ਪੰਜਾਬ ਦੀਆਂ ਜੇਲ੍ਹਾਂ 'ਚ ਪਰਿੰਦਾ ਵੀ ਪਰ ਨਹੀਂ ਮਾਰ ਸਕੇਗਾ, ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ

Saturday, Dec 28, 2024 - 11:42 AM (IST)

ਪੰਜਾਬ ਦੀਆਂ ਜੇਲ੍ਹਾਂ 'ਚ ਪਰਿੰਦਾ ਵੀ ਪਰ ਨਹੀਂ ਮਾਰ ਸਕੇਗਾ, ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ

ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ) : ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸ਼ੁੱਕਰਵਾਰ ਨੂੰ ਜੇਲ੍ਹ ਵਿਭਾਗ ਵਲੋਂ ਸਾਲ 2024 ਦੌਰਾਨ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨ ਤੇ ਕੈਦੀਆਂ ਦੇ ਮੁੜ-ਵਸੇਬੇ ਲਈ ਕੀਤੀਆਂ ਗਈਆਂ ਅਹਿਮ ਪਹਿਲ ਕਦਮੀਆਂ ’ਤੇ ਚਾਨਣਾ ਪਾਇਆ। ਸੂਬੇ ’ਚ ਜੇਲ੍ਹਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲੁਧਿਆਣਾ ਨੇੜੇ 50 ਏਕੜ ਰਕਬੇ ’ਚ 100 ਕਰੋੜ ਰੁਪਏ ਦੀ ਲਾਗਤ ਨਾਲ ਉੱਚ ਸੁਰੱਖਿਆ ਜੇਲ੍ਹ ਦੀ ਸਥਾਪਨਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਾਲ-2025 'ਚ ਕਦੋਂ-ਕਦੋਂ ਹੋਣਗੀਆਂ ਸਰਕਾਰੀ ਛੁੱਟੀਆਂ, ਜਾਰੀ ਹੋਇਆ ਕੈਲੰਡਰ

ਇਸ ਜੇਲ੍ਹ ਦੇ ਮੁਕੰਮਲ ਹੋਣ ਉਪਰੰਤ ਇੱਥੇ 300 ਖ਼ਤਰਨਾਕ ਕੈਦੀਆਂ ਨੂੰ ਰੱਖਿਆ ਜਾਵੇਗਾ। ਹੋਰ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਭਾਗ ਵਲੋਂ ਟੈਕਨਾਲੋਜੀ ਦੀ ਵਰਤੋਂ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ, ਜਿਸ ਤਹਿਤ 8 ਕੇਂਦਰੀ ਜੇਲ੍ਹਾਂ ’ਚ ਏ. ਆਈ. ਆਧਾਰਿਤ ਸੀ. ਸੀ .ਟੀ. ਵੀ. ਨਿਗਰਾਨ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ ਤਾਂ ਜੋ ਪਾਬੰਦੀਸ਼ੁਦਾ ਪਦਾਰਥਾਂ ਦੇ ਸੁੱਟੇ ਜਾਣ, ਕੰਧ ਟੱਪਣ ਅਤੇ ਅਣ-ਅਧਿਕਾਰਤ ਮੋਬਾਇਲ ਵਰਤੋਂ ਦਾ ਪਤਾ ਲਾਇਆ ਜਾ ਸਕੇ। ਇਸ ਪ੍ਰਣਾਲੀ ਦਾ ਵਿਸਥਾਰ 6 ਹੋਰ ਜੇਲ੍ਹਾਂ ’ਚ ਕੀਤਾ ਜਾਵੇਗਾ। ਕੇਂਦਰੀ ਜੇਲ੍ਹ ਬਠਿੰਡਾ ’ਚ ਵੀ-ਕਵਚ ਜੈਮਰ ਨੂੰ ਸਫ਼ਲਤਾ ਪੂਰਵਕ ਲਾਗੂ ਕਰਨ ਉਪਰੰਤ 12 ਸੰਵੇਦਨਸ਼ੀਲ ਜੇਲ੍ਹਾਂ ’ਚ ਇਸ ਨੂੰ ਸਥਾਪਿਤ ਕੀਤੇ ਜਾਣ ਦੀ ਪ੍ਰਕਿਰਿਆ ਜਾਰੀ ਹੈ।

ਇਹ ਵੀ ਪੜ੍ਹੋ : Social Media 'ਤੇ ਆਹ ਕੰਮ ਕਰਨ ਵਾਲੇ ਸਾਵਧਾਨ! ਰੱਦ ਹੋ ਸਕਦੈ ਲਾਇਸੈਂਸ

ਬਠਿੰਡਾ ਜੇਲ੍ਹ ’ਚ ਸੁਰੱਖਿਆ ਲਈ ਇਕ ਵਾਧੂ ਸੀ. ਆਰ. ਪੀ. ਐੱਫ. ਕੰਪਨੀ ਵੀ ਤਾਇਨਾਤ ਕੀਤੀ ਗਈ ਹੈ। ਜੇਲ੍ਹ ਮੰਤਰੀ ਨੇ ਦੱਸਿਆ ਕਿ ਅਣ-ਅਧਿਕਾਰਤ ਮੋਬਾਇਲ ਵਰਤੋਂ ਰੋਕਣ ਦੇ ਨਾਲ-ਨਾਲ ਸੰਚਾਰ ਦੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਤਹਿਤ ਜੇਲ੍ਹਾਂ ’ਚ 750 ਤੋਂ ਵੱਧ ਕਾਲਿੰਗ ਸਿਸਟਮ ਸਥਾਪਿਤ ਕੀਤੇ ਜਾ ਰਹੇ ਹਨ ਤਾਂ ਜੋ ਕੈਦੀ ਆਪਣੇ ਪਰਿਵਾਰਾਂ ਅਤੇ ਵਕੀਲਾਂ ਨਾਲ ਗੱਲ ਕਰ ਸਕਣ। ਕੈਦੀਆਂ ਦੇ ਮੁੜ-ਵਸੇਬੇ ਸਬੰਧੀ ਉਪਰਾਲਿਆਂ ਬਾਰੇ ਗੱਲ ਕਰਦਿਆਂ ਭੁੱਲਰ ਨੇ ਦੱਸਿਆ ਕਿ ‘ਸਿੱਖਿਆ ਦਾਤ ਪ੍ਰਾਜੈਕਟ’ ਤਹਿਤ 2200 ਕੈਦੀ ਵਿੱਦਿਅਕ ਕੋਰਸ ਕਰ ਰਹੇ ਹਨ, ਜਦੋਂ ਕਿ 513 ਕੈਦੀ ਇਸ ਸਾਲ ਦਸੰਬਰ ’ਚ ਸ਼ੁਰੂ ਹੋਣ ਵਾਲੇ ਇਲੈਕਟ੍ਰੀਕਲ ਵਰਕ, ਪਲੰਬਿੰਗ ਤੇ ਟੇਲਰਿੰਗ ਸਮੇਤ ਵੱਖ-ਵੱਖ ਹੁਨਰ ਵਿਕਾਸ ਪ੍ਰੋਗਰਾਮਾਂ ’ਚ ਰਜਿਸਟਰ ਕੀਤੇ ਜਾ ਰਹੇ ਹਨ।

ਵਿਭਾਗ ਵਲੋਂ ਨਾਭਾ ਤੇ ਫਾਜ਼ਿਲਕਾ ਵਿਖੇ 2 ਨਵੇਂ ਪੈਟਰੋਲ ਪੰਪ ਸਥਾਪਿਤ ਕਰ ਕੇ ਆਪਣੀਆਂ ਵਪਾਰਕ ਪਹਿਲ ਕਦਮੀਆਂ ਦਾ ਵਿਸਤਾਰ ਵੀ ਕੀਤਾ ਗਿਆ ਹੈ ਤੇ ਮੌਜੂਦਾ ਸਮੇਂ ਪੈਟਰੋਲ ਪੰਪਾਂ ਦੀ ਕੁੱਲ ਗਿਣਤੀ 8 ਹੋ ਗਈ ਹੈ। ਸਟਾਫ਼ ਸਬੰਧੀ ਲੋੜਾਂ ਬਾਰੇ ਗੱਲ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰ ਵਲੋਂ ਵੱਖ-ਵੱਖ ਕਾਡਰਾਂ ਦੀਆਂ 1220 ਆਸਾਮੀਆਂ ਨੂੰ ਸੁਰਜੀਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਸਬੰਧੀ ਜਲਦ ਹੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News