''ਮਹਾਰਾਸ਼ਟਰ ਸਰਕਾਰ ਨੇ ਨੰਦੇੜ ''ਚ ਫਸੇ ਸ਼ਰਧਾਲੂਆਂ ਦੀ ਸਹੀ ਤਰੀਕੇ ਨਾਲ ਨਹੀਂ ਕੀਤੀ ਸਕਰੀਨਿੰਗ''

05/04/2020 10:45:43 PM

ਲੁਧਿਆਣਾ/ਚੰਡੀਗੜ੍ਹ : ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਨੰਦੇੜ ਵਿੱਚ ਫਸੇ ਸ਼ਰਧਾਲੂਆਂ ਦੀ ਸਕਰੀਨਿੰਗ ਸਹੀ ਤਰੀਕੇ ਨਾਲ ਨਹੀਂ ਕੀਤੀ। ਮਹਾਰਾਸ਼ਟਰ ਸਰਕਾਰ ਦੀ ਇਸ ਗਲਤੀ ਕਾਰਨ ਹੀ ਪੰਜਾਬ ਵਿੱਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਇੰਨੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸੰਬੰਧੀ ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਤੋਪੇ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਨਾਖੁਸ਼ੀ ਪ੍ਰਗਟਾਈ ਹੈ।

ਸਿੱਧੂ ਅੱਜ ਸਥਾਨਕ ਪੁਲਸ ਲਾਈਨਜ਼ ਵਿਖੇ ਮੀਟਿੰਗ ਕਰਨ ਲਈ ਪਹੁੰਚੇ ਸਨ। ਇਸ ਮੀਟਿੰਗ ਵਿੱਚ ਲੋਕ ਸਭਾ ਮੈਂਬਰ ਸ. ਰਵਨੀਤ ਸਿੰਘ ਬਿੱਟੂ, ਰਾਕੇਸ਼ ਪਾਂਡੇ, ਸ. ਅਮਰੀਕ ਸਿੰਘ ਢਿੱਲੋਂ, ਸ੍ਰੀ ਸੁਰਿੰਦਰ ਡਾਬਰ, ਸ੍ਰ. ਕੁਲਦੀਪ ਸਿੰਘ ਵੈਦ, ਸ੍ਰੀ ਸੰਜੇ ਤਲਵਾੜ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ, ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਸਿੱਧੂ ਨੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸੁਝਾਅ ਮੰਗੇ।

ਇਸ ਮੌਕੇ ਇਕੱਤਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਸਿੱਧੂ ਨੇ ਕਿਹਾ ਕਿ ਜੇਕਰ ਮਹਾਰਾਸ਼ਟਰ ਸਰਕਾਰ ਵੱਲੋਂ ਇਸ ਸੰਬੰਧੀ ਪੰਜਾਬ ਸਰਕਾਰ ਨੂੰ ਸਮੇਂ ਸਿਰ ਦੱਸ ਦਿੱਤਾ ਜਾਂਦਾ ਤਾਂ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸ਼ਰਧਾਲੂਆਂ ਦੀ ਇਸ ਤੋਂ ਵੀ ਜਿਆਦਾ ਉੱਚਿਤ ਸਿਹਤ ਸੰਭਾਲ ਲਈ ਪ੍ਰਬੰਧ ਕੀਤੇ ਜਾ ਸਕਦੇ ਸਨ। ਮਹਾਰਾਸ਼ਟਰ ਸਰਕਾਰ ਵੱਲੋਂ ਇਨ੍ਹਾਂ ਸ਼ਰਧਾਲੂਆਂ ਦਾ ਸਿਰਫ਼ ਸਰੀਰਕ ਬੁਖਾਰ ਹੀ ਚੈੱਕ ਕੀਤਾ ਗਿਆ। ਪੰਜਾਬ ਸਰਕਾਰ ਨੂੰ ਇਨ੍ਹਾਂ ਲੋਕਾਂ ਦੇ ਪਾਜ਼ੇਟਿਵ ਜਾਂ ਨੈਗੇਟਿਵ ਹੋਣ ਬਾਰੇ ਮੁਕੰਮਲ ਵੇਰਵੇ ਦੇਣੇ ਚਾਹੀਦੇ ਸਨ ਤਾਂ ਜੋ ਇਨ੍ਹਾਂ ਨੂੰ ਲਿਆਉਣ ਅਤੇ ਰੱਖਣ ਲਈ ਵੱਖਰੇ ਤੌਰ 'ਤੇ ਪ੍ਰਬੰਧ ਕੀਤੇ ਜਾਂਦੇ। ਉਨ੍ਹਾਂ ਕਿਹਾ ਕਿ ਹਰੇਕ ਨੂੰ ਪਤਾ ਹੈ ਕਿ ਇਸ ਬਿਮਾਰੀ ਦੀ ਸ਼ੁਰੂਆਤ ਹੀ ਮਹਾਰਾਸ਼ਟਰ ਵਿੱਚ ਹੋਈ ਹੈ ਅਤੇ ਉਥੋਂ ਦੀ ਸਰਕਾਰ ਦੀ ਨਲਾਇਕੀ ਕਾਰਨ ਇਹ ਦੇਸ਼ ਦਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਬਣ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਸਿਹਤ ਸੁਰੱਖਿਆ ਲਈ ਹਰ ਸੰਭਵ ਯਤਨ ਕਰਨ ਲਈ ਦ੍ਰਿੜ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟਾਂ ਵਿੱਚ ਤੇਜ਼ੀ ਲਿਆਉਣ ਲਈ ਮੌਜੂਦਾ ਸਰਕਾਰੀ ਲੈਬਾਰਟਰੀਆਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸੀ. ਐੱਮ. ਸੀ. ਹਸਪਤਾਲ ਵਿੱਚ ਵੀ ਇਨ੍ਹਾਂ ਟੈਸਟਾਂ ਦੀ ਜਾਂਚ ਹੋਣ ਲੱਗੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਨਿੱਜੀ ਲੈਬਾਰਟਰੀਆਂ ਡਾ. ਲਾਲ ਪੈਥ ਲੈਬਜ਼, ਤੁਲੀ ਲੈਬਜ਼ ਅੰਮ੍ਰਿਤਸਰ ਸਾਹਿਬ ਅਤੇ ਹੋਰ ਕੰਪਨੀਆਂ ਨਾਲ ਵੀ ਸਮਝੌਤਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਪੰਜਾਬ ਵਿੱਚ ਪ੍ਰਤੀ ਦਿਨ 6000 ਤੋਂ ਵਧੇਰੇ ਲੈਬ ਟੈਸਟ ਹੋਣੇ ਸ਼ੁਰੂ ਹੋ ਜਾਣਗੇ।

ਇਸ ਮੌਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਲਗਾਉਂਦਿਆਂ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਜਾ ਰਹੀ ਹੈ। ਕੋਵਿਡ 19 ਦਾ ਟਾਕਰਾ ਕਰਨ ਲਈ ਸੂਬੇ ਨੂੰ ਹੁਣ ਤੱਕ ਸਿਰਫ਼ 71 ਕਰੋੜ ਰੁਪਏ ਹੀ ਜਾਰੀ ਕੀਤੇ ਗਏ ਹਨ, ਜੋ ਕਿ ਬਹੁਤ ਘੱਟ ਹਨ। ਉਨ੍ਹਾਂ ਕਿਹਾ ਕਿ ਇਥੋਂ ਤੱਕ ਕੇਂਦਰ ਸਰਕਾਰ ਨੇ ਪੰਜਾਬ ਨੂੰ ਜੀ. ਐੱਸ. ਟੀ. ਦੇ ਬਕਾਇਆ ਪਏ 4400 ਕਰੋੜ ਰੁਪਏ ਵੀ ਜਾਰੀ ਨਹੀਂ ਕੀਤੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਇਕਾਂਤਵਾਸ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਈਸੋਲੇਸ਼ਨ ਸੈਂਟਰਾਂ ਵਿੱਚ ਵੀ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਹਰ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਦਿਨ ਰਾਤ ਕੰਮ ਕਰ ਰਿਹਾ ਹੈ, ਜਿਸ ਕਾਰਨ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ।

 


Deepak Kumar

Content Editor

Related News