ਪੰਜਾਬ ਸਰਕਾਰ ਦੇ ਆਯੁਰਵੈਦਾ ਵਿਭਾਗ ’ਚ 166 ਅਸਾਮੀਆਂ ਦੇ ਨਤੀਜੇ ਦਾ ਐਲਾਨ

Friday, Jun 11, 2021 - 04:00 PM (IST)

ਪੰਜਾਬ ਸਰਕਾਰ ਦੇ ਆਯੁਰਵੈਦਾ ਵਿਭਾਗ ’ਚ 166 ਅਸਾਮੀਆਂ ਦੇ ਨਤੀਜੇ ਦਾ ਐਲਾਨ

ਚੰਡੀਗੜ੍ਹ : ਪੰਜਾਬ ਰਾਜ ਅਧੀਨ ਸੇਵਾਵਾਂ ਚੋਣ ਬੋਰਡ ਨੇ ਅੱਜ ਪੰਜਾਬ ਸਰਕਾਰ ਨੂੰ ਆਯੁਰਵੈਦ ਵਿਭਾਗ ਵਿਚ ਉਪਵੈਦ ਦੀਆਂ 166 ਅਸਾਮੀਆਂ ਦੇ ਨਤੀਜੇ ਐਲਾਨ ਕਰਨ ਉਪਰੰਤ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਲਈ ਸਿਫਾਰਸ਼ਾਂ ਭੇਜ ਦਿੱਤੀਆਂ ਹਨ। ਇਹ ਜਾਣਕਾਰੀ ਪੰਜਾਬ ਰਾਜ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਅੱਜ ਇੱਥੇ ਬੋਰਡ ਦੀ ਮੀਟਿੰਗ ਤੋਂ ਬਾਅਦ ਦਿੱਤੀ ਹੈ। ਬਹਿਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਆਯੁਰਵੈਦਾ ਵਿਭਾਗ ਵਿਚ ਉਪਵੈਦ ਦੀ ਭਰਤੀ ਲਈ ਸਾਲ 2012 ਵਿਚ 85 ਅਸਾਮੀਆਂ ਅਤੇ ਸਾਲ 2015 ਵਿਚ 81 ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਇਹ ਭਰਤੀ ਪ੍ਰਕਿਰਿਆ ਵੱਖ-ਵੱਖ ਕੋਰਟ ਕੇਸਾਂ ਕਾਰਨ ਰੁਕ ਗਈਆਂ ਸਨ। ਹੁਣ ਮਾਨਯੋਗ ਹਾਈ ਕੋਰਟ ਦੇ ਅੰਤਰਿਮ ਹੁਕਮਾਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਘਰ-ਘਰ ਰੋਜ਼ਗਾਰ ਦੀ ਨੀਤੀ ਤਹਿਤ ਇਨ੍ਹਾਂ ਅਸਾਮੀਆਂ ਦਾ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਵਿਭਾਗ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਲਈ ਯੋਗ ਉਮੀਦਵਾਰਾਂ ਦੇ ਨਾਵਾਂ ਦੀ ਸ਼ਿਫਾਰਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਹ ਭਰਤੀ ਨਿਰੋਲ ਮੈਰਿਟ ਦੇ ਅਧਾਰ ’ਤੇ ਕੀਤੀ ਗਈ ਹੈ, ਪਹਿਲੀ ਸਰਕਾਰ ਦੌਰਾਨ ਤਤਕਾਲੀ ਬੋਰਡ ਵਲੋਂ ਰੱਖੀ ਗਈ ਇੰਟਰਵਿਊ ਨੂੰ ਵੀ ਖ਼ਤਮ ਕਰਕੇ ਭਰਤੀ ਲਈ ਸਿਰਫ ਉਮੀਦਵਾਰਾਂ ਦੀ ਮੈਰਿਟ ਨੂੰ ਹੀ ਅਧਾਰ ਬਣਾਇਆ ਗਿਆ ਹੈ। ਉਨ੍ਹਾਂ ਨੇ ਉਮੀਦਵਾਰਾਂ ਨੂੰ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੀਆਂ ਭਰਤੀ ਪ੍ਰੀਖਿਆਵਾਂ ਦੀ ਤਿਆਰੀ ਲਈ ਡੱਟਵੀਂ ਮਿਹਨਤ ਕਰਨ ਦਾ ਮਸ਼ਵਰਾ ਦਿੱਤਾ ਹੈ ਤਾਂ ਜੋ ਉਨ੍ਹਾਂ ਦਾ ਆਪਣਾ ਅਤੇ ਯੋਗ ਭਰਤੀ ਹੋਏ ਮਿਹਨਤੀ ਨੌਜਵਾਨਾਂ ਦੇ ਸਰਕਾਰੀ ਸੇਵਾਵਾਂ ਵਿਚ ਆਉਣ ਨਾਲ ਪੰਜਾਬ ਦਾ ਭਵਿੱਖ ਰੌਸ਼ਨ ਹੋ ਸਕੇ। ਅੱਜ ਦੀ ਮੀਟਿੰਗ ਵਿਚ ਮੈਂਬਰ ਸਾਹਿਬਾਨ ਸਮਸ਼ਾਦ ਅਲੀ, ਅਮਰਜੀਤ ਸਿੰਘ ਵਾਲੀਆ, ਸ੍ਰੀਮਤੀ ਅਲਤਾ ਆਹਲੂਵਾਲੀਆ, ਰੋਹਲ ਸਿੰਘ ਸਿੱਧੂ ਅਤੇ ਬੋਰਡ ਦੇ ਸਕੱਤਰ ਅਮਨਦੀਪ ਬਾਂਸਲ ਹਾਜ਼ਰ ਸਨ।


author

Gurminder Singh

Content Editor

Related News