ਪੰਜਾਬ ਸਰਕਾਰ ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕਰਨ ’ਚ ਨਾਕਾਮ ਰਹੀ ਹੈ : ਖੰਨਾ

04/29/2021 6:00:12 PM

ਚੰਡੀਗੜ੍ਹ (ਬਿਊਰੋ): ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਇੰਡੀਅਨ ਰੈੱਡ ਕਰਾਸ ਸੋਸਾਇਟੀ ਦੇ ਕੌਮੀ ਮੀਤ ਚੇਅਰਮੈਨ ਅਵਿਨਾਸ਼ ਰਾਏ ਖੰਨਾ ਅਤੇ ਭਾਜਪਾ ਪੰਜਾਬ ਦੇ ਸਾਬਕਾ ਸਕੱਤਰ ਸ਼੍ਰੀ ਵਿਨੀਤ ਜੋਸ਼ੀ ਨੇ ਕਿਹਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਕੋਵਿਡ ਮਹਾਮਾਰੀ ਦਾ ਮੁਕਾਬਲਾ ਕਰਨ ’ਚ ਪੂਰੀ ਤਰਾਂ ਨਾਕਾਮ ਰਹੀ ਹੈ। ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਦਿੱਤੇ ਇਕ ਯਾਦ ਪੱਤਰ ਰਾਹੀਂ ਦੋਹਾਂ ਆਗੂਆਂ ਨੇ ਦੋਸ਼ ਲਾਇਆ ਹੈ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਅਤੇ ਨਰਸਿੰਗ ਸਟਾਫ ਦੀ ਬਹੁਤ ਘਾਟ ਹੈ। ਇਸ ਤੋਂ ਇਲਾਵਾ ਆਕਸੀਜਨ ਅਤੇ ਜੀਵਨ ਰਖਿਅਕ ਦਵਾਈਆਂ ਵੀ ਨਹੀਂ ਮਿਲ ਰਹੀਆਂ। ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਿਹਤ ਮਹਿਕਮੇ ਦੀ ਅਣਦੇਖੀ ਕਾਰਨ ਸੂਬੇ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਕੋਵਿਡ ਕਾਰਨ ਰੋਜ਼ਾਨਾ 100 ਤੋਂ ਵੱਧ ਮੌਤਾਂ ਹੋ ਰਹੀਆਂ ਹਨ। 

ਇਹ ਵੀ ਪੜ੍ਹੋ: ਪੰਜਾਬ ਭਰ ’ਚ ਢਾਂਚਾ ਬਣਾ ਕੇ ਪਾਰਟੀ ਨੂੰ ਮਜ਼ਬੂਤ ਕਰੇ ਵਿਦਿਆਰਥੀ ਵਿੰਗ: ਸੁਖਬੀਰ ਬਾਦਲ

ਖੰਨਾ ਨੇ ਕਿਹਾ ਕਿ ਰਾਜ ਸਰਕਾਰ ਆਮ ਲੋਕਾਂ ਵਿਚ ਇਸ ਬੀਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨ ’ਚ ਅਤੇ ਕੋਵਿਡ ਨਿਯਮਾਂ ਦੀ ਆਮ ਜਨਤਾ ਤੋਂ ਪਾਲਣਾ ਕਰਵਾਉਣ ’ਚ ਨਾਕਾਮ ਰਹੀ ਹੈ, ਇਸ ਕਰਕੇ ਲਗਾਤਾਰ ਪਾਜ਼ੇਟਿਵ ਕੇਸਾਂ ਵਿਚ ਵਾਧਾ ਹੋ ਰਿਹਾ ਹੈ। ਖੰਨਾ ਨੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਅਜਿਹੀ ਹਾਲਤ ਵਿਚ ਉਨਾਂ ਨੂੰ ਰਾਜ ਸਰਕਾਰ ਨੂੰ ਦਿਸ਼ਾ-ਨਿਰਦੇਸ਼ ਦੇ ਕੇ ਮੁੱਢਲੀ ਸਿਹਤ ਸਹੂਲਤਾ ਮੁਹਈਆ ਕਰਵਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਰੀਜ਼ਾਂ ਦੀ ਵੱਧਦੀ ਤਾਦਾਦ ਕਰਕੇ ਪੰਜਾਬ ਭਰ ’ਚ ਕੋਰੋਨਾ ਦੇ ਇਲਾਜ ਵਾਸਤੇ ਲੱਗੇ ਹਸਪਤਾਲਾਂ ’ਚ ਡਾਕਟਰਾਂ ਅਤੇ ਨਰਸਾਂ ਦੀ ਘਾਟ ਹੋਣ ਲੱਗ ਪਈ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਲੀਨਿਕਾਂ ’ਚ ਪ੍ਰਾਈਵੇਟ ਪ੍ਰੈਕਟੀਸ ਕਰ ਰਹੇ ਐਲੋਪੈਥੀ ਅਤੇ ਆਯੁਰਵੇਦਾ ਡਾਕਟਰਾਂ ਦੀ ਸੇਵਾਵਾਂ ਲੈ ਕੇ ਉਨ੍ਹਾਂ ਦੀ ਡਿਊਟੀ ਕੋਰੋਨਾ ਹਸਪਤਾਲਾਂ ਵਿਚ ਲਾਈ ਜਾਵੇ। ਇਸ ਦੇ ਨਾਲ ਜਿਹੜੇ ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਦਾ ਇਲਾਜ ਨਹੀਂ ਹੋ ਰਿਹਾ ਉਨ੍ਹਾਂ ਸਰਕਾਰੀ ਡਾਕਟਰਾਂ, ਨਰਸਾਂ ਨੂੰ ਵੀ ਤੁਰੰਤ ਕੋਰੋਨਾ ਹਸਪਤਾਲਾਂ ਵਿਚ ਡਿਊਟੀ ਵਾਸਤੇ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮੈਡੀਕਲ ਖ਼ੇਤਰ ਵਿਚ ਹੋ ਰਹੀ ਜਮ੍ਹਾਖੋਰੀ, ਕਾਲਾ ਬਾਜ਼ਾਰੀ ’ਤੇ ਨੱਥ ਪਾਉਣ ਅਤੇ ਇਸ ’ਤੇ ਸਖ਼ਤ ਕਦਮ ਚੁੱਕਣ ਦੀ ਵੀ ਲੋੜ ਹੈ। 

ਇਹ ਵੀ ਪੜ੍ਹੋ: ਸਿਵਲ ਹਸਪਤਾਲ ਫ਼ਿਰੋਜ਼ਪੁਰ ’ਚ ਬੰਦ ਪਏ 7 ਵੈਂਟੀਲੇਟਰ, ਚਲਾਉਣ ਲਈ ਨਹੀਂ ਮਿਲ ਰਹੇ ਤਜਰਬੇਕਾਰ 'ਡਾਕਟਰ'

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉਪਰ ਚੱਲ ਰਹੀਆਂ ਅਫਵਾਹਾਂ ਨੂੰ ਵੀ ਰੋਕਣਾ ਚਾਹੀਦਾ ਹੈ ਅਤੇ ਸ਼ਰਾਰਤੀ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਵੈਕਸੀਨ ਸਾਰੀਆਂ ਨੂੰ ਲੱਗ ਜਾਵੇ ਇਸ ਦੇ ਲਈ ਕੇਂਦਰ ’ਤੇ ਦੋਸ਼ ਲਾਉਣ ਥਾਂ ਪੰਜਾਬ ਭਰ ਵਿਚ ਢੁੱਕਵੇਂ ਪ੍ਰਬੰਧ ਕੀਤੇ ਜਾਣ। ਆਖਰ ’ਚ ਉਨ੍ਹਾਂ ਕਿਹਾ ਕਿ ਡਾਕਟਰ ਅਤੇ ਨਰਸਾਂ ਦੋਵੇਂ ਸਖਤ ਮਿਹਨਤ ਨਾਲ ਕੋਰੋਨਾ ਮਰੀਜ਼ਾਂ ਦੇ ਇਲਾਜ ਵਿਚ ਲੱਗੇ ਹੋਏ ਹਨ। ਉਨ੍ਹਾਂ ਦੀ ਸੁਰਖਿਆ ਦੇ ਢੁੱਕਵੇਂ ਪ੍ਰਬੰਧ ਵੀ ਸੂਬਾ ਸਰਕਾਰ ਤੁਰੰਤ ਕਰੇ।

ਇਹ ਵੀ ਪੜ੍ਹੋ:  ਸ਼ਹੀਦ ਪੁੱਤ ਪ੍ਰਭਜੀਤ ਸਿੰਘ ਦੀ ਚਿਖਾ ਨਾਲ ਹੀ ਮੁੱਕ ਗਈਆਂ ਮਾਂ ਦੀਆਂ ਰੀਝਾਂ


Shyna

Content Editor

Related News