ਪੰਜਾਬ ਸਰਕਾਰ ਦੀ ਵੱਡੀ ਪਹਿਲ, ਸੂਬੇ ''ਚ ਹੁਣ ਰੋਬੋਟ ਕਰਨਗੇ ਸੀਵਰੇਜ ਦੀ ਸਫਾਈ

Monday, Jan 13, 2020 - 06:56 PM (IST)

ਚੰਡੀਗੜ੍ਹ : ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਸੂਬੇ ਵਿਚ ਸੀਵਰੇਜ ਦੀ ਸਫ਼ਾਈ ਮਨੁੱਖ-ਰਹਿਤ ਕਰਨ ਦੀ ਵੱਡੀ ਪਹਿਲਕਦਮੀ ਤਹਿਤ ਆਧੁਨਿਕ ਤਕਨੀਕ ਵਾਲੇ ਰੋਬੋਟ ਨਾਲ ਸੀਵਰੇਜ ਸਾਫ਼ ਕਰਨ ਦੇ ਪ੍ਰਾਜੈਕਟ ਨੂੰ ਅਮਲੀਜਾਮਾ ਪਹਿਨਾ ਦਿੱਤਾ ਹੈ। ਸੂਬੇ ਵਿਚ ਹੁਣ ਰੋਬੋਟ ਸੀਵਰੇਜ ਸਾਫ਼ ਕਰਿਆ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਅੱਜ ਇੱਥੇ ਦੱਸਿਆ ਕਿ ਸੀਵਰੇਜ ਦੀ ਸਫ਼ਾਈ ਰੋਬੋਟ ਨਾਲ ਕਰਨ ਦੇ ਪ੍ਰਾਜੈਕਟ ਦੀ ਰਸਮੀ ਸ਼ੁਰੂਆਤ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਪਵਿੱਤਰ ਤਿਉਹਾਰ ਮੌਕੇ ਕੀਤੀ ਜਾਵੇਗੀ। ਸੁਲਤਾਨਾ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਕੇਰਲਾ ਦੀ ਜੇਨਰੋਬੋਟਿਕਸ ਕੰਪਨੀ ਵੱਲੋਂ ਆਧੁਨਿਕ ਤਕਨੀਕ ਨਾਲ ਤਿਆਰ ਕੀਤੀ ਰੋਬੋਟਿਕ ਮਸ਼ੀਨ ਬੈਂਡੀਕੂਟੋ”ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਸੀਵਰੇਜ ਦੀ ਸਫ਼ਾਈ ਦਾ ਕੰਮ ਮਨੁੱਖੀ ਰਹਿਤ ਕਰ ਦੇਵੇਗੀ ਜਿਸ ਨਾਲ ਸਫ਼ਾਈ ਕਰਮਚਾਰੀਆਂ ਨੂੰ ਗੰਭੀਰ ਸਮੱਸਿਆਵਾਂ ਜਿਵੇਂ ਸੀਵਰੇਜ ਵਿਚ ਉਤਰਨ ਦੇ ਖ਼ਤਰੇ ਅਤੇ ਜ਼ਹਿਰੀਲੀਆਂ ਗੈਸਾਂ ਤੋਂ ਹੋਣ ਵਾਲੇ ਮਨੁੱਖੀ ਸਿਹਤ ਨੂੰ ਨੁਕਸਾਨ ਤੋਂ ਬਚਾਅ ਹੋਵੇਗਾ। ਇਸ ਤੋਂ ਇਲਾਵਾ ਘੰਟਿਆਂ ਦਾ ਕੰਮ ਬਹੁਤ ਘੱਟ ਸਮੇਂ ਵਿਚ ਕਰਨਾ ਯਕੀਨੀ ਬਣਾਇਆ ਜਾ ਸਕੇਗਾ।

ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਨੇ ਦੱਸਿਆ ਕਿ ਇਸ ਮਸ਼ੀਨ ਨਾਲ ਮੈਲਾ ਢੋਣ ਦੀ ਸਮੱਸਿਆ, ਜ਼ਹਿਰੀਲੀਆਂ ਗੈਸਾਂ ਅਤੇ ਸੀਵਰੇਜ ਦੇ ਪਾਣੀ ਅਤੇ ਗਾਰ ਨਾਲ ਮਨੁੱਖੀ ਸਰੀਰ ਨੂੰ ਹੋਣ ਵਾਲੇ ਨੁਕਸਾਨ, ਇਨਫ਼ੈਕਸ਼ਨ ਅਤੇ ਭਿਆਨਕ ਬੀਮਾਰੀਆਂ ਤੋਂ ਛੁਟਕਾਰਾ ਮਿਲਣ ਦੇ ਨਾਲ-ਨਾਲ ਮੈਲਾ ਢੋਣ ਦੀ ਸਮੱਸਿਆ ਤੋਂ ਵੀ ਪੱਕੇ ਤੌਰ 'ਤੇ ਨਿਜਾਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਵਿਲੱਖਣ ਕਾਰਜ ਨਾਲ ਹੁਣ ਸਫ਼ਾਈ ਕਰਮਚਾਰੀਆਂ ਅਤੇ ਸੀਵਰ ਸਫ਼ਾਈ ਦੇ ਕਾਰਜ ਵਿਚ ਲੱਗੇ ਕਰਮਚਾਰੀਆਂ ਦੇ ਸਵੈਮਾਣ ਵਿਚ ਵੀ ਵਾਧਾ ਹੋਵੇਗਾ।

ਮੰਤਰੀ ਨੇ ਦੱਸਿਆ ਕਿ ਕਰੀਬ 90 ਲੱਖ ਰੁਪਏ ਦੀ ਲਾਗਤ ਵਾਲੀਆਂ ਰੋਬੋਟਿਕ ਤਕਨੀਕ ਨਾਲ ਲੈਸ ਦੋ ਮਸ਼ੀਨਾਂ ਰਾਹੀਂ ਸ੍ਰੀ ਮੁਕਤਸਰ ਸਾਹਿਬ ਵਿਖੇ ਸੀਵਰ ਸਫ਼ਾਈ ਦਾ ਕਾਰਜ ਸ਼ਰੂ ਕਰਨ ਨਾਲ ਪੰਜਾਬ, ਦੇਸ਼ ਦਾ ਸੱਤਵਾਂ ਅਜਿਹਾ ਸੂਬਾ ਬਣ ਜਾਵੇਗਾ ਜਦਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਇਹ ਨਵੀਨਤਮ ਤਕਨੀਕ ਅਪਨਾਉਣ ਵਾਲਾ ਸੂਬੇ ਦਾ ਪਹਿਲਾ ਜ਼ਿਲਾ ਬਣ ਕੇ ਉਭਰੇਗਾ, ਜਿੱਥੇ ਰੋਬੋਟ ਨਾਲ ਸੀਵਰੇਜ ਦੀ ਸਫ਼ਾਈ ਕੀਤੀ ਜਾਂਦੀ ਹੋਵੇ। ਉਨ੍ਹਾਂ ਦੱਸਿਆ ਕਿ ਸੀਵਰੇਜ ਪਾਈਪਾਂ ਵਿਚ ਜ਼ਹਿਰੀਲੀ ਗੈਸ ਦਾ ਪਤਾ ਲਾਉਣ ਲਈ ਸੈਂਸਰ ਪ੍ਰਣਾਲੀ ਨਾਲ ਲੈਸ ਅਤੇ ਕਾਰਬਨ ਫ਼ਾਈਬਰ ਬਾਡੀ ਵਾਲੇ ਘੱਟ ਭਾਰ ਵਾਲੇ ਇਹ ਰੋਬੋਟ ਵਾਟਰ ਪਰੂਫ਼ ਹੋਣਗੇ ਅਤੇ ਪਾਣੀ ਵਿਚ ਡੂੰਘਾਈ ਤੱਕ ਜਾ ਕੇ ਕੰਮ ਕਰ ਸਕਣਗੇ। ਮਨੁੱਖੀ ਦੀਆਂ ਬਾਹਾਂ ਵਾਂਗ ਕੰਮ ਕਰਨ ਦੀ ਸਮਰੱਥਾ ਵਾਲੇ ਰੋਬੋਟ ਨੂੰ ਸਫ਼ਾਈ ਕਾਮੇ ਦੀ ਸਹੂਲਤ ਅਨੁਸਾਰ ਡੀਜ਼ਾਈਨ ਕੀਤਾ ਗਿਆ ਹੈ। ਇਨ੍ਹਾਂ ਰੋਬੋਟਸ ਨੂੰ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ।


Gurminder Singh

Content Editor

Related News