ਜ਼ਿਲ੍ਹੇ ਅੰਦਰ 3368 ਵਿਦਿਆਰਥੀਆਂ ਨੂੰ ਵੰਡੇ ਜਾਣਗੇ ਸਮਾਰਟ ਫੋਨ : ਆਵਲਾ

Tuesday, Sep 22, 2020 - 06:15 PM (IST)

ਜ਼ਿਲ੍ਹੇ ਅੰਦਰ 3368 ਵਿਦਿਆਰਥੀਆਂ ਨੂੰ ਵੰਡੇ ਜਾਣਗੇ ਸਮਾਰਟ ਫੋਨ : ਆਵਲਾ

ਜਲਾਲਾਬਾਦ (ਸੇਤੀਆ, ਸੁਮਿਤ, ਟੀਨੂੰ) : ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਪਰਾਲੇ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਪੜ੍ਹਦੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪੰਜਾਬ ਸਮਾਰਟ ਕਨੈਕਟ ਸਕੀਮ ਤਹਿਤ ਫ਼ੋਨ ਵੰਡਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਹੋਏ ਮੰਗਲਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਸਰਕਾਰੀ ਸਕੂਲਾਂ 'ਚ ਪ੍ਰੋਗਰਾਮ ਰੱਖੇ ਗਏ। ਇਸ ਤਹਿਤ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ 'ਚ ਵੀ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਸਮਾਰਟ ਫੋਨ ਵੰਡਣ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸ ਮੌਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸੰਧੂ, ਵਿਧਾਇਕ ਰਮਿੰਦਰ ਆਵਲਾ, ਜ਼ਿਲ੍ਹਾ ਸਿੱਖਿਆ ਅਧਿਕਾਰੀ ਤਿਰਲੋਚਨ ਸਿੰਘ, ਐੱਸ. ਡੀ. ਐੱਮ. ਸੂਬਾ ਸਿੰਘ, ਉਪ ਸਿੱਖਿਆ ਅਧਿਕਾਰੀ ਬ੍ਰਿਜਮੋਹਨ ਬੇਦੀ, ਲਿੰਕਨ ਮਲਹੌਤਰਾ, ਵਿਕਾਸਦੀਪ ਚੌਧਰੀ ਵਿਸ਼ੇਸ਼ ਤੌਰ 'ਤੇ ਪਹੁੰਚੇ। 

ਇਸ ਮੌਕੇ ਸਰਕਾਰੀ ਸਕੂਲ ਲੜਕੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਹਰੀਸ਼ ਸੇਤੀਆ, ਪ੍ਰਿੰਸੀਪਲ ਸੁਭਾਸ਼ ਸਿੰਘ ਤੇ ਸਮੂਹ ਅਧਿਆਪਕਾਂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਅਰਵਿੰਦਰ ਪਾਲ ਸੰਧੂ ਨੇ ਕਿਹਾ ਕਿ ਕੋਰੋਨਾ ਆਫ਼ਤ ਦੇ ਚੱਲਦਿਆਂ ਸਕੂਲਾਂ 'ਚ ਅਜੇ ਤੱਕ ਵਿਦਿਆਰਥੀ ਨਹੀਂ ਆ ਰਹੇ ਹਨ ਪਰ ਵਿਦਿਆਰਥੀਆਂ ਸਿੱਖਿਆ ਦੇਣ ਲਈ ਸਮਾਰਟ ਫੋਨ ਚੰਗਾ ਮਾਧਿਅਮ ਹਨ ਅਤੇ ਵਿਦਿਆਰਥੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣਾ ਸਮਾਂ ਸਿੱਖਿਆ ਵੱਲ ਵਧੇਰੇ ਦੇਣ। ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦਾ ਕੀਤਾ ਸੀ, ਉਸਨੂੰ ਨਿਭਾਉਂਦੇ ਹੋਏ ਸਰਕਾਰੀ ਸਕੂਲਾਂ 'ਚ ਪੜ੍ਹਣ ਵਾਲੇ 12ਵੀਂ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੀਮਾਪੱਟੀ ਤੇ ਸਿੱਖਿਆ ਗ੍ਰਹਿਣ ਕਰਨ ਵਾਲੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਤੋਂ ਮੁੱਖ ਮੰਤਰੀ ਜੀ ਚੰਗੀ ਤਰ੍ਹਾਂ ਜਾਣੂ ਹਨ ਕਿਉਂਕਿ ਅਜਿਹੇ ਸਮੇਂ 'ਚ ਜਿੱਥੇ ਰੈਗੂਲਰ ਐਜੂਕੇਸ਼ਨ ਨਹੀਂ ਮਿਲ ਰਹੀ ਉਥੇ ਹੀ ਵਿਦਿਆਰਥੀਆਂ ਨੂੰ ਇੰਟਰਨੈਟ ਦੇ ਮਾਧਿਅਮ ਨਾਲ ਸਿੱਖਿਆ ਪ੍ਰਦਾਨ ਕਰਵਾਉਣ ਦਾ ਕੰਮ ਕੀਤਾ ਜਾ ਰਿਹਾ ਹੈ। 

ਵਿਧਾਇਕ ਆਵਲਾ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵੱਧ ਤੋਂ ਵੱਧ ਮਿਹਨਤ ਕਰਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਤਿਰਲੋਚਨ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਕੂਲਾਂ 'ਚ ਕੁੱਲ 3368 ਵਿਦਿਆਰਥੀਆਂ ਲਈ ਮੋਬਾਇਲ ਸਰਕਾਰ ਪਾਸੋਂ ਆਏ ਹਨ ਅਤੇ ਅੱਜ ਸਰਕਾਰੀ ਸਕੂਲ ਲੜਕੇ  318 ਤੇ ਲੜਕੀਆਂ ਦੇ ਸਕੂਲ 'ਚ 521 ਸਮਾਰਟ ਫੋਨ ਵੰਡੇ ਗਏ। ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਹਰਕੰਵਲ ਇਸਲਾਮਵਾਲਾ, ਚੇਅਰਮੈਨ ਐੱਸ. ਐੱਮ. ਐੱਸ. ਕਮੇਟੀ ਰਾਜ ਕੁਮਾਰ ਦੂਮੜਾ, ਦਰਸ਼ਨ ਵਾਟਸ, ਪ੍ਰਦੀਪ ਧਵਨ, ਮਨਦੀਪ ਕੁਮਾਰ, ਸਕੂਲ ਅਧਿਆਪਕ ਪਵਨ ਅਰੋੜਾ, ਮੈਡਮ ਸੀਮਾ ਠਕਰਾਲ, ਮੁਖਤਿਆਰ ਸਿੰਘ, ਅਮਿਤ ਧਮੀਜਾ, ਸਤਵਿੰਦਰ ਕਾਲੜਾ ਮੌਜੂਦ ਸਨ। ਅੰਤ 'ਚ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਵਿਧਾਇਕ ਰਮਿੰਦਰ ਆਵਲਾ ਤੇ ਜਿਲਾ ਡਿਪਟੀ ਕਮਿਸ਼ਨਰ  ਅਰਵਿੰਦਰ ਸਿੰਘ ਸੰਧੂ ਤੋਂ ਇਲਾਵਾ ਹੋਰਨਾਂ ਨੂੰ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।


author

Gurminder Singh

Content Editor

Related News