ਲੋਕਾਂ ਲਈ ਮਿਆਰੀ ਸੇਵਾਵਾਂ ਯਕੀਨੀ ਬਣਾਉਣ ਵੱਲ ਪੰਜਾਬ ਸਰਕਾਰ ਦਾ ਵਿਸ਼ੇਸ਼ ਧਿਆਨ : ਹਰਭਜਨ ਸਿੰਘ

Wednesday, Apr 13, 2022 - 06:10 PM (IST)

ਲੋਕਾਂ ਲਈ ਮਿਆਰੀ ਸੇਵਾਵਾਂ ਯਕੀਨੀ ਬਣਾਉਣ ਵੱਲ ਪੰਜਾਬ ਸਰਕਾਰ ਦਾ ਵਿਸ਼ੇਸ਼ ਧਿਆਨ : ਹਰਭਜਨ ਸਿੰਘ

ਚੰਡੀਗੜ੍ਹ : ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਤੇ ਊਰਜਾ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪੰਜਾਬ ਸਰਕਾਰ ਦਾ ਵਿਸ਼ੇਸ਼ ਧਿਆਨ ਹਰੇਕ ਵਿਅਕਤੀ ਲਈ ਮਿਆਰੀ ਨਾਗਰਿਕ ਕੇਂਦਰਿਤ ਸੇਵਾਵਾਂ ਯਕੀਨੀ ਬਣਾਉਣ ਵੱਲ ਹੈ। ਪੰਜਾਬ ਸੜਕਾਂ ਅਤੇ ਪੁਲ ਵਿਕਾਸ ਬੋਰਡ (ਪੀ.ਆਰ.ਬੀ.ਡੀ.ਬੀ.), ਮੋਹਾਲੀ ਦੇ ਅਧਿਕਾਰੀਆਂ ਦੀ ਪਿੱਠ ਥਾਪੜਦਿਆਂ ਹਰਭਜਨ ਸਿੰਘ ਨੇ ਅਧਿਕਾਰੀਆਂ ਅਤੇ ਹੋਰ ਸਟਾਫ਼ ਨੂੰ ਆਪਣੀ ਡਿਊਟੀ ਪਾਰਦਰਸ਼ੀ ਢੰਗ ਨਾਲ ਨਿਭਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਸਾਡਾ ਵਿਸ਼ੇਸ਼ ਧਿਆਨ ਆਪਣੇ ਕੰਮਾਂ ਵਿਚ ਨਾਗਰਿਕ ਕੇਂਦਰਿਤ ਪਹੁੰਚ ਅਪਣਾਉਣਾ ਹੈ।  ਚੀਫ਼ ਇੰਜੀਨੀਅਰ-ਕਮ-ਸੰਯੁਕਤ ਸਕੱਤਰ, ਪੀ.ਆਰ.ਬੀ.ਡੀ.ਬੀ. ਟੀ.ਆਰ. ਕਟਨੌਰੀਆ ਅਤੇ ਪੀ.ਆਰ.ਬੀ.ਡੀ.ਬੀ. ਦੇ ਸਟਾਫ਼ ਨੇ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ। ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਸੀ ਕਿ ਇਕ ਕੈਬਨਿਟ ਮੰਤਰੀ ਨੇ ਲੋਕ ਨਿਰਮਾਣ ਵਿਭਾਗ (ਬੀ. ਐਂਡ. ਆਰ) ਦੇ ਕਿਸੇ ਦਫ਼ਤਰ ਦਾ ਦੌਰਾ ਕੀਤਾ ਹੋਵੇ।

ਕੈਬਨਿਟ ਮੰਤਰੀ ਨੇ ਨਿੱਜੀ ਤੌਰ ’ਤੇ ਦਫ਼ਤਰ ਦੀਆਂ ਸਾਰੀਆਂ ਮੰਜ਼ਿਲਾਂ ਦਾ ਦੌਰਾ ਕੀਤਾ ਅਤੇ ਸਾਰੇ ਸਟਾਫ਼ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪੀ.ਆਰ.ਬੀ.ਡੀ.ਬੀ. ਮੋਹਾਲੀ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਅਤੇ ਹਰੇਕ ਅਧਿਕਾਰੀ ਨੂੰ ਸੌਂਪੀਆਂ ਗਈਆਂ ਨੌਕਰੀਆਂ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਲਈ ਉਨ੍ਹਾਂ ਨਾਲ ਗੱਲਬਾਤ ਕੀਤੀ। ਟੀ.ਆਰ. ਕਟਨੌਰੀਆ, ਸੀ.ਈ. ਨੇ ਉਨ੍ਹਾਂ ਨੂੰ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਦੀ ਤਰਫੋਂ ਪੀ.ਆਰ.ਬੀ.ਡੀ.ਬੀ ਵੱਲੋਂ ਲਾਗੂ ਕੀਤੀਆਂ/ਚਲਾਈਆਂ ਜਾਣ ਵਾਲੀਆਂ ਪੀ.ਐਮ.ਜੀ.ਐਸ.ਵਾਈ/ਵਿਸ਼ਵ ਬੈਂਕ ਸਕੀਮਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਕੈਬਨਿਟ ਮੰਤਰੀ ਨੂੰ ਪੀ.ਆਰ. ਬੀ. ਡੀ. ਬੀ. ਦੀਆਂ ਹੋਰ ਸੇਵਾਵਾਂ ਜਿਵੇਂ ਕਿ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਵਿੱਚ ਠੇਕੇਦਾਰਾਂ ਦੀ ਭਰਤੀ, ਸ਼ਿਕਾਇਤ ਨਿਵਾਰਨ ਪ੍ਰਣਾਲੀ ਦੀ ਨਿਗਰਾਨੀ, ਸੜਕ ਸੁਰੱਖਿਆ ਕਾਰਜਾਂ ਅਤੇ ਵਿਭਾਗ ਵਿੱਚ ਆਈ.ਟੀ. ਮੋਡਿਊਲ ਲਾਗੂ ਕਰਨ ਬਾਰੇ ਵੀ ਜਾਣੂ ਕਰਵਾਇਆ।

ਇਸ ਮੌਕੇ ਹਰਭਜਨ ਸਿੰਘ ਨੇ ਪੀ. ਆਰ .ਬੀ . ਡੀ. ਬੀ. ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਇਨ੍ਹਾਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਸੁਝਾਅ ਦਿੱਤੇ। ਇਸ ਦੌਰੇ ਦੌਰਾਨ ਚੀਫ ਇੰਜੀਨੀਅਰ-ਕਮ-ਸੰਯੁਕਤ ਸਕੱਤਰ ਟੀ.ਆਰ. ਕਟਨੌਰੀਆ, ਸੁਰਿੰਦਰ ਕੁਮਾਰ, ਅਜੈ ਕੁਮਾਰ, ਜਸਬੀਰ ਸਿੰਘ, ਆਰ.ਐਸ. ਸੇਠ, ਜੇ.ਐਸ. ਸਿੱਧੂ (ਸਾਰੇ ਕਾਰਜਕਾਰੀ ਇੰਜੀਨੀਅਰ), ਤਨੂਪ੍ਰੀਤ ਕੌਰ, ਸੰਦੀਪ ਕੁਮਾਰ, ਕਰਨ ਮਿੱਤਲ, ਨਰੇਸ਼ ਕੁਮਾਰ ਸ਼ਰਮਾ, ਵਿਭਮ ਮਹਾਜਨ (ਸਾਰੇ ਉਪ ਮੰਡਲ ਇੰਜੀਨੀਅਰ), ਸੰਤੋਖ ਸਿੰਘ (ਹੈੱਡ ਡਰਾਫਟਸਮੈਨ), ਕਰਮਜੀਤ ਸਿੰਘ ਡੀ.ਡੀ.ਆਈ.ਟੀ., ਦੀਪ ਚੰਦ, ਮੈਨੇਜਰ ਲੇਖਾ ਅਤੇ ਸੰਦੀਪ ਸ਼ਰਮਾ, ਪ੍ਰੋਜੈਕਟ ਮੈਨੇਜਰ (ਜੀ.ਆਈ.ਐਸ.) ਮੌਜੂਦ ਸਨ।


author

Gurminder Singh

Content Editor

Related News