ਸਰਕਾਰ ਵੱਲੋਂ ਪੈਦਾ ਕੀਤਾ ਜਾ ਰਿਹਾ ਹੈ ਬਿਜਲੀ ਸੰਕਟ : ਸਤਿੰਦਰ ਜੈਨ
Monday, Oct 11, 2021 - 02:53 AM (IST)
ਸੰਗਰੂਰ(ਸਿੰਗਲਾ)- ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਜਿੱਥੇ ਦੇਸ਼ ਵਿਚ ਪੈਦਾ ਹੋਏ ਬਿਜਲੀ ਸੰਕਟ ਨੂੰ ਕੇਂਦਰ ਦੀ ਮੋਦੀ ਸਰਕਾਰ ਦੀ ਡੂੰਘੀ ਸਾਜਿਸ਼ ਕਿਹਾ ਹੈ ਉਥੇ ਪੰਜਾਬ ਦੀਆਂ ਸਰਕਾਰੀ ਸਿਹਤ ਸੇਵਾਵਾਂ ਦੀ ਤਰਸਯੋਗ ਹਾਲਤ ਲਈ ਪਿਛਲੇ ਲੰਬੇ ਸਮੇਂ ਤੋਂ ਇਲਾਜ ਕਰਦੀਆਂ ਆ ਰਹੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਨੂੰ ਜਿੰਮੇਵਾਰ ਦੱਸਿਆ ਹੈ।
ਐਤਵਾਰ ਨੂੰ ਸਤਿੰਦਰ ਜੈਨ ਪਾਰਟੀ ਦੇ ਮਰਹੂਮ ਆਗੂ ਸੰਦੀਪ ਸਿੰਗਲਾ ਦੀ ਯਾਦ ਵਿਚ ਪਰਿਵਾਰ ਵੱਲੋਂ ਆਯੋਜਿਤ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਧੂਰੀ ਪਹੁੰਚੇ ਸਨ। ਇਸ ਪ੍ਰੋਗਰਾਮ ਵਿਚ ਪਾਰਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਹੋਰ ਆਗੂਆਂ ਨੇ ਹਾਜਰੀ ਲਗਵਾਈ।
ਇਹ ਵੀ ਪੜ੍ਹੋ : ਕੱਚੇ ਤੇ ਠੇਕਾ ਆਧਾਰਿਤ ਮੁਲਾਜ਼ਮਾਂ ਨੇ ਘੇਰਿਆ ਕੈਬਨਿਟ ਮੰਤਰੀ ਰਾਜਾ ਵੜਿੰਗ ਦਾ ਘਰ
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਸਤਿੰਦਰ ਜੈਨ ਨੇ ਕਿਹਾ, "ਭਾਰਤ ਵਿੱਚ ਬਿਜਲੀ ਸੰਕਟ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੁਆਰਾ ਇੱਕ ਡੂੰਘੀ ਸਾਜ਼ਿਸ਼ ਦੇ ਤਹਿਤ ਪੈਦਾ ਕੀਤੇ ਜਾ ਰਹੇ ਹਨ ਜਦੋਂ ਕਿ ਬਿਜਲੀ ਦੇ ਉਤਪਾਦਨ ਦੀ ਸਮਰੱਥਾ ਦੇਸ਼ ਵਿੱਚ ਇਸਦੀ ਮੰਗ ਨਾਲੋਂ ਕਿਤੇ ਜ਼ਿਆਦਾ ਹੈ।"
ਸਤਿੰਦਰ ਜੈਨ, ਜਿਨ੍ਹਾਂ ਕੋਲ ਦਿੱਲੀ ਦੇ ਊਰਜਾ ਮੰਤਰਾਲੇ ਦੀ ਵੀ ਜ਼ਿੰਮੇਵਾਰੀ ਹੀ, ਨੇ ਬਿਜਲੀ ਸੰਕਟ ਬਾਰੇ ਵਿਸਥਾਰ ਨਾਲ ਦਸਦਿਆਂ ਹੋਇਆ ਕਿਹਾ ਕਿ ਦੇਸ਼ ਵਿੱਚ ਕੁੱਲ ਬਿਜਲੀ ਉਤਪਾਦਨ ਸਮਰੱਥਾ 340000 ਮੈਗਾ ਵਾਟ ਹੈ, ਜਿਸ ਦੇ ਮੁਕਾਬਲੇ ਪੂਰੇ ਦੇਸ਼ ਵਿੱਚ 100000 ਮੈਗਾ ਵਾਟ ਦੀ ਹੀ ਮੰਗ ਹੈ। ਹਾਲਾਂਕਿ, ਕੋਈ ਵੀ ਪਾਵਰ ਪਲਾਂਟ ਆਪਣੀ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰ ਰਿਹਾ ਅਤੇ ਜੋ ਪਾਵਰ ਹਾਊਸ ਆਪਣੀ ਸਮਰੱਥਾ ਦੇ ਅੱਧੇ ਤੱਕ ਕੰਮ ਕਰ ਰਹੇ ਹਨ, ਕੋਲ ਇੱਕ ਦਿਨ ਤੋਂ ਵੱਧ ਸਮੇਂ ਲਈ ਕੋਲੇ ਦਾ ਭੰਡਾਰ ਨਹੀਂ ਹੈ ਜਦੋਂ ਕਿ ਇਨ੍ਹਾਂ ਪਾਵਰ ਪਲਾਂਟਾਂ ਵਿੱਚ ਘੱਟੋ ਘੱਟ 20 ਦਿਨਾਂ ਲਈ ਕੋਲੇ ਦਾ ਭੰਡਾਰ ਹੋਣਾ ਚਾਹੀਦਾ ਹੈ। ਮੋਦੀ ਸਰਕਾਰ 'ਤੇ ਵਰ੍ਹਦਿਆਂ ਜੈਨ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਬਿਜਲੀ ਉਤਪਾਦਨ ਪਲਾਂਟਾਂ ਲਈ ਕੋਲੇ ਦੀ ਉਪਲਬਧਤਾ ਨੂੰ ਯਕੀਨੀ ਬਣਾਵੇ ਪਰ ਮੋਦੀ ਸਰਕਾਰ ਯੋਜਨਾਬੱਧ ਤਰੀਕੇ ਨਾਲ ਕੋਲੇ ਦੀ ਨਕਲੀ ਘਾਟ ਪੈਦਾ ਕਰ ਕੇ ਦੇਸ਼ ਵਿੱਚ ਖਲਬਲੀ ਪੈਦਾ ਕਰਨ ਤੇ ਤੁਲੀ ਹੋਈ ਹੈ।
ਇਹ ਵੀ ਪੜ੍ਹੋ : ਮੁਕੇਰੀਆਂ ’ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਫ਼ੈਲੀ ਸਨਸਨੀ
ਸਤਿੰਦਰ ਜੈਨ ਨੇ ਸਿਹਤ ਸੇਵਾਵਾਂ ਦੇ ਸੰਬੰਧ ਵਿਚ ਕਿਹਾ ਕਿ 1980 ਤੱਕ ਪੰਜਾਬ ਦਾ ਸਰਕਾਰੀ ਸਿਹਤ ਸੇਵਾਵਾਂ ਪ੍ਰਬੰਧ ਦੇਸ਼ ਭਰ ਵਿਚੋਂ ਸਰਵੋਤਮ ਸੀ। ਪਿਛਲੇ 4 ਦਹਾਕਿਆਂ ਦੌਰਾਨ ਸੱਤਾਧਾਰੀ ਕਾਂਗਰਸ ਅਤੇ ਅਕਾਲੀ-ਭਾਜਪਾ ਨੇ ਪੰਜਾਬ ਦੀ ਸਰਕਾਰੀ ਸਿਹਤ ਸੇਵਾਵਾਂ ਦੀ ਤਰਸਯੋਗ ਹਾਲਤ ਬਣਾ ਦਿੱਤੀ, ਇਸਦੇ ਪਿੱਛੇ ਸਰਕਾਰੀ ਸਿਹਤ ਸੇਵਾਵਾਂ ਦੀ ਬਲੀ ਲੈ ਕੇ ਨਿੱਜੀ ਹਸਪਤਾਲਾਂ ਨੂੰ ਪ੍ਰਫੁੱਲਤ ਕਰਨ ਦੀ ਸੋਚੀ-ਸਮਝੀ ਸਾਜਿਸ਼ ਸੀ। ਜਿਸਦਾ ਖਮਿਆਜਾ ਪੰਜਾਬ ਦੇ ਆਮ ਅਤੇ ਗਰੀਬ ਲੋਕਾਂ ਸਮੇਤ ਸਾਰੇ ਵਰਗ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਨਿਅਤ ਅਤੇ ਨੀਤੀ ਸਾਫ ਅਤੇ ਸਪੱਸ਼ਟ ਹੋਣ ਦੇ ਨਾਤੇ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਸਰਕਾਰੀ ਸਿਹਤ ਸੇਵਾਵਾਂ ਵਿੱਚ ਮਿਸਾਲੀਆ ਕੰਮ ਕੀਤਾ ਹੈ। ਦੂਜੇ ਪਾਸੇ ਪੰਜਾਬ ਦੀਆਂ ਸਰਕਾਰਾਂ ਤੋਂ 5 ਨਵੀਂ ਡਿਸਪੈਂਸਰੀਆਂ ਵੀ ਨਹੀਂ ਬਣ ਸਕੀਆਂ। ਉਨ੍ਹਾਂ ਚੁਣੌਤੀ ਦਿੰਦੇ ਕਿਹਾ ਕਿ ਦਿੱਲੀ ਵਿਚ ਕੇਜਰੀਵਾਲ ਦੀ ਸਰਕਾਰ ਨੇ ਸੈਂਕੜੇ ਮੁਹੱਲਾ ਕਲੀਨਿਕ ਸਥਾਪਿਤ ਕਰ ਦਿੱਤੇ ਪਰੰਤੂ ਪੰਜਾਬ ਸਰਕਾਰ ਉਨ੍ਹਾਂ 5 ਸਰਕਾਰੀ ਡਿਸਪੈਂਸਰੀਆਂ ਦੇ ਨਾਮ ਦੱਸੇ ਜਿਹੜੀਆਂ ਪਿਛਲੇ ਸਾਢੇ 4 ਸਾਲ ਦੌਰਾਨ ਬਣਾਇਆਂ ਹੋਣ।
ਲਖੀਮਪੁਰ ਖ਼ੇਰੀ ਦੀ ਘਟਨਾ ਨੂੰ ਰਾਸ਼ਟਰ ਦੇ ਲੋਕਤੰਤਰ 'ਤੇ ਧੱਬਾ ਕਰਾਰ ਦਿੰਦਿਆਂ ਜੈਨ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਭਾਜਪਾ ਅਤੇ ਇਸਦੇ ਨੇਤਾਵਾਂ ਨੇ ਤਾਨਾਸ਼ਾਹਾਂ ਵਾਂਗ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਬਜਾਏ ਉਹ ਉਨ੍ਹਾਂ ਨਾਲ ਬੇਰਹਿਮੀ ਅਤੇ ਅਣਮਨੁੱਖੀ ਢੰਗ ਨਾਲ ਪੇਸ਼ ਆ ਰਹੇ ਹਨ।