ਪਸ਼ੂ-ਪਾਲਕਾਂ ਲਈ ਚੰਗੀ ਖਬਰ, ਪੰਜਾਬ ਸਰਕਾਰ ਨੇ ਲਿਆ ਇਹ ਅਹਿਮ ਫੈਸਲਾ

Saturday, May 16, 2020 - 07:34 PM (IST)

ਪਸ਼ੂ-ਪਾਲਕਾਂ ਲਈ ਚੰਗੀ ਖਬਰ, ਪੰਜਾਬ ਸਰਕਾਰ ਨੇ ਲਿਆ ਇਹ ਅਹਿਮ ਫੈਸਲਾ

ਚੰਡੀਗੜ੍ਹ (ਅਸ਼ਵਨੀ)— ਪੰਜਾਬ ਦੇ ਤਕਰੀਬਨ 11 ਲੱਖ ਪਸ਼ੂ ਪਾਲਕਾਂ ਨੂੰ ਵੱਡੀ ਰਾਹਤ ਦੇਣ ਲਈ ਇਕ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਅੱਜ ਫੈਸਲਾ ਕੀਤਾ ਹੈ ਕਿ ਪਸ਼ੂਆਂ ਨੂੰ ਗਲਘੋਟੂ, ਸਵਾਈਨ ਬੁਖ਼ਾਰ ਅਤੇ ਪੱਟ ਸੋਜ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਬਚਾਉਣ ਲਈ ਟੀਕੇ ਮੁਫ਼ਤ ਲਾਏ ਜਾਣਗੇ। ਸੂਬਾ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ 'ਚ ਹੁਣ ਪਸ਼ੂਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਲਾਏ ਜਾਂਦੇ ਸਾਰੇ ਟੀਕੇ ਮੁਫਤ ਹੋ ਜਾਣਗੇ।

ਸੂਬੇ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਭਾਗ ਨੇ ਇਹ ਫੈਸਲਾ ਕੋਰੋਨਾ ਮਹਾਮਾਰੀ ਨਾਲ ਹੋਏ ਨੁਕਸਾਨ ਕਾਰਨ ਪਸ਼ੂ ਪਾਲਕਾਂ ਨੂੰ ਕੁਝ ਰਾਹਤ ਦੇਣ ਲਈ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕੱਲੀ ਗਲਘੋਟੂ ਬੀਮਾਰੀ ਤੋਂ ਬਚਾਅ ਦਾ ਟੀਕਾ ਲਵਾਉਣ ਲਈ ਪਸ਼ੂ ਪਾਲਕਾਂ ਨੂੰ ਹਰ ਸਾਲ ਤਕਰੀਬਨ ਸਵਾ ਤਿੰਨ ਕਰੋੜ ਰੁਪਏ ਦਾ ਖਰਚਾ ਕਰਨਾ ਪੈਂਦਾ ਸੀ, ਜੋ ਹੁਣ ਬਿਲਕੁਲ ਮੁਫਤ ਲਾਇਆ ਜਾਵੇਗਾ। ਸੂਬੇ 'ਚ ਇਹ ਟੀਕਾ ਹਰ ਸਾਲ ਤਕਰੀਬਨ 65 ਲੱਖ ਪਸ਼ੂਆਂ ਨੂੰ ਲਾਇਆ ਜਾਂਦਾ ਹੈ। 

ਬਾਜਵਾ ਨੇ ਦੱਸਿਆ ਕਿ ਗਲਘੋਟੂ ਤੋਂ ਬਿਨਾਂ ਪੰਜਾਬ ਸਰਕਾਰ ਨੇ ਸਵਾਈਨ ਬੁਖ਼ਾਰ ਅਤੇ ਪੱਟ ਸੋਜ ਬੀਮਾਰੀਆਂ ਤੋਂ ਬਚਾਅ ਲਈ ਲਾਏ ਜਾਣ ਵਾਲੇ ਟੀਕੇ ਵੀ ਮੁਫਤ ਲਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਅਤੇ ਬੀਮਾਰੀਆਂ ਤੋਂ ਮੁਕਤ ਪਸ਼ੂਆਂ ਅਤੇ ਮੁਰਗੀਆਂ ਦਾ ਸਿੱਧਾ ਸਬੰਧ ਮਨੁੱਖਾਂ ਦੀ ਸਿਹਤ ਨਾਲ ਵੀ ਹੈ, ਇਸ ਲਈ ਇਹ ਫੈਸਲਾ ਜਿੱਥੇ ਪਸ਼ੂਆਂ ਦੀ ਸਿਹਤ 'ਚ ਸੁਧਾਰ ਲਿਆਵੇਗਾ, ਉੱਥੇ ਹੀ ਪੰਜਾਬ ਦੇ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਵਧਾਉਣ 'ਚ ਵੀ ਮਦਦਗਾਰ ਸਾਬਤ ਹੋਵੇਗਾ।


author

Gurminder Singh

Content Editor

Related News