ਪੰਜਾਬ ਸਰਕਾਰ ਵਲੋਂ ਤੁਰੰਤ ਸੂਬੇ ’ਚ ਮੰਦਿਰ ਪ੍ਰਬੰਧਕ ਕਮੇਟੀ ਬਣਾਉਣ ਸਬੰਧੀ ਕਾਨੂੰਨ ਬਣਾਉਣ ਦੀ ਮੰਗ

Friday, Jun 25, 2021 - 04:43 PM (IST)

ਪੰਜਾਬ ਸਰਕਾਰ ਵਲੋਂ ਤੁਰੰਤ ਸੂਬੇ ’ਚ ਮੰਦਿਰ ਪ੍ਰਬੰਧਕ ਕਮੇਟੀ ਬਣਾਉਣ ਸਬੰਧੀ ਕਾਨੂੰਨ ਬਣਾਉਣ ਦੀ ਮੰਗ

ਖਰੜ : ਭਾਰਤੀ ਇਨਕਲਾਬ ਦਲ ਦੇ ਕੌਮੀ ਪ੍ਰਧਾਨ ਪ੍ਰਵੀਨ ਕੁਮਾਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਪੰਜਾਬ ਵਿਚ ਮੰਦਿਰਾਂ ਦੇ ਸੰਭਾਲ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਜ਼ ’ਤੇ ਇਕ ਸ਼੍ਰੋਮਣੀ ਮੰਦਿਰ ਪ੍ਰਬੰਧਕ ਕਮੇਟੀ ਬਣਾਉਣ ਸਬੰਧੀ ਕਾਨੂੰਨ ਬਣਾਉਣ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਬਣਾਉਣ ਸਬੰਧੀ ਲੋੜੀਂਦੀ ਕਾਰਵਾਈ ਤੁਰੰਤ ਸ਼ੁਰੂ ਹੋਣੀ ਚਾਹੀਦੀ ਹੈ ਕਿਉਂਕਿ ਮੌਜੂਦਾ ਸਰਕਾਰ ਦਾ ਸਮਾਂ ਹੁਣ ਲਗਭਗ 6 ਮਹੀਨੇ ਦੇ ਕਰੀਬ ਹੀ ਰਹਿ ਗਿਆ ਹੈ। ਅੱਜ ਇਥੇ ਇਕ ਪੱਤਰ ਪ੍ਰੇਰਕ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਚੜ੍ਹਾਵੇ ਦਾ ਬਹੁਤ ਥਾਵਾਂ ’ਤੇ ਸਮਾਜ ਸੇਵਾ ਦੇ ਕੰਮ ਕਰਕੇ ਸਹੀ ਇਸਤੇਮਾਲ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਮੰਦਿਰ ਹਨ ਅਤੇ ਬਹੁਤ ਘੱਟ ਅਜਿਹੇ ਮੰਦਿਰ ਹਨ ਜਿਥੇ ਸ਼ਰਧਾਲੂਆਂ ਵਲੋਂ ਦਿੱਤੇ ਗਏ ਚੜ੍ਹਾਵੇ ਦਾ ਸਹੀ ਢੰਗ ਨਾਲ ਇਸਤੇਮਾਲ ਕੀਤਾ ਜਾਂਦਾ ਹੋਵੇ। ਉਨ੍ਹਾਂ ਕਿਹਾ ਕਿ ਮੌਜੂਦਾ ਕੋਰੋਨਾ ਸਮੇਂ ਵਿਚ ਤਾਂ ਇਹ ਕਮੇਟੀ ਬਣਾਉਣੀ ਹੋਰ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਇਹ ਕਮੇਟੀ ਬਣੀ ਹੁੰਦੀ ਤਾਂ ਸੰਗਤਾਂ ਵਲੋਂ ਜੋ ਕਰੋੜਾਂ ਰੁਪਏ ਦਾ ਚੜ੍ਹਾਵਾ ਮੰਦਿਰਾਂ ਵਿਚ ਦਿੱਤਾ ਜਾਂਦਾ ਹੈ, ਉਸਦਾ ਹੋਰ ਵੀ ਵਧੇਰੇ ਚੰਗੇ ਤਰੀਕੇ ਨਾਲ ਇਸਤੇਮਾਲ ਹੁੰਦਾ ਅਤੇ ਇਹ ਕਮੇਟੀ ਕੋਰੋਨਾ ਦੀ ਲੜਾਈ ਵਿਚ ਸਰਕਾਰ ਨੂੰ ਸਹਿਯੋਗ ਦਿੰਦੀ ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮੰਦਿਰਾਂ ਕੋਲ ਬਹੁਤ ਜਾਇਦਾਦਾਂ ਵੀ ਹਨ ਪਰ ਕਿਉਂਕਿ ਇਨ੍ਹਾਂ ਮੰਦਿਰਾਂ ਦੇ ਪ੍ਰਬੰਧ ਲਈ ਕੋਈ ਕੇਂਦਰੀ ਸੰਸਥਾ ਨਹੀਂ ਹੈ, ਇਸ ਲਈ ਇਨ੍ਹਾਂ ਜਾਇਦਾਦਾਂ ਦੀ ਦੇਖਭਾਲ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਿੰਦੂ ਸਮਾਜ ਦੇ ਲੋਕ ਇਹ ਚਾਹੁੰਦੇ ਹਨ ਕਿ ਮੰਦਿਰਾਂ ਦਾ ਚੜ੍ਹਾਵਾ ਅਤੇ ਜਾਇਦਾਦਾਂ ਸਮਾਜ ਭਲਾਈ ਦੇ ਕੰਮਾਂ ਵਿਚ ਇਸਤੇਮਾਲ ਕਰਨ ਲਈ ਇਕ ਕੇਂਦਰੀ ਸੰਸਥਾ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਤੁਰੰਤ ਇਸ ਸਬੰਧੀ ਕਾਰਵਾਈ ਸ਼ੁਰੂ ਕਰਕੇ ਹਿੰਦੂ ਸਮਾਜ ਦਾ ਮਨ ਜਿੱਤਣ ਦੀ ਕੋਸ਼ਿਸ਼ ਕਰੇ।


author

Gurminder Singh

Content Editor

Related News