ਪੰਜਾਬ ਸਰਕਾਰ ਵਲੋਂ ਨਵੀਂਆਂ ਗਾਈਡਲਾਈਨਜ਼ ਜਾਰੀ, ਜਿੰਮ-ਸਿਨੇਮਾ ਹਾਲ, ਰੈਸਟੋਰੈਂਟ ਖੋਲ੍ਹਣ ਨੂੰ ਮਨਜ਼ੂਰੀ

Tuesday, Jun 15, 2021 - 06:32 PM (IST)

ਪੰਜਾਬ ਸਰਕਾਰ ਵਲੋਂ ਨਵੀਂਆਂ ਗਾਈਡਲਾਈਨਜ਼ ਜਾਰੀ, ਜਿੰਮ-ਸਿਨੇਮਾ ਹਾਲ, ਰੈਸਟੋਰੈਂਟ ਖੋਲ੍ਹਣ ਨੂੰ ਮਨਜ਼ੂਰੀ

ਚੰਡੀਗੜ੍ਹ : ਪੰਜਾਬ ਵਿਚ ਕੋਰੋਨਾ ਮਾਮਲਿਆਂ ਵਿਚ ਗਿਰਾਵਟ ਆਉਣ ਤੋਂ ਬਾਅਦ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਰਾਹਤ ਦਿੰਦੇ ਹੋਏ ਪਾਬੰਦੀਆਂ ਵਿਚ ਵੱਡੀ ਢਿੱਲ ਦਿੱਤੀ ਹੈ। ਸਰਕਾਰ ਵਲੋਂ ਜਿੰਮ, ਸਿਨੇਮਾਹਾਲ, ਰੈਸਟੋਰੈਂਟ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈ਼ਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਗਲਵਾਰ ਨੂੰ ਹੋਈ ਕੋਵਿਡ ਰੀਵਿਊ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਇਸ ਤੋਂ ਇਲਾਵਾ ਵਿਆਹ ਸਮਾਗਮ ਅਤੇ ਸਸਕਾਰ ਮੌਕੇ 50 ਲੋਕਾਂ ਦਾ ਇਕੱਠੇ ਨੂੰ ਇਜਾਜ਼ਤ ਦਿੱਤੀ ਗਈ ਹੈ। ਦੂਜੇ ਪਾਸੇ ਹੁਣ ਨਾਈਟ ਕਰਫਿਊ ਰਾਤ 8 ਵਜੇ ਲੱਗੇਗਾ ਅਤੇ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਇਹ ਪਾਬੰਦੀਆਂ 25 ਜੂਨ ਤੱਕ ਲਾਗੂ ਰਹਿਣਗੀਆਂ। ਸਕੂਲ ਅਤੇ ਕਾਲਜ ਅਜੇ ਵੀ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਿੱਖਿਆ ਮੰਤਰੀ ਵਲੋਂ ਸੂਬੇ ਦੇ ਸਕੂਲਾਂ ਲਈ ਵੱਡਾ ਐਲਾਨ

ਨਵੀਆਂ ਹਦਾਇਤਾਂ 25 ਜੂਨ ਤੱਕ ਲਾਗੂ ਰਹਿਣਗੀਆਂ ਅਤੇ ਉਸ ਤੋਂ ਬਾਅਦ ਦੁਬਾਰਾ ਸਮੀਖਿਆ ਕੀਤੀ ਜਾਵੇਗੀ। ਸੂਬੇ ਭਰ ਵਿਚ ਰਾਤ ਦਾ ਕਰਫਿਊ ਰਾਤ ਅੱਠ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਅਤੇ ਵੀਕੈਂਡ ਕਰਫਿਊ ਸ਼ਨਿਚਰਵਾਰ ਨੂੰ ਰਾਤ ਅੱਠ ਵਜੇ ਤੋਂ ਸੋਮਵਾਰ ਸਵੇਰੇ ਪੰਜ ਵਜੇ ਤੱਕ ਲਾਗੂ ਰਹੇਗਾ ਜਦਕਿ ਛੋਟ ਵਾਲੀਆਂ ਗਤੀਵਿਧੀਆਂ ਸਮੇਤ ਜ਼ਰੂਰੀ ਵਸਤਾਂ ਦੀਆਂ ਗਤੀਵਿਧੀਆਂ ਨੂੰ ਕਰਫਿਊ ਬੰਦਿਸ਼ਾਂ ਤੋਂ ਛੋਟ ਰਹੇਗੀ। ਉਚ ਪੱਧਰੀ ਵਰਚੁਅਲ ਕੋਵਿਡ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਹੋਟਲਾਂ ਸਮੇਤ ਸਾਰੇ ਰੈਸਟੋਰੈਂਟ, ਕੈਫੇ, ਕੌਫੀ ਸ਼ੌਪਸ, ਫਾਸਟ ਫੂਡ ਆਊਟਲੈਟ, ਢਾਬੇ, ਸਿਨੇਮਾ, ਜਿੰਮ 50 ਫੀਸਦੀ ਸਮਰੱਥਾ ਨਾਲ ਖੁੱਲ੍ਹ ਸਕਣਗੇ ਬਸ਼ਰਤੇ ਇਨ੍ਹਾਂ ਦੇ ਕਾਮਿਆਂ ਦੇ ਵੈਕਸੀਨ ਦਾ ਘੱਟੋ-ਘੱਟ ਇਕ ਟੀਕਾ ਲੱਗਿਆ ਹੋਵੇ। ਏ.ਸੀ. ਬੱਸਾਂ 50 ਫੀਸਦੀ ਸਮਰੱਥਾ ਨਾਲ ਚਲਾਈਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ ਬਨਵਾਉਣ ਵਾਲਿਆਂ ਲਈ ਚੰਗੀ ਖ਼ਬਰ, ਹੁਣ ਨਹੀਂ ਦੇਣਾ ਪਵੇਗਾ ਆਰ. ਟੀ. ਓ. ਜਾ ਕੇ ਟੈਸਟ

ਬਾਰ, ਪੱਬ ਤੇ ਅਹਾਤੇ ਹਾਲੇ ਬੰਦ ਰਹਿਣਗੇ। ਸਾਰੀਆਂ ਵਿਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ, ਕਾਲਜ ਵੀ ਹਾਲੇ ਬੰਦ ਹੀ ਰਹਿਣਗੇ। ਜ਼ਿਲ੍ਹਾ ਅਥਾਰਟੀਆਂ ਨੂੰ ਸਥਾਨਕ ਸਥਿਤੀਆਂ ਅਨੁਸਾਰ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਐਤਵਾਰ ਸਮੇਤ ਖੋਲ੍ਹਣ ਬਾਰੇ ਸਮਾਂ ਨਿਰਧਾਰਤ ਕਰਨ ਲਈ ਆਖਿਆ ਗਿਆ ਹੈ ਜਦੋਂ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਭੀੜ ਇਕੱਠੀ ਨਾ ਹੋਵੇ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਜ਼ਿਲ੍ਹਾ ਅਥਾਰਟੀਆਂ ਸਮਾਜਿਕ ਦੂਰੀ, ਮਾਸਕ ਪਾਉਣ ਆਦਿ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਤੇ ਸੂਬਾ ਸਰਕਾਰ ਵੱਲੋਂ ਜਾਰੀ ਕੋਵਿਡ ਇਹਤਿਆਤਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ।

ਇਹ ਵੀ ਪੜ੍ਹੋ : ਰਵਨੀਤ ਬਿੱਟੂ ਦੇ ਬਿਆਨ ’ਤੇ ਭੜਕੇ ਜਸਬੀਰ ਗੜ੍ਹੀ, ਕੈਪਟਨ ਨੂੰ ਵੀ ਦਿੱਤੀ ਚਿਤਾਵਨੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News