ਪੰਜਾਬ ਸਰਕਾਰ ਵਲੋਂ ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦਿਆਂ ਕੋਵਿਡ ਪਾਬੰਦੀਆਂ ਵਧਾਉਣ ਦੇ ਹੁਕਮ, ਨਵੇਂ ਦਿਸ਼ਾ-ਨਿਰਦੇਸ਼ ਜਾਰੀ

Friday, Sep 10, 2021 - 10:38 PM (IST)

ਪੰਜਾਬ ਸਰਕਾਰ ਵਲੋਂ ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦਿਆਂ ਕੋਵਿਡ ਪਾਬੰਦੀਆਂ ਵਧਾਉਣ ਦੇ ਹੁਕਮ, ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਆਉਂਦੇ ਤਿਉਹਾਰਾਂ ਦੇ ਮੌਸਮ ਨੂੰ ਵੇਖਦੇ ਹੋਏ ਮੌਜੂਦਾ ਕੋਵਿਡ ਪਾਬੰਦੀਆਂ ਵਿਚ 30 ਸਤੰਬਰ ਤੱਕ ਵਾਧਾ ਕੀਤੇ ਜਾਣ ਦੇ ਹੁਕਮ ਦਿੱਤੇ ਹਨ ਅਤੇ ਸਾਰੇ ਇਕੱਠਾਂ, ਸਿਆਸੀ ਇਕੱਠਾਂ ਵਿਚ ਸ਼ਮੂਲੀਅਤ ਕਰਨ ਵਾਲਿਆਂ ਦੀ ਗਿਣਤੀ 300 ਤੈਅ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਨੂੰ ਵੀ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਸਮੂਹ ਪ੍ਰਬੰਧਕਾਂ, ਸਿਆਸੀ ਧਿਰਾਂ ਸਮੇਤ, ਲਈ ਇਹ ਲਾਜ਼ਮੀ ਕਰਾਰ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਇਹ ਯਕੀਨੀ ਬਣਾਇਆ ਜਾਵੇ ਕਿ ਤਿਉਹਾਰਾਂ ਨਾਲ ਸਬੰਧਤ ਸਮਾਗਮਾਂ ਮੌਕੇ ਲਾਏ ਜਾਣ ਵਾਲੇ ਖਾਣੇ ਦੇ ਸਟਾਲਾਂ ਆਦਿ ਵਿਖੇ ਤਾਇਨਾਤ ਸਟਾਫ, ਮੈਨੇਜਮੈਂਟ ਅਤੇ ਸ਼ਿਰਕਤ ਕਰਨ ਵਾਲਿਆਂ ਨੇ ਪੂਰਨ ਤੌਰ ’ਤੇ ਟੀਕਾਕਰਨ ਕਰਵਾਇਆ ਹੋਵੇ ਜਾਂ ਘੱਟੋ-ਘੱਟ ਇਕ ਟੀਕਾ ਲਗਵਾਇਆ ਹੋਵੇ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਸਬ-ਇੰਸਪੈਕਟਰ ਹੋਇਆ ਮਾਲਾ-ਮਾਲ, ਰਾਤੋ-ਰਾਤ ਬਣਿਆ ਕਰੋੜਾਂ ਦਾ ਮਾਲਕ

ਤਿਉਹਾਰਾਂ ਨੂੰ ਵੇਖਦੇ ਹੋਏ ਲਗਾਤਾਰ ਚੌਕਸੀ ਰੱਖਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਸਮੂਹ ਸਿਆਸੀ ਪਾਰਟੀਆਂ ਨੂੰ ਇਸ ਸਬੰਧ ਵਿਚ ਮਿਸਾਲ ਪੇਸ਼ ਕਰਨ ਲਈ ਕਿਹਾ ਅਤੇ ਇਸ ਦੇ ਨਾਲ ਹੀ ਡੀ.ਜੀ.ਪੀ. ਨੂੰ ਨਿਰਦੇਸ਼ ਦਿੱਤੇ ਹਨ ਕਿ ਪਾਬੰਦੀਆਂ ਦੀ ਪਾਲਣਾ ਸਭਨਾਂ ਦੁਆਰਾ ਯਕੀਨੀ ਬਣਾਈ ਜਾਵੇ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਇਸ ਮੌਕੇ ਕਿਹਾ ਕਿ ਕੋਵਿਡ ਦੇ ਮਾਮਲਿਆਂ ਦੀ ਘੱਟਦੀ ਗਿਣਤੀ ਦੇ ਮੱਦੇਨਜ਼ਰ ਲੋਕ ਮਾਸਕ ਪਾਉਣ ਦੇ ਮਾਮਲੇ ਵਿਚ ਅਵੇਸਲੇ ਹੋ ਰਹੇ ਹਨ ਅਤੇ ਇਸ ਸਬੰਧੀ ਸਿਹਤ ਵਿਭਾਗ ਨੂੰ ਪੁਲਸ ਦੀ ਮਦਦ ਨਾਲ ਕੋਵਿਡ ਪਾਬੰਦੀਆਂ ਸਖ਼ਤੀ ਨਾਲ ਲਾਗੂ ਕਰਵਾਉਣੀਆਂ ਚਾਹੀਦੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਨਿਰਦੇਸ਼ ਦਿੱਤੇ ਕਿ ਹਰੇਕ ਜ਼ਿਲ੍ਹੇ ਵਿਚ ਪੁਲਸ ਅਤੇ ਪ੍ਰਸ਼ਾਸਨ ਦੇ ਸੰਯੁਕਤ ਫਲਾਇੰਗ ਸਕੁਐਡ ਕਾਇਮ ਕਰਕੇ ਰੈਸਟੋਰੈਂਟਾਂ ਅਤੇ ਮੈਰਿਜ ਪੈਲੇਸਾਂ ਵਿਚ ਸਖ਼ਤੀ ਨਾਲ ਪਾਬੰਦੀਆਂ ਲਾਗੂ ਕਰਵਾਉਣੀਆਂ ਯਕੀਨੀ ਬਣਾਇਆ ਜਾਵੇ।

ਇਹ ਵੀ ਪੜ੍ਹੋ : ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਪਰਗਟ ਸਿੰਘ ਦਾ ਵੱਡਾ ਬਿਆਨ, ਨਵਜੋਤ ਸਿੱਧੂ ਨੇ ਆਖੀ ਇਹ ਗੱਲ

ਇਕ ਉੱਚ ਪੱਧਰੀ ਕੋਵਿਡ ਸਮੀਖਿਆ ਦੀ ਵਰਚੁਅਲ ਤੌਰ ’ਤੇ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਸਮਾਜਿਕ ਸੁਰੱਖਿਆ ਵਿਭਾਗ ਨੂੰ ਇਸੇ ਮਹੀਨੇ ਆਂਗਨਵਾੜੀ ਕੇਂਦਰ ਖੋਲ੍ਹਣ ਦੀ ਤਿਆਰੀ ਕਰਨ ਲਈ ਕਿਹਾ ਜਿਸ ਨਾਲ ਪੰਜਾਬ ਅਜਿਹਾ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਇਨ੍ਹਾਂ ਕੇਂਦਰਾਂ ਦਾ ਖੁੱਲ੍ਹਣਾ ਸਟਾਫ ਦੇ ਟੀਕਾਕਰਨ ਅਤੇ ਹੋਰ ਦਿਸ਼ਾ ਨਿਰਦੇਸ਼ਾਂ ਉੱਤੇ ਨਿਰਭਰ ਕਰੇਗਾ ਜੋ ਕਿ ਸਿਹਤ ਵਿਭਾਗ ਨਾਲ ਸਾਂਝੇ ਤੌਰ ’ਤੇ ਤੈਅ ਕੀਤੇ ਜਾਣਗੇ। ਮੁੱਖ ਮੰਤਰੀ ਨੇ ਇਹ ਵੀ ਹੁਕਮ ਦਿੱਤੇ ਕਿ ਟੈਸਟਿੰਗ ਸਮਰੱਥਾ ਵਿਚ ਵਾਧਾ ਕਰਦੇ ਹੋਏ ਇਸ ਨੂੰ ਮੌਜੂਦਾ 45 ਹਜ਼ਾਰ ਪ੍ਰਤੀ ਦਿਨ ਤੋਂ ਵਧਾ ਕੇ ਘੱਟੋ-ਘੱਟ 50 ਹਜ਼ਾਰ ਪ੍ਰਤੀ ਦਿਨ ਕੀਤਾ ਜਾਵੇ ਤਾਂ ਜੋ ਕੋਵਿਡ ਦੀ ਤੀਜੀ ਸੰਭਾਵੀ ਲਹਿਰ ਸਬੰਧੀ ਪਹਿਲਾਂ ਤੋਂ ਹੀ ਤਿਆਰੀਆਂ ਕੀਤੀਆਂ ਜਾ ਸਕਣ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਸੈਂਟੀਨਲ ਟੈਸਟਿੰਗ ਨਾਲ ਹੀ ਆਊਟਰੀਚ ਕੈਂਪ ਅਤੇ ਟੈਸਟਿੰਗ ਵੀ ਕੀਤੀ ਜਾਵੇ ਖਾਸ ਕਰਕੇ ਉਨ੍ਹਾਂ ਥਾਵਾਂ ਉੱਤੇ ਜਿੱਥੇ ਕਿ ਤਿਉਹਾਰਾਂ ਦੇ ਮੱਦੇਨਜ਼ਰ ਲੋਕਾਂ ਦਾ ਇਕੱਠ ਹੋਣ ਦੀ ਉਮੀਦ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੁਨਿਆਦੀ ਢਾਂਚੇ ਦੇ ਸੁਧਾਰ ਨਾਲ ਸਬੰਧਤ ਸਾਰੇ ਕੰਮਾਂ ਵਿਚ ਤੇਜ਼ੀ ਲਿਆ ਕੇ ਇਨ੍ਹਾਂ ਨੂੰ ਪੂਰਾ ਕੀਤਾ ਜਾਵੇ।

ਇਹ ਵੀ ਪੜ੍ਹੋ : ਜਲੰਧਰ ’ਚ ਵਾਪਰੇ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਕੈਨੇਡਾ ਤੋਂ ਪਰਤੀ ਨਵ-ਵਿਆਹੁਤਾ ਦੀ ਮੌਤ (ਤਸਵੀਰਾਂ)

ਨੋਟ - ਕੋਰੋਨਾ ਲੈ ਕੇ ਲਏ ਗਏ ਪੰਜਾਬ ਸਰਕਾਰ ਦੇ ਫ਼ੈਸਲੇ ਨਾਲ ਕੀ ਤੁਸੀਂ ਸਹਿਮਤ ਹੋ?


author

Gurminder Singh

Content Editor

Related News