ਪੰਜਾਬ ਸਰਕਾਰ ਵਲੋਂ ਬੰਪਰ ਨੌਕਰੀਆਂ ਦੇਣ ਦਾ ਐਲਾਨ, ਦੇਖੋ ਕਿਹੜੇ ਵਿਭਾਗ ਵਿਚ ਕੀਤੀਆਂ ਜਾਣਗੀਆਂ ਭਰਤੀਆਂ
Saturday, Apr 23, 2022 - 02:18 PM (IST)
ਚੰਡੀਗੜ੍ਹ : ਵੱਡੇ ਵਾਅਦੇ ਕਰਕੇ ਪੰਜਾਬ ਦੀ ਸੱਤਾ ’ਚ ਕਾਬਜ਼ ਹੋਈ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਕ ਹੋਰ ਚੰਗੀ ਖ਼ਬਰ ਦਿੱਤੀ ਹੈ। ਪੰਜਾਬ ਸਰਕਾਰ ਨੇ ਪਾਵਰਕਾਮ ਵਿਭਾਗ ਵਿਚ ਸਹਾਇਕ ਲਾਈਨਮੈਨਾਂ ਦੀਆਂ ਸਰਕਾਰੀ ਨੌਕਰੀਆਂ ਕੱਢੀਆਂ ਹਨ। ਕੁੱਲ 1690 ਅਸਾਮੀਆਂ ’ਤੇ ਭਰਤੀ ਕੀਤੀ ਜਾ ਰਹੀ ਹੈ। ਇਨ੍ਹਾਂ ਅਹੁਦਿਆਂ ਨੂੰ ਪਾਵਰਕਾਮ ਘਟਾ ਵਧਾ ਵੀ ਸਕਦਾ ਹੈ। ਇਸ ਸੰਬੰਧ ਵਿਚ ਪਾਵਰਕਾਮ ਨੇ ਪਬਲਿਕ ਨੋਟਿਸ ਵੀ ਜਾਰੀ ਕੀਤਾ ਹੈ। ਪਾਵਰਕਾਮ ਮੁਤਾਬਕ ਕੈਟੇਗਿਰੀ, ਯੋਗਤਾ, ਪੇ-ਸਕੇਲ, ਨਿਯੁਕਤੀ ਦੀ ਪ੍ਰਕਿਰਿਆ ਅਤੇ ਹੋਰ ਨਿਯਮ-ਸ਼ਰਤਾਂ ਸੰਬੰਧੀ 30 ਅਪ੍ਰੈਲ ਤੋਂ ਬਾਅਦ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਪਾਵਰਕਾਮ ਵਿਚ ਨੌਕਰੀ ਕਰਨ ਦੇ ਚਾਹਵਾਨ www.pspcl.in ’ਤੇ ਜਾ ਕੇ ਦੇਖ ਸਕਦੇ ਹਨ।
ਇਹ ਵੀ ਪੜ੍ਹੋ : ਅੱਜ ਫਿਰ ਵੱਡਾ ਐਲਾਨ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ, ਟਵਿੱਟਰ ’ਤੇ ਦਿੱਤੀ ਜਾਣਕਾਰੀ
25 ਹਜ਼ਾਰ ਸਰਕਾਰੀ ਨੌਕਰੀਆਂ ਦਾ ਸੀ ਵਾਅਦਾ
ਦੱਸਣਯੋਗ ਹੈ ਕਿ ਵੱਡੇ ਵਾਅਦੇ ਕਰਕੇ ਸੱਤਾ ਵਿਚ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਪੰਜਾਬ ਵਿਚ ਬੇਰੁਜ਼ਗਾਰੀ ਸਭ ਤੋਂ ਵੱਡਾ ਮਸਲਾ ਹੈ ਜਿਸ ਕਾਰਣ ਨੌਜਵਾਨ ਬਾਹਰਲੇ ਮੁਲਕਾਂ ਵੱਲ ਕੂਚ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਨੌਕਰੀਆਂ ਪੈਦਾ ਕਰਕੇ ਨੌਜਵਾਨਾਂ ਦਾ ਪਲਾਇਨ ਰੋਕੇਗੀ ਅਤੇ ਘਰ ਵਿਚ ਉਨ੍ਹਾਂ ਨੂੰ ਰੁਜ਼ਗਾਰ ਦੇ ਕੇ ਪੈਰਾਂ ਸਿਰ ਖੜ੍ਹਾ ਕੀਤਾ ਜਾਵੇਗਾ। ਇਸ ਲਈ ਮੁੱਖ ਮੰਤਰੀ ਨੇ 25 ਹਜ਼ਾਰ ਸਰਕਾਰੀ ਨੌਕਰੀਆਂ ਕੱਢਣ ਦਾ ਐਲਾਨ ਕੀਤਾ ਸੀ। ਇਨ੍ਹਾਂ ਵਿਚ ਇਕੱਲੀਆਂ 10 ਹਜ਼ਾਰ ਪੰਜਾਬ ਪੁਲਸ ਵਿਚ ਹੋਣਗੀਆਂ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵਿਚ 10,300, ਸਿਹਤ ਵਿਭਾਗ ਵਿਚ 4837, ਪਾਵਰਕਾਮ ਵਿਭਾਗ ਵਿਚ 1690, ਹਾਇਰ ਐਜੂਕੇਸ਼ਨ ਵਿਭਾਗ ਵਿਚ 997, ਟੈਕਨੀਕਲ ਐਜੂਕੇਸ਼ਨ ਵਿਭਾਗ ਵਿਚ 990, ਪੇਂਡੂ ਵਿਕਾਸ ਵਿਭਾਗ ਵਿਚ 803, ਮੈਡੀਕਲ ਐਜੂਕੇਸ਼ਨ ਵਿਭਾਗ ਵਿਚ 319, ਹਾਊਸਿੰਗ ਵਿਭਾਗ ਵਿਚ 280, ਪਸ਼ੂਪਾਲਨ ਵਿਭਾਗ ਵਿਚ 250, ਵਾਟਰ ਸਪਲਾਈ ਵਿਭਾਗ ਵਿਚ 158, ਆਬਕਾਰੀ ਵਿਭਾਗ ਵਿਚ 176, ਫੂਡ ਸਪਲਾਈ ਵਿਭਾਗ ਵਿਚ 197, ਵਾਟਰ ਰਿਸੋਰਸਸ ਵਿਭਾਗ ਵਿਚ 197, ਜੇਲ ਵਿਭਾਗ ਵਿਚ 148, ਸਮਾਜਿਕ ਸੁਰੱਖਿਆ ਵਿਭਾਗ ਵਿਚ 82 ਅਤੇ ਸਮਾਜਿਕ ਨਿਆ ਵਿਭਾਗ ਵਿਚ 45 ਅਹੁਦੇ ਭਰੇ ਜਾਣਗੇ।
ਇਹ ਵੀ ਪੜ੍ਹੋ : ਚਰਨਜੀਤ ਚੰਨੀ ਨੇ ਲਈ ਹਾਰ ਦੀ ਜ਼ਿੰਮੇਵਾਰੀ, ਨਵਜੋਤ ਸਿੱਧੂ ’ਤੇ ਆਖੀ ਇਹ ਗੱਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?