੇ ਯੋਗਦਾਨ ਲਈ ਸਕੂਲ ਦੇ ਅਧਿਆਪਕਾਂ ਅਤੇ ਹੋਰ ਸਟਾਫ਼ ਦਾ ਧੰਨਵਾਦ ਕੀਤਾ ਕਿਉਂਕਿ ਉਨਾਂ ਆਨਲਾਈਨ ਸਿੱਖਿਆ, ਮਿਡ-ਡੇਅ ਮੀਲ  ਅਤੇ ਵਿਦਿਆਰਥੀਆਂ ਨੂੰ ਉਨਾਂ ਦੇ ਘਰ ਜਾ ਕੇ ਕਿਤਾਬਾਂ ਵੰਡਣ ਨੂੰ ਯਕੀਨੀ ਬਣਾਇਆ।
ਪੰਜਾਬ ਸਰਕਾਰ ਵਲੋਂ ਸਕੂਲਾਂ ਨੂੰ ਸਮਾਰਟ ਸਕੂਲਾਂ 'ਚ ਤਬਦੀਲ ਕਰਨ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।


Deepak Kumar

Content Editor

Related News