ਚੰਡੀਗੜ੍ਹ ਤੋਂ ਰੀ-ਪੈਟਰੀਏਟ ਤਾਂ ਹੋਏ ਆਈ. ਏ. ਐੱਸ. ਅਫ਼ਸਰ ਪਰ ਨਹੀਂ ਛੱਡੇ ਸਰਕਾਰੀ ਘਰ

Monday, Mar 12, 2018 - 07:24 AM (IST)

ਚੰਡੀਗੜ੍ਹ ਤੋਂ ਰੀ-ਪੈਟਰੀਏਟ ਤਾਂ ਹੋਏ ਆਈ. ਏ. ਐੱਸ. ਅਫ਼ਸਰ ਪਰ ਨਹੀਂ ਛੱਡੇ ਸਰਕਾਰੀ ਘਰ

ਚੰਡੀਗੜ੍ਹ (ਵਿਜੇ) - ਚੰਡੀਗੜ੍ਹ ਪ੍ਰਸ਼ਾਸਨ ਆਪਣੇ ਹੀ ਬਣਾਏ ਗਏ ਨਿਯਮਾਂ ਦੇ ਜਾਲ 'ਚ ਫਸਦਾ ਜਾ ਰਿਹਾ ਹੈ। ਯੂ. ਟੀ. 'ਚ ਡੈਪੂਟੇਸ਼ਨ 'ਤੇ ਆਉਣ ਵਾਲੇ ਇੰਡੀਅਨ ਐਡਮਨਿਸਟਰੇਟਿਵ ਸਰਵਿਸ (ਆਈ. ਏ. ਐੱਸ.) ਅਫਸਰਾਂ ਨੂੰ ਉਨ੍ਹਾਂ ਦੇ ਅਹੁਦੇ ਅਨੁਸਾਰ ਸਰਕਾਰੀ ਘਰ ਨਹੀਂ ਮਿਲ ਰਹੇ। ਇਸ ਦਾ ਮੁੱਖ ਕਾਰਨ ਹੈ ਕਿ ਹਰਿਆਣਾ ਤੇ ਪੰਜਾਬ ਵੱਲੋਂ ਜਿੰਨੇ ਵੀ ਆਈ. ਏ . ਐੱਸ. ਅਫ਼ਸਰਾਂ ਨੂੰ ਡੈਪੂਟੇਸ਼ਨ 'ਤੇ ਚੰਡੀਗੜ੍ਹ ਭੇਜਿਆ ਗਿਆ, ਉਨ੍ਹਾਂ ਵਿਚੋਂ ਸਾਰੇ ਰੀ-ਪੈਟਰੀਏਟ ਹੋਣ ਦੇ ਬਾਵਜੂਦ ਉਹ ਸਰਕਾਰੀ ਘਰਾਂ 'ਚ ਰਹਿ ਰਹੇ ਹਨ,  ਜੋ ਉਨ੍ਹਾਂ ਨੂੰ ਇਥੇ ਅਲਾਟ ਹੋਏ ਸਨ।  ਸਾਬਕਾ ਗ੍ਰਹਿ ਸਕੱਤਰ ਰਾਮ ਨਿਵਾਸ, ਅਨਿਲ ਕੁਮਾਰ ਤੇ ਮੁਹੰਮਦ ਸ਼ਾਈਨ ਸਮੇਤ ਕਈ ਅਜਿਹੇ ਹੋਰ ਅਫਸਰ ਹਨ ਜਿਨ੍ਹਾਂ ਨੇ ਸੈਕਟਰ-16 ਸਮੇਤ ਕਈ ਦੂਜੇ ਸੈਕਟਰਾਂ ਵਿਚ ਆਪਣੇ ਅਹੁਦੇ ਅਨੁਸਾਰ ਸਰਕਾਰੀ ਘਰ ਤਾਂ ਲੈ ਲਏ ਪਰ ਚੰਡੀਗੜ੍ਹ ਪ੍ਰਸ਼ਾਸਨ 'ਚ ਪੋਸਟਿੰਗ ਨਾ ਹੋਣ ਦੇ ਬਾਵਜੂਦ ਉਹ ਉਨ੍ਹਾਂ ਮਕਾਨਾਂ 'ਤੇ ਕਾਬਜ਼ ਹਨ। ਇਸ ਦਾ ਖਮਿਆਜ਼ਾ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੇ ਨਵੇਂ ਆਈ. ਏ. ਐੱਸ.  ਅਧਿਕਾਰੀਆਂ ਨੂੰ ਭੁਗਤਣਾ ਪੈ ਰਿਹਾ ਹੈ। ਆਈ. ਏ. ਐੱਸ.  ਅਫਸਰ 5 ਤੇ 6 ਕੈਟਾਗਰੀ ਦੇ ਘਰਾਂ ਲਈ ਇਨਟਾਈਟਲਡ ਹੁੰਦੇ ਹਨ। ਯੂ. ਟੀ.  ਦੇ ਹਾਊਸ ਅਲਾਟਮੈਂਟ ਡਿਪਾਰਟਮੈਂਟ ਕੋਲ ਇਸ ਕੈਟਾਗਰੀ ਦੇ 55 ਮਕਾਨ ਹਨ ਪਰ ਮੌਜੂਦਾ ਸਮੇਂ 'ਚ 11 ਆਈ. ਏ. ਐੱਸ. ਅਫਸਰਾਂ ਲਈ ਵੀ 5 ਤੇ 6 ਕੈਟਾਗਰੀ ਦੇ ਘਰ ਮੌਜੂਦ ਨਹੀਂ ਹਨ ਕਿਉਂਕਿ ਚੰਡੀਗੜ੍ਹ ਤੋਂ ਰੀ-ਪੈਟਰੀਏਟ ਹੋਣ ਦੇ ਬਾਵਜੂਦ ਪੁਰਾਣੇ ਆਈ. ਏ. ਐੱਸ. ਅਫਸਰਾਂ ਨੇ ਇਨ੍ਹਾਂ ਘਰਾਂ ਨੂੰ ਖਾਲੀ ਨਹੀਂ ਕੀਤਾ ਹੈ।
ਹੁਣ ਬੈਠਦੇ ਹਨ ਪੰਜਾਬ ਤੇ ਹਰਿਆਣਾ ਸੈਕਟਰੀਏਟ 'ਚ
ਏ. ਜੀ. ਐੱਮ. ਯੂ. ਟੀ. ਦੇ ਆਈ. ਏ. ਐੱਸ. ਅਫਸਰਾਂ ਨੂੰ ਛੱਡ ਦਿੱਤਾ ਜਾਵੇ ਤਾਂ ਚੰਡੀਗੜ੍ਹ 'ਚ ਪੰਜਾਬ ਤੇ ਹਰਿਆਣਾ ਤੋਂ ਆਉਣ ਵਾਲੇ ਕਈ ਆਈ. ਏ. ਐੱਸ. ਅਫਸਰ ਇਕ ਵਾਰ ਚੰਡੀਗੜ੍ਹ 'ਚ ਆਉਣ ਤੋਂ ਬਾਅਦ ਇਜਾਜ਼ਤ ਲੈ ਕੇ ਇਥੇ ਟਿਕ ਜਾਂਦੇ ਹਨ। ਦਰਅਸਲ ਪ੍ਰਮੋਸ਼ਨ ਲੈ ਕੇ ਇਹ ਆਈ. ਏ. ਐੱਸ. ਅਫਸਰ ਚੀਫ ਸੈਕਟਰੀ ਰੈਂਕ ਹਾਸਲ ਕਰ ਕੇ ਇਨ੍ਹਾਂ ਘਰਾਂ ਨੂੰ ਰਿਟਾਇਰਮੈਂਟ ਤੱਕ ਆਪਣੇ ਕੋਲ ਰੱਖ ਲੈਂਦੇ ਹਨ। ਇਸ ਕਾਰਨ ਯੂ. ਟੀ. 'ਚ ਆਉਣ ਵਾਲੇ ਨਵੇਂ ਅਫਸਰਾਂ ਲਈ ਘਰਾਂ ਦੀ ਘਾਟ ਹੁੰਦੀ ਜਾ ਰਹੀ ਹੈ।
ਸਲਾਹਕਾਰ ਤੇ ਡੀ. ਸੀ. ਦੇ ਘਰ ਹਨ ਈਅਰਮਾਰਕਡ
ਚੰਡੀਗੜ੍ਹ 'ਚ ਕੁਝ ਆਈ. ਏ. ਐੱਸ. ਅਫਸਰਾਂ ਨੂੰ ਛੱਡ ਦਿੱਤਾ ਜਾਵੇ ਤਾਂ ਬਾਕੀ ਕਿਸੇ ਦੇ ਮਕਾਨ ਵੀ ਈਅਰਮਾਰਕਡ ਨਹੀਂ ਹਨ। ਜਾਣਕਾਰੀ ਅਨੁਸਾਰ ਐਡਵਾਈਜ਼ਰ ਟੂ ਐਡਮਨਿਸਟਰੇਟਰ ਤੇ ਡਿਪਟੀ ਕਮਿਸ਼ਨਰ ਦੇ ਹੀ ਘਰ ਈਅਰਮਾਰਕਡ ਹਨ। ਬਾਕੀ ਕਿਸੇ ਆਈ. ਏ. ਐੱਸ. ਅਫਸਰ ਦੇ ਘਰ ਨੂੰ ਈਅਰਮਾਰਕਡ ਨਹੀਂ ਕੀਤਾ ਗਿਆ। ਦਰਅਸਲ ਪ੍ਰਸਾਸ਼ਨ ਇਥੇ ਵੀ ਗੁੰਝਲ 'ਚ ਹੈ। ਜੇਕਰ ਕਿਸੇ ਘਰ ਨੂੰ ਵਿੱਤ ਸਕੱਤਰ ਲਈ ਈਅਰਮਾਰਕਡ ਕਰ ਦਿੱਤਾ ਜਾਂਦਾ ਹੈ ਤਾਂ ਉਸ ਮਕਾਨ 'ਚ ਰਹਿਣ ਵਾਲੇ ਪਹਿਲਾਂ ਵਾਲੇ ਵਿੱਤ ਸਕੱਤਰ ਨੂੰ ਉਸੇ ਕੈਟਾਗਰੀ ਦਾ ਦੂਜਾ ਮਕਾਨ ਦੇਣਾ ਹੋਵੇਗਾ, ਜਿਸ ਨਾਲ ਪ੍ਰੇਸ਼ਾਨੀ ਦਾ ਕੋਈ ਹੱਲ ਨਹੀਂ ਨਿਕਲੇਗਾ।  
6 ਦੀ ਥਾਂ 8 ਟਾਈਪ 'ਚ ਰਹਿ ਰਹੇ ਵਿੱਤ ਸਕੱਤਰ
ਹੁਣ ਤੱਕ ਜਿੰਨੇ ਵੀ ਵਿੱਤ ਸਕੱਤਰ ਚੰਡੀਗੜ੍ਹ 'ਚ ਆਏ, ਉਨ੍ਹਾਂ ਨੂੰ ਕੈਟਾਗਰੀ 5 ਜਾਂ 6 ਦੇ ਘਰ ਹੀ ਦਿੱਤੇ ਗਏ ਪਰ ਹਾਲ ਹੀ 'ਚ ਚੰਡੀਗੜ੍ਹ ਪ੍ਰਸ਼ਾਸਨ 'ਚ ਵਿੱਤ ਸਕੱਤਰ ਦੀ ਪੋਸਟ 'ਤੇ ਜੁਆਇਨ ਕਰਨ ਵਾਲੇ ਅਜਾਏ ਕੁਮਾਰ ਸਿਨਹਾ ਨੂੰ ਮਜਬੂਰੀ 'ਚ 8 ਟਾਈਪ ਦੇ ਮਕਾਨ 'ਚ ਰਹਿਣਾ ਪੈ ਰਿਹਾ ਹੈ। ਵਿੱਤ ਸਕੱਤਰ ਨੇ ਟਾਈਪ-6  (ਓਲਡ) ਲਈ ਅਪਲਾਈ ਕੀਤਾ ਸੀ ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਅਜੇ ਕੋਈ ਵੀ ਘਰ ਖਾਲੀ ਨਹੀਂ ਹੈ।  ਫਿਲਹਾਲ ਉਨ੍ਹਾਂ ਨੂੰ ਸੈਕਟਰ-11 'ਚ 8 ਕੈਟਾਗਰੀ ਦਾ ਮਕਾਨ ਨੰਬਰ-625 ਦੇ ਦਿੱਤਾ ਗਿਆ ਹੈ।
ਹਰੀਸ਼ ਨਾਇਰ ਤੇ ਨੌਟਿਆਲ ਵੀ ਲਾਈਨ 'ਚ
ਡੈਪੂਟੇਸ਼ਨ 'ਤੇ ਆਉਣ ਵਾਲੇ ਇਕ ਹੋਰ ਆਈ. ਏ. ਐੱਸ. ਅਧਿਕਾਰੀ ਹਰੀਸ਼ ਨਾਇਰ ਨੂੰ ਵੀ ਹੁਣ ਤੱਕ ਉਨ੍ਹਾਂ ਦੀ ਪੋਸਟ ਅਨੁਸਾਰ ਘਰ ਨਹੀਂ ਮਿਲਿਆ ਹੈ। ਉਹ ਮੋਹਾਲੀ ਤੋਂ ਰੋਜ਼ਾਨਾ ਸੈਕਟਰੀਏਟ ਆਉਂਦੇ ਹਨ। ਇਸੇ ਤਰ੍ਹਾਂ ਆਈ. ਐੱਫ. ਐੱਸ. ਟੀ. ਸੀ.  ਨੌਟਿਆਲ ਕੋਲ ਵੀ ਸਰਕਾਰੀ ਘਰ ਨਹੀਂ ਹੈ। ਉਨ੍ਹਾਂ ਨੂੰ ਵੀ ਕੈਟਾਗਰੀ 5 ਜਾਂ 6 ਦਾ ਹੀ ਮਕਾਨ ਮਿਲਣਾ ਹੈ। ਉਹ ਫਿਲਹਾਲ ਫਾਰੈਸਟ ਡਿਪਾਰਟਮੈਂਟ ਦੇ ਦਰਿਆ ਸਥਿਤ ਗੈਸਟ ਹਾਊਸ 'ਚ ਰਹਿ ਰਹੇ ਹਨ।  
ਇਨ੍ਹਾਂ ਨੇ ਨਹੀਂ ਛੱਡੇ ਅਜੇ ਤੱਕ ਘਰ
* ਮੁਹੰਮਦ ਸ਼ਾਈਨ ਨੇ 2012 ਵਿਚ ਚੰਡੀਗੜ੍ਹ ਵਿਚ ਡੀ. ਸੀ. ਦੀ ਪੋਸਟ ਸੰਭਾਲੀ ਸੀ। ਉਹ ਚੰਡੀਗੜ੍ਹ ਤੋਂ ਹਰਿਆਣਾ ਰੀ-ਪੈਟਰੀਏਟ ਵੀ ਹੋ ਚੁੱਕੇ ਹਨ ਪਰ ਅਜੇ ਵੀ ਸੈਕਟਰ-16 'ਚ ਸਰਕਾਰੀ ਘਰ ਉਨ੍ਹਾਂ ਕੋਲ ਹੀ ਹੈ।
* ਸਾਬਕਾ ਗ੍ਰਹਿ ਸਕੱਤਰ ਅਨਿਲ ਕੁਮਾਰ ਨੇ 2011 'ਚ ਪ੍ਰਸ਼ਾਸਨ ਜੁਆਇਨ ਕੀਤਾ ਸੀ। 2015 'ਚ ਉਹ ਰਿਲੀਵ ਵੀ ਹੋ ਚੁੱਕੇ ਹਨ ਪਰ ਸੈਕਟਰ-16 'ਚ ਹੀ ਉਨ੍ਹਾਂ ਕੋਲ ਅਜੇ ਵੀ ਸਰਕਾਰੀ ਘਰ ਹੈ।
* ਸਾਬਕਾ ਗ੍ਰਹਿ ਸਕੱਤਰ ਰਾਮ ਨਿਵਾਸ ਨੇ 2008 'ਚ ਇਥੇ ਅਹੁਦਾ ਸੰਭਾਲਿਆ ਸੀ। 2011 'ਚ ਉਹ ਰੀ-ਪੈਟਰੀਏਟ ਵੀ ਹੋਏ ਪਰ ਉਹ ਅਜੇ ਵੀ ਸੈਕਟਰ-16 ਦੇ ਉਸੇ ਸਰਕਾਰੀ ਘਰ ਵਿਚ ਰਹਿ ਰਹੇ ਹਨ, ਜੋ ਉਨ੍ਹਾਂ ਨੂੰ ਅਲਾਟ ਹੋਇਆ ਸੀ।
* ਸਾਬਕਾ ਵਿੱਤ ਸਕੱਤਰ ਸਰਬਜੀਤ ਸਿੰਘ ਨੂੰ ਸੈਕਟਰ-16 'ਚ ਹੀ 2014 ਵਿਚ ਉਨ੍ਹਾਂ ਦੀ ਜੁਆਇਨਿੰਗ ਦੇ ਥੋੜ੍ਹੇ ਸਮੇਂ ਬਾਅਦ ਸਰਕਾਰੀ ਘਰ ਅਲਾਟ ਹੋਇਆ ਸੀ। 2015 'ਚ ਉਹ ਪੰਜਾਬ ਰੀ-ਪੈਟਰੀਏਟ ਵੀ ਕਰ ਦਿੱਤੇ ਗਏ ਪਰ ਉਹ ਅਜੇ ਵੀ ਇਸ ਮਕਾਨ 'ਚ ਰਹਿ ਰਹੇ ਹਨ।


Related News