ਪੰਜਾਬ ਸਰਕਾਰ ਵਲੋਂ ਸ਼ਹੀਦ ਸੈਨਿਕ ਪਰਿਵਾਰਾਂ ਨੂੰ ਮਿਲੇਗੀ ਇਹ ਸਹੂਲਤ

Friday, Nov 29, 2019 - 10:07 AM (IST)

ਪੰਜਾਬ ਸਰਕਾਰ ਵਲੋਂ ਸ਼ਹੀਦ ਸੈਨਿਕ ਪਰਿਵਾਰਾਂ ਨੂੰ ਮਿਲੇਗੀ ਇਹ ਸਹੂਲਤ

ਚੰਡੀਗੜ੍ਹ (ਭੁੱਲਰ)—ਪੰਜਾਬ ਸਰਕਾਰ ਵੀ ਦਿੱਲੀ ਸਰਕਾਰ ਦੀ ਤਰਜ਼ 'ਤੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਪ੍ਰਤੀ ਪਰਿਵਾਰ ਦੇਣ ਦੀ ਯੋਜਨਾ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਵਿੱਤ ਵਿਭਾਗ ਵਲੋਂ ਮੁੱਖ ਮੰਤਰੀ ਦੀਆਂ ਹਦਾਇਤਾਂ 'ਤੇ ਇਸ ਸਬੰਧੀ ਇਕ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਭਾਵੇਂ ਇਸ ਨੂੰ ਹਾਲੇ ਜਨਤਕ ਨਹੀਂ ਕੀਤਾ ਗਿਆ ਪਰ ਵਿੱਤ ਵਿਭਾਗ ਦੇ ਸੂਤਰਾਂ ਦੀ ਮੰਨੀਏ ਤਾਂ ਇਸ ਪ੍ਰਸਤਾਵ ਨੂੰ ਲਾਗੂ ਕਰਨ ਲਈ ਮੰਤਰੀ ਮੰਡਲ ਦੀ ਮੀਟਿੰਗ 'ਚ ਲਿਆਂਦਾ ਜਾ ਸਕਦਾ ਹੈ। ਤਿਆਰ ਕੀਤੇ ਪ੍ਰਸਤਾਵ ਅਨੁਸਾਰ 1 ਕਰੋੜ ਰੁਪਏ ਦੇ ਨਾਲ ਪਰਿਵਾਰ 'ਚ ਇਕ ਨੌਕਰੀ ਵੀ ਦਿੱਤੀ ਜਾਵੇਗੀ। ਦਿੱਤੀ ਜਾਣ ਵਾਲੀ ਇਕ ਕਰੋੜ ਰੁਪਏ ਦੀ ਰਾਸ਼ੀ 'ਚੋਂ 75 ਲੱਖ ਸ਼ਹੀਦ ਸੈਨਿਕ ਦੀ ਪਤਨੀ ਅਤੇ 25 ਲੱਖ ਉਸ ਦੇ ਮਾਤਾ-ਪਿਤਾ ਨੂੰ ਦਿੱਤਾ ਜਾਵੇਗਾ। ਪੁਰਾਣੀ ਸਕੀਮ ਮੁਤਾਬਿਕ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਸੈਨਿਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਤੇ ਇਕ ਪਲਾਟ ਦੇਣ ਦੀ ਵਿਵਸਥਾ ਹੈ ਤੇ ਵੱਧ ਤੋਂ ਵੱਧ 12 ਲੱਖ ਰੁਪਏ ਤੱਕ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਨਵੇਂ ਪ੍ਰਸਤਾਵ 'ਚ ਪਲਾਟ ਦੇਣ ਦੀ ਸਹੂਲਤ ਖਤਮ ਕੀਤੀ ਜਾਵੇਗੀ। ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਸਬੰਧੀ ਇਸ ਨਵੀਂ ਯੋਜਨਾ ਦਾ ਮੰਤਰੀ ਮੰਡਲ ਪ੍ਰਵਾਨਗੀ ਤੋਂ ਬਾਅਦ ਆਉਣ ਵਾਲੇ ਦਿਨਾਂ 'ਚ ਛੇਤੀ ਐਲਾਨ ਕੀਤਾ ਜਾ ਸਕਦਾ ਹੈ।


author

Shyna

Content Editor

Related News