ਪਾਕਿ ਨੇ ਸਿੱਖਾਂ ਤੇ ਹਿੰਦੂਆਂ ਲਈ ਧਾਰਮਿਕ ਸੈਰ-ਸਪਾਟਾ ਪੈਕੇਜ਼ ਪੇਸ਼ ਕਰਨ ਦਾ ਕੀਤਾ ਫੈਸਲਾ

09/11/2020 12:50:25 AM

ਅੰਮ੍ਰਿਤਸਰ : ਪਾਕਿਸਤਾਨ ਸਰਕਾਰ ਨੇ ਪਹਿਲੀ ਵਾਰ ਵਿਸ਼ਵ ਭਰ ਦੇ ਸਿੱਖ ਤੇ ਹਿੰਦੂ ਸ਼ਰਧਾਲੂਆਂ ਨੂੰ ਆਪਣੇ ਇਤਿਹਾਸਕ ਅਸਥਾਨਾਂ 'ਤੇ ਮੱਥਾ ਟੇਕਣ ਤੇ ਧਾਰਮਿਕ ਰਸਮਾਂ ਨਿਭਾਉਣ ਲਈ ਦੇਸ਼ ਆਉਣ ਲਈ ਆਕਰਸ਼ਤ ਕਰਨ ਲਈ ਧਾਰਮਿਕ ਸੈਰ-ਸਪਾਟਾ ਪੈਕੇਜ ਪੇਸ਼ ਕਰਨ
ਦਾ ਫ਼ੈਸਲਾ ਕੀਤਾ ਹੈ। ਇਸਲਾਮਾਬਾਦ ਤੋਂ ਇਵੈਕਿ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਦੇ ਚੇਅਰਮੈਨ ਆਮਿਰ ਅਹਿਮਦ ਨੇ ਕਿਹਾ ਕਿ ਬੋਰਡ ਨੇ ਧਾਰਮਿਕ ਯਾਤਰਾ ਨੂੰ ਹੁਲਾਰਾ ਦੇਣ ਲਈ ਇਸ ਯੋਜਨਾ ਦਾ ਪ੍ਰਸਤਾਵ ਦਿੱਤਾ ਸੀ। ਉਨ੍ਹਾਂ ਕਿਹਾ ਕਿ“ਪੈਕੇਜ ਤਿੰਨ ਦਿਨਾਂ ਜਾਂ ਪੰਜ ਦਿਨਾਂ ਲਈ ਹੋ ਸਕਦੇ ਹਨ। ਅਸੀਂ ਇਸ 'ਤੇ ਕੰਮ ਕਰ ਰਹੇ ਹਾਂ ਅਤੇ ਜਲਦੀ ਹੀ ਟੂਰ ਆਪਰੇਟਰਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਭਾਰਤ ਸਮੇਤ ਵਿਸ਼ਵ ਭਰ ਦੇ ਹਿੰਦੂ ਤੇ ਸਿੱਖ ਸਮੂਹਾਂ ਦੇ ਸ਼ਰਧਾਲੂ ਇਨ੍ਹਾਂ ਪੈਕੇਜਾਂ ਦਾ ਲਾਭ ਲੈ ਸਕਦੇ ਹਨ।

ਐਮਨਾਬਾਦ ਵਿਖੇ ਗੁਰਦੁਆਰਾ ਖਾਰਾ ਸਾਹਿਬ ਖੋਲ੍ਹਣ ਦਾ ਫੈਸਲਾ
ਈ.ਟੀ.ਪੀ.ਬੀ. ਦੇ ਚੇਅਰਮੈਨ ਨੇ ਕਿਹਾ ਕਿ ਇਸ ਪ੍ਰਸਤਾਵ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਸਈਦ ਜ਼ਲਫਿਕਾਰ ਅੱਬਾਸ ਭੁਖਰੀ ਨੇ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਨੇ ਬੁੱਧਵਾਰ ਨੂੰ ਇਸਲਾਮਾਬਾਦ ਵਿਖੇ ਸੈਰ-ਸਪਾਟਾ ਮੰਤਰਾਲੇ ਦੀ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ ਸੀ। ਈ.ਟੀ.ਪੀ.ਬੀ. ਜੋ ਸਿੱਖਾਂ ਅਤੇ ਹਿੰਦੂਆਂ ਦੇ ਧਾਰਮਿਕ ਮਾਮਲਿਆਂ ਦੀ ਦੇਖਭਾਲ ਕਰ ਰਹੀ ਹੈ, ਨੇ ਵੀ ਗੁਰਦੁਆਰਾ ਖਾਰਾ ਸਾਹਿਬ ਐਮਿਨਾਬਾਦ ਖੋਲ੍ਹਣ ਦਾ ਫੈਸਲਾ ਕੀਤਾ ਹੈ ਅਤੇ ਪਿਛਲੇ ਦਿਨੀਂ ਖੋਲ੍ਹੇ ਗਏ ਗੁਰਦੁਆਰਾ ਚੋਆ ਸਾਹਿਬ ਦੇ ਵਿਕਾਸ ਅਤੇ ਨਵੀਨੀਕਰਨ ਲਈ ਸਿਧਾਂਤਕ ਤੌਰ 'ਤੇ ਪ੍ਰਵਾਨਗੀ ਦੇ ਦਿੱਤੀ ਹੈ। ਈ.ਟੀ.ਪੀ.ਬੀ. ਹਸਨ ਅਬਦਾਲ ਦੇ ਗੁਰਦੁਆਰਾ ਪੰਜਾ ਸਾਹਿਬ ਦੇ ਹੇਠੋਂ ਲੰਘ ਰਹੀ ਤੂਫਾਨੀ ਪਾਣੀ ਦੀ ਨਾਲੀ ਨੂੰ ਵੀ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪਾਕਿਸਤਾਨ ਦੇ ਪੰਜਾਬ ਦੇ ਸਿਆਲਕੋਟ ਜ਼ਿਲ੍ਹੇ 'ਚ 1000 ਸਾਲ ਪੁਰਾਣੀ ਸ਼ਿਵਾਲਾ ਤੇਜਾ ਸਿੰਘ ਲਈ ਇਕ ਵੱਡਾ ਨਵੀਨੀਕਰਨ ਪ੍ਰੋਗਰਾਮ ਵੀ ਸ਼ੁਰੂ ਕੀਤਾ ਗਿਆ ਹੈ। ਇਤਿਹਾਸਕ ਸ਼ਿਵਾਲਾ, ਜੋ ਵੰਡ ਤੋਂ ਬਾਅਦ ਬੰਦ ਸੀ, ਨੂੰ ਜੁਲਾਈ 2019 ਵਿਚ ਹਿੰਦੂਆਂ ਲਈ ਧਾਰਮਿਕ ਸੇਵਾਵਾਂ ਨਿਭਾਉਣ ਲਈ ਖੋਲ੍ਹ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲਾਹੌਰ ਤੋਂ ਕਰਤਾਰਪੁਰ ਸਾਹਿਬ ਜਾਣ ਵਾਲੀ ਮੁੱਖ ਸੜਕ ਦੀ ਮੁਰੰਮਤ ਦਾ ਵੀ ਫੈਸਲਾ ਕੀਤਾ ਹੈ, ਜੋ ਬਰਸਾਤੀ ਮੌਸਮ ਦੌਰਾਨ ਖਰਾਬ ਹੋ ਜਾਂਦੀ ਹੈ। ਇਨ੍ਹਾਂ ਵਿਕਾਸ ਯੋਜਨਾਵਾਂ ਨੂੰ ਸੂਚੀਬੱਧ ਕਰਨ ਤੋਂ ਇਲਾਵਾ ਈ.ਟੀ.ਪੀ.ਬੀ. ਦੇ ਚੇਅਰਮੈਨ ਨੇ ਕਿਹਾ ਕਿ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਵਿਖੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 'ਜੋਤੀ ਜੋਤ ਦਿਵਸ' ਮਨਾਉਣ ਲਈ ਇਕ ਪ੍ਰੋਗਰਾਮ ਜਾਰੀ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ 'ਅਖੰਡ ਪਾਠ' 20 ਸਤੰਬਰ ਨੂੰ ਸ਼ੁਰੂ ਹੋਵੇਗਾ ਅਤੇ 'ਭੋਗ' 22 ਸਤੰਬਰ ਨੂੰ ਕੀਤਾ ਜਾਵੇਗਾ।



 


Deepak Kumar

Content Editor

Related News