ਪੰਜਾਬ ਸਰਕਾਰ ਜਾਣਬੁੱਝ ਕੇ ਸ਼੍ਰੋਮਣੀ ਕਮੇਟੀ ਨੂੰ ਢਾਹ ਲਾਉਣ ਦੇ ਰਾਹ ਤੁਰੀ : ਭਾਈ ਲੌਂਗੋਵਾਲ

Sunday, Oct 25, 2020 - 11:50 PM (IST)

ਪੰਜਾਬ ਸਰਕਾਰ ਜਾਣਬੁੱਝ ਕੇ ਸ਼੍ਰੋਮਣੀ ਕਮੇਟੀ ਨੂੰ ਢਾਹ ਲਾਉਣ ਦੇ ਰਾਹ ਤੁਰੀ : ਭਾਈ ਲੌਂਗੋਵਾਲ

ਅੰਮ੍ਰਿਤਸਰ,(ਦੀਪਕ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਸਿੱਖ ਕੌਮ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਢਾਹ ਲਾਉਣ ਦੇ ਰਾਹ ਤੁਰੀ ਹੋਈ ਹੈ। ਸਰਕਾਰ ਦੀ ਇਹ ਮਨਸ਼ਾ ਠੀਕ ਨਹੀਂ ਹੈ ਅਤੇ ਇਸ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ। ਭਾਈ ਲੌਂਗੋਵਾਲ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਬੀਤੇ ਕੱਲ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਧਰਨਾ ਦੇ ਰਹੇ ਲੋਕਾਂ ਵੱਲੋਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਪਰ ਦੁੱਖ ਦੀ ਗੱਲ ਹੈ ਕਿ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਕਰਨ ਦੀ ਬਜਾਏ ਕੁਝ ਨਹੀਂ ਕਿਹਾ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ 'ਤੇ ਕਾਤਲਾਨਾ ਹਮਲਾ ਕਰਨ ਵਾਲੇ ਜਿਹੜੇ ਵਿਅਕਤੀਆਂ ਖਿਲਾਫ਼ ਸ਼੍ਰੋਮਣੀ ਕਮੇਟੀ ਨੇ ਪਰਚਾ ਦਰਜ ਕਰਵਾਇਆ ਹੈ, 'ਤੇ ਬਣਦੀਆਂ ਧਰਾਵਾਂ ਤਹਿਤ ਤੁਰੰਤ ਕਾਰਵਾਈ ਕੀਤੀ ਜਾਵੇ। ਭਾਈ ਲੌਂਗੋਵਾਲ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਧਰਨਾ ਦੇਣ ਵਾਲੇ ਲੋਕਾਂ ਨਾਲ ਕਈ ਵਾਰ ਗੱਲਬਾਤ ਕੀਤੀ ਗਈ ਪਰ ਇਹ ਜਾਣਬੁੱਝ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਿਚ ਦਖ਼ਲ ਦਿੰਦੇ ਰਹੇ। ਇਸੇ ਤਹਿਤ ਹੀ ਉਨ੍ਹਾਂ ਨੇ ਬੀਤੇ ਕੱਲ ਜਾਣਬੁੱਝ ਕੇ ਹੁੱਲੜਬਾਜ਼ੀ ਅਤੇ ਗਾਲੀ-ਗਲੋਚ ਕੀਤਾ। ਇੱਥੇ ਹੀ ਬੱਸ ਨਹੀਂ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ 'ਤੇ ਕਾਤਲਾਨਾ ਹਮਲਾ ਕਰ ਕੇ ਮੁਲਾਜ਼ਮਾਂ ਨੂੰ ਗੰਭੀਰ ਸੱਟਾਂ ਲਾਈਆਂ। ਇਨ੍ਹਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਸਮੇਤ ਉਸ ਦੀ ਗੱਡੀ 'ਤੇ ਵੀ ਹਮਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ 6 ਮੁਲਾਜ਼ਮ ਇਸ ਵਕਤ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਭਾਈ ਲੌਂਗੋਵਾਲ ਨੇ ਸਪੱਸ਼ਟ ਆਖਿਆ ਕਿ ਜੇਕਰ ਸਰਕਾਰ ਈਮਾਨਦਾਰੀ ਨਾਲ ਧਰਨਾਕਾਰੀਆਂ ਨੂੰ ਉਠਾਉਣ ਲਈ ਸੁਹਿਰਦ ਹੁੰਦੀ ਤਾਂ ਇਸ ਘਟਨਾ ਤੋਂ ਬਚਿਆ ਜਾ ਸਕਦਾ ਸੀ।

ਇਸ ਮੌਕੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖ਼ਾਲਸਾ, ਅੰਤ੍ਰਿੰਗ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਸ਼੍ਰੋਮਣੀ ਕਮੇਟੀ ਮੈਂਬਰਾਨ ਭਾਈ ਰਾਮ ਸਿੰਘ, ਸੁਰਜੀਤ ਸਿੰਘ ਭਿੱਟੇਵਡ, ਐਡਵੋਕੇਟ ਭਗਵੰਤ ਸਿੰਘ ਸਿਆਲਕਾ,ਹਰਜਾਪ ਸਿੰਘ ਸੁਲਤਾਨਵਿੰਡ, ਸਕੱਤਰ ਮਹਿੰਦਰ ਸਿੰਘ ਆਹਲੀ, ਸੁਖਦੇਵ ਸਿੰਘ ਭੂਰਾਕੋਹਨਾ ਅਤੇ ਪਰਮਜੀਤ ਸਿੰਘ ਸਰੋਆ ਆਦਿ ਹਾਜ਼ਰ ਸਨ।
ਭਾਈ ਲੌਂਗੋਵਾਲ ਨੇ ਜ਼ਖ਼ਮੀ ਮੁਲਾਜ਼ਮਾਂ ਦਾ ਹਾਲ ਜਾਣਿਆ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬੀਤੇ ਕੱਲ ਧਰਨਾਕਾਰੀਆਂ ਵੱਲੋਂ ਗੰਭੀਰ ਜ਼ਖ਼ਮੀ ਕੀਤੇ ਗਏ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ, ਜੋ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਜ਼ੇਰੇ ਇਲਾਜ਼ ਹਨ, ਦਾ ਹਾਲ ਜਾਣਿਆ। ਉਨ੍ਹਾਂ ਮੁਲਾਜ਼ਮਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਜ਼ਖਮੀ ਮੁਲਾਜ਼ਮਾਂ ਵਿਚ ਸਰਬਜੀਤ ਸਿੰਘ ਧਰਮੀ ਫ਼ੌਜੀ, ਬਿਜੈ ਸਿੰਘ ਵਧੀਕ ਸਕੱਤਰ, ਰਣਜੀਤ ਸਿੰਘ , ਚਰਨਜੀਤ ਸਿੰਘ ( ਦੋਵੇਂ ਸੇਵਾਦਾਰ), ਜਰਮਨਜੀਤ ਸਿੰਘ ਅਤੇ ਅੰਮ੍ਰਿਤ ਸਿੰਘ ਡਰਾਈਵਰ ਆਦਿ ਸ਼ਾਮਲ ਹਨ।


author

Deepak Kumar

Content Editor

Related News