ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਦਿਖਾਏ ਤੇਵਰ, ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ
Friday, Feb 14, 2020 - 01:27 AM (IST)

ਚੰਡੀਗੜ੍ਹ,(ਰਮਨਜੀਤ) : ਪੰਜਾਬ ਸਟੇਟ ਮਿਨਿਸਟ੍ਰੀਅਲ ਸਟਾਫ਼ ਯੂਨੀਅਨ ਦੇ ਐਲਾਨ 'ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ, ਯੂ.ਟੀ. ਅਤੇ ਹੋਰ ਜੱਥੇਬੰਦੀਆਂ ਨੇ ਲਗਾਤਾਰ ਦੂਜੇ ਦਿਨ ਵੀ ਪੰਜਾਬ ਸਿਵਲ ਸਕੱਤਰੇਤ-2 ਸੈਕਟਰ 9 'ਚ ਮੰਗਾਂ ਨੂੰ ਲੈ ਕੇ ਰੋਸ ਰੈਲੀ ਕੀਤੀ। ਪੰਜਾਬ 'ਚ ਕਾਂਗਰਸ ਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਨਿਚਲੇ ਦਰਜੇ ਦੀ ਕਰਾਰ ਦਿੰਦਿਆਂ ਮੁਲਾਜ਼ਮ ਨੇਤਾਵਾਂ ਵਲੋਂ ਆਪਣੀਆਂ, ਮੰਗਾਂ ਨੂੰ ਸੰਘਰਸ਼ ਨਾਲ ਮਨਵਾਉਣ ਦੇ ਰਸਤੇ 'ਤੇ ਚੱਲਣ ਦੀ ਗੱਲ ਕਹੀ। ਮੁਲਾਜ਼ਮ ਨੇਤਾਵਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਾਰੀਆਂ ਖੇਤਰੀ ਜੱਥੇਬੰਦੀਆਂ ਨਾਲ ਸਬੰਧ ਕਾਇਮ ਹੋ ਚੁੱਕਿਆ ਹੈ ਅਤੇ ਸਰਕਾਰ ਦੇ ਬਜਟ ਸੈਸ਼ਨ ਦੌਰਾਨ ਵੱਡੇ ਪੱਧਰ 'ਤੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ। ਜਿਸ ਅਨੁਸਾਰ ਸਮੁੱਚੇ ਪੰਜਾਬ ਦੀਆਂ ਖੇਤਰੀ ਜਥੇਬੰਦੀਆਂ ਨਾਲ ਤਾਲਮੇਲ ਕਰਦਿਆਂ ਸਰਕਾਰ ਨੂੰ ਘੇਰਿਆ ਜਾਵੇਗਾ।
ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਵਲੋਂ ਸੈਕਟਰ-17 'ਚ ਵੀ ਵਿਸ਼ਾਲ ਰੈਲੀ ਕੀਤੀ ਗਈ, ਜਿਸ 'ਚ ਪੈਂਨਸ਼ਨਰਜ਼ ਦੀਆਂ ਜਥੇਬੰਦੀਆਂ ਵਲੋਂ ਵੀ ਹਿੱਸਾ ਲਿਆ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਂਝਾ ਮੁਲਾਜ਼ਿਮ ਮੰਚ ਪੰਜਾਬ ਅਤੇ ਯੂ.ਟੀ. ਦੇ ਮੁੱਖ ਕਨਵੀਨਰ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਿਮ ਵਿਰੋਧੀ ਨੀਤੀਆਂ 'ਤੇ ਚੱਲ ਰਹੀ ਹੈ। ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੰਨਣ ਦੀ ਜਗ੍ਹਾ 'ਨੋ ਵਰਕ ਨੋ ਪੇ' ਨਾਲ ਸਬੰਧਤ ਪੱਤਰ ਜਾਰੀ ਕਰਕੇ ਮੁਲਾਜ਼ਮਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ 'ਤੇ ਮੁਲਾਜ਼ਮਾਂ ਪ੍ਰਤੀ ਦੋਹਰਾ ਰਵੱਈਆ ਅਪਨਾਉਣ ਦਾ ਦੋਸ਼ ਲਗਾਉਂਦੇ ਉਨ੍ਹਾਂ ਕਿਹਾ ਕਿ ਸੰਘਰਸ਼ ਕਰਨਾ ਮੁਲਾਜ਼ਮਾਂ ਦਾ ਕਾਨੂੰਨੀ ਹੱਕ ਹੈ ਅਤੇ ਸਰਕਾਰ ਇਸ ਨੂੰ ਕਿਸੇ ਵੀ ਹਾਲਤ 'ਚ ਖੋਹ ਨਹੀਂ ਸਕਦੀ। ਜੇਕਰ ਸਰਕਾਰ ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਤੋਂ ਸਬਕ ਨਹੀਂ ਲੈਂਦੀ ਤਾਂ ਆਉਣ ਵਾਲੇ ਸਮੇਂ 'ਚ ਉਸ ਨੂੰ ਪੰਜਾਬ 'ਚ ਵੀ ਇੰਝ ਹੀ ਨਤੀਜਿਆਂ ਲਈ ਆਪਣੇ ਆਪ ਨੂੰ ਤਿਆਰ ਕਰ ਲੈਣਾ ਚਾਹੀਦਾ ਹੈ। ਸੁਖਚੈਨ ਖਹਿਰਾ ਨੇ ਕਿਹਾ ਕਿ 18 ਫਰਵਰੀ ਨੂੰ ਸੈਕਟਰ-17 ਚੰਡੀਗੜ੍ਹ 'ਚ ਇਕ ਵੱਡੀ ਰੋਸ ਰੈਲੀ ਕੀਤੀ ਜਾਵੇਗੀ। ਇਸ ਮੌਕੇ ਜਸਵੀਰ, ਬਲਰਾਜ ਸਿੰਘ, ਮਹੇਸ਼ ਕੁਮਾਰ, ਸੁਸ਼ੀਲ ਕੁਮਾਰ, ਮਨਜੀਤ ਸਿੰਘ ਰੰਧਾਵਾ, ਕੁਲਵੰਤ ਸਿੰਘ, ਮਿਥੁਨ ਚਾਵਲਾ, ਨੀਰਜ ਕੁਮਾਰ, ਪਰਵੀਨ ਕੁਮਾਰ, ਦਲਜੀਤ ਸਿੰਘ, ਭਗਵੰਤ ਬਦੇਸ਼ਾਂ, ਸਾਹਿਲ ਸ਼ਰਮਾ ਅਤੇ ਅਮਰਵੀਰ ਸਿੰਘ ਗਿੱਲ ਜਿਹੇ ਮੁਲਾਜ਼ਮ ਨੇਤਾ ਹਾਜ਼ਰ ਸਨ।