ਕੇਂਦਰ ਸਰਕਾਰ ਅੰਮ੍ਰਿਤਸਰ ਹਵਾਈ ਅੱਡੇ ਨੂੰ ਲੈ ਕੇ ਸੰਜੀਦਾ ਨਹੀਂ : ਔਜਲਾ

Monday, Oct 16, 2017 - 07:12 AM (IST)

ਅੰਮ੍ਰਿਤਸਰ/ਰਾਜਾਸਾਂਸੀ  (ਪ੍ਰਵੀਨ ਪੁਰੀ, ਨਿਰਵੈਲ, ਭੱਟੀ) - ਹਾਲ ਹੀ 'ਚ ਕੈਨੇਡਾ ਤੇ ਅਮਰੀਕਾ ਦਾ ਦੌਰਾ ਕਰ ਕੇ ਪਰਤੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਪ੍ਰਵਾਸੀ ਭਾਰਤੀ ਜਿਨ੍ਹਾਂ 'ਚ ਬਹੁਗਿਣਤੀ ਪੰਜਾਬੀਆਂ ਦੀ ਹੈ, ਦਿੱਲੀ ਦੇ ਹਵਾਈ ਅੱਡੇ 'ਤੇ ਉਤਰਨ ਨਾਲੋਂ ਅੰਮ੍ਰਿਤਸਰ ਆਉਣ ਨੂੰ ਵੱਧ ਤਰਜੀਹ ਦਿੰਦੇ ਹਨ, ਬਸ਼ਰਤੇ ਕਿ ਉਨ੍ਹਾਂ ਨੂੰ ਇਥੇ ਆਉਣ ਲਈ ਸਿੱਧੀ ਉਡਾਣ ਮਿਲੇ।  ਅੱਜ ਹਵਾਈ ਅੱਡੇ ਵਿਖੇ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਯਾਤਰੀਆਂ ਦੀ ਸੁਰੱਖਿਆ ਅਤੇ ਹਵਾਈ ਅੱਡੇ ਦੀ ਤਰੱਕੀ ਲਈ ਗੁਰਦੁਆਰਾ ਬਾਬਾ ਜਵੰਦ ਸਿੰਘ ਵਿਖੇ ਕਰਵਾਏ ਗਏ ਅਖੰਡ ਪਾਠ ਦੇ ਭੋਗ 'ਚ ਸ਼ਾਮਲ ਹੋਣ ਆਏ ਸ. ਔਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਾਲ ਹਰਿਆਣਾ ਦੇ ਮੂਰਥਲ ਇਲਾਕੇ ਵਿਚ ਉਥੋਂ ਦੇ ਲੋਕਾਂ ਵੱਲੋਂ ਰਾਹਗੀਰਾਂ ਨਾਲ ਕੀਤੇ ਗਏ ਵਤੀਰੇ ਤੋਂ ਹਰ ਪ੍ਰਵਾਸੀ ਦੁਖੀ ਹੈ ਅਤੇ ਉਹ ਚਾਹੁੰਦੇ ਹਨ ਕਿ ਅਸੀਂ ਦਿੱਲੀ ਦੇ ਹਵਾਈ ਅੱਡੇ 'ਤੇ ਨਾ ਆ ਕੇ ਸ੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਅੰਮ੍ਰਿਤਸਰ ਵਿਚ ਉਤਰੀਏ ਅਤੇ ਇਥੋਂ ਹੀ ਵਾਪਸ ਜਾਈਏ ਪਰ ਕੇਂਦਰ ਸਰਕਾਰ ਅੰਮ੍ਰਿਤਸਰ ਨਾਲ ਮਤਰੇਈ ਮਾਂ ਵਰਗਾ ਵਿਵਹਾਰ ਕਰ ਰਹੀ ਹੈ ਅਤੇ ਇਸ ਹਵਾਈ ਅੱਡੇ ਨੂੰ ਅੱਗੇ ਵਧਾਉਣ ਲਈ ਸੰਜੀਦਾ ਨਹੀਂ ਹੈ।
ਅੰਮ੍ਰਿਤਸਰ ਦੇ ਵਿਕਾਸ ਅਤੇ ਲੋਕਾਂ ਦੀ ਸਹੂਲਤ ਲਈ ਕੇਂਦਰ ਸਰਕਾਰ ਤੱਕ ਇਸ ਹਵਾਈ ਅੱਡੇ ਦੀ ਬਿਹਤਰੀ ਲਈ ਆਵਾਜ਼ ਉਠਾਉਣ ਦਾ ਭਰੋਸਾ ਦਿੰਦੇ ਹੋਏ ਸ. ਔਜਲਾ ਨੇ ਕਿਹਾ ਕਿ ਜੇਕਰ ਇਥੋਂ ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਅਮਰੀਕਾ ਆਦਿ ਲਈ ਉਡਾਣਾਂ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਸਾਰੇ ਪੰਜਾਬੀ ਇਥੇ ਆਉਣ ਨੂੰ ਤਰਜੀਹ ਦੇਣਗੇ।
ਉਨ੍ਹਾਂ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਲੋਕਾਂ ਦੀ ਸਹੂਲਤ ਲਈ ਅੰਮ੍ਰਿਤਸਰ-ਨਾਂਦੇੜ ਉਡਾਣ ਇਸ ਇਲਾਕੇ ਦੀ ਵੱਡੀ ਮੰਗ ਹੈ ਅਤੇ ਇਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਹਵਾਈ ਅੱਡੇ 'ਤੇ ਸੰਘਣੀ ਧੁੰਦ ਵਿਚ ਜਹਾਜ਼ ਉਤਾਰਨ ਦੀ ਵਿਵਸਥਾ ਹੋ ਚੁੱਕੀ ਹੈ ਪਰ ਇਸ ਦੀ ਵਰਤੋਂ ਲਈ ਨਵੀਂ ਤਕਨੀਕ ਵਾਲੇ ਜਹਾਜ਼ ਆਉਣ ਤਾਂ ਹੀ ਇਸ ਤਕਨੀਕ ਦੀ ਸਹੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਇਥੇ ਮਲਟੀ ਲੈਵਲ ਪਾਰਕਿੰਗ, ਨਵੀਆਂ ਕਨਵੇਅਰ ਬੈਲਟਾਂ, ਬ੍ਰਿਜ ਆਦਿ ਬਣਨ ਦਾ ਪ੍ਰਸਤਾਵ ਬਣਾਇਆ ਗਿਆ ਹੈ ਪਰ ਇਸ ਦਾ ਲਾਭ ਤਾਂ ਹੀ ਹੋ ਸਕਦਾ ਹੈ ਜੇਕਰ ਵਿਦੇਸ਼ਾਂ ਤੋਂ ਸਿੱਧੀਆਂ ਉਡਾਣਾਂ ਇਥੇ ਆਉਣ।
ਇਸ ਮੌਕੇ ਵਾਇਸ ਆਫ ਅੰਮ੍ਰਿਤਸਰ, ਮਿਸ਼ਨ ਆਗਾਜ਼, ਅੰਮ੍ਰਿਤਸਰ ਵਿਕਾਸ ਮੰਚ, ਸਰਬੱਤ ਦਾ ਭਲਾ ਟਰੱਸਟ ਤੇ ਸਾਂਝੀ ਛਾਂ ਫਾਊਂਡੇਸ਼ਨ ਦੇ ਪ੍ਰਤੀਨਿਧੀ ਵੀ ਹਾਜ਼ਰ ਸਨ। ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੁਨੀਲ ਕੁਮਾਰ ਜਾਖੜ ਨੂੰ ਗੁਰਦਾਸਪੁਰ ਤੋਂ ਜਿੱਤਣ ਦੀ ਵਧਾਈ ਵੀ ਦਿੱਤੀ।


Related News