50 ਹਜ਼ਾਰ ਦੀ ਆਬਾਦੀ ਲਈ ਬਣੇ ਸਰਕਾਰੀ ਹਸਪਤਾਲ ''ਚ ਐਮਰਜੈਂਸੀ ਤਾਂ ਹੈ ਪਰ ਡਾਕਟਰ ਇਕ ਵੀ ਨਹੀਂ

Monday, Jul 30, 2018 - 12:13 PM (IST)

50 ਹਜ਼ਾਰ ਦੀ ਆਬਾਦੀ ਲਈ ਬਣੇ ਸਰਕਾਰੀ ਹਸਪਤਾਲ ''ਚ ਐਮਰਜੈਂਸੀ ਤਾਂ ਹੈ ਪਰ ਡਾਕਟਰ ਇਕ ਵੀ ਨਹੀਂ

ਬੇਗੋਵਾਲ (ਰਜਿੰਦਰ)— ਸੂਬੇ ਭਰ ਵਿਚ ਐੱਨ. ਆਰ. ਆਈ. ਬੈਲਟ ਵਜੋਂ ਜਾਣੇ ਜਾਂਦੇ ਕਸਬਾ ਬੇਗੋਵਾਲ ਅਤੇ ਇਸ ਦੇ ਨੇੜਲੇ 31 ਪਿੰਡਾਂ ਦੀ ਲਗਭਗ 50 ਹਜ਼ਾਰ ਆਬਾਦੀ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਬੇਗੋਵਾਲ ਵਿਚ ਕਮਿਊਨਿਟੀ ਹੈਲਥ ਸੈਂਟਰ (ਸਰਕਾਰੀ ਹਸਪਤਾਲ) ਬਣਾਇਆ ਗਿਆ ਹੈ। ਜਿੱਥੇ ਸਟਾਫ ਨਰਸ ਦੀ ਮੌਜੂਦਗੀ ਵਿਚ ਐਮਰਜੈਂਸੀ ਤਾਂ ਖੁਲ੍ਹੀ ਰਹਿੰਦੀ ਹੈ ਪਰ ਇਥੇ ਡਾਕਟਰ ਨਹੀਂ ਹੁੰਦਾ। ਜਿਸ ਕਾਰਨ ਇਹ ਐਮਰਜੈਂਸੀ ਹੁਣ ਨਾਂ ਦੀ ਐਮਰਜੈਂਸੀ ਰਹਿ ਗਈ ਹੈ ਕਿਉਂਕਿ ਹਸਪਤਾਲ ਵਿਚ ਮੈਡੀਕਲ ਅਫਸਰ ਦੇ ਤੌਰ 'ਤੇ ਐੱਮ. ਬੀ. ਬੀ. ਐੱਸ. ਡਾਕਟਰਾਂ ਦੀਆਂ 5 ਪੋਸਟਾਂ ਹਨ, ਜੋ ਸਾਰੀਆਂ ਹੀ ਖਾਲੀ ਪਈਆਂ ਹਨ ਅਤੇ ਪਿਛਲੇ ਇਕ ਸਾਲ ਤੋਂ ਇਸੇ ਤਰ੍ਹੀ ਹੀ ਚਲਦਾ ਆ ਰਿਹਾ ਹੈ ਪਰ ਸਿਹਤ ਵਿਭਾਗ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ। ਡਾਕਟਰਾਂ ਦੀਆਂ ਪੋਸਟਾਂ ਤੋਂ ਇਲਾਵਾ ਜੇਕਰ ਹਸਪਤਾਲ ਦੇ ਬਾਕੀ ਸਟਾਫ ਬਾਰੇ ਜ਼ਿਕਰ ਕੀਤਾ ਜਾਵੇ ਤਾਂ ਇਥੇ ਫਾਰਮਾਸਿਸਟ ਦੀ ਇਕ, ਸਫਾਈ ਸੇਵਕ ਦੀ ਇਕ ਅਤੇ ਦਰਜਾ ਚਾਰ ਕਰਮਚਾਰੀਆਂ ਦੀਆਂ 5 ਪੋਸਟਾਂ ਖਾਲੀ ਹਨ। ਦੱਸਣਯੋਗ ਹੈ ਕਿ ਇਹ ਕਮਿਊਨਿਟੀ ਹਸਪਤਾਲ ਸ਼ਹਿਰੀ ਇਲਾਕੇ ਵਿਚ ਆਉਣ ਕਾਰਨ 'ਬੀ' ਕੈਟੇਗਰੀ ਵਿਚ ਗਿਣਿਆ ਜਾਂਦਾ ਹੈ। ਜਿਸ ਕਾਰਨ ਇਥੇ ਡਿਉੂਟੀ ਕਰਨ ਵਾਲੇ ਡਾਕਟਰਾਂ ਨੂੰ ਪੇਂਡੂ ਇਲਾਕੇ ਦੇ ਲਾਭ ਨਹੀਂ ਮਿਲਦੇ। ਸ਼ਾਇਦ ਇਹ ਵੀ ਇਕ ਕਾਰਨ ਹੋ ਸਕਦਾ ਹੈ ਕਿ ਇਥੇ ਮੈਡੀਕਲ ਅਫਸਰਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ।
ਸਵੇਰੇ 8 ਤੋਂ ਦੁਪਹਿਰ 2 ਵਜੇ ਤਕ ਹੀ ਹੁੰਦਾ ਮਰੀਜ਼ਾਂ ਦਾ ਚੈੱਕਅਪ
ਦੱਸਣਯੋਗ ਹੈ ਕਿ ਹਸਪਤਾਲ ਵਿਚ ਇਸ ਵੇਲੇ ਸੀਨੀਅਰ ਮੈਡੀਕਲ ਅਫਸਰ, ਦੰਦਾਂ ਦੇ ਡਾਕਟਰ ਅਤੇ ਆਯੁਰਵੈਦਿਕ ਡਾਕਟਰ ਦੀ ਹੀ ਪੱਕੇ ਤੌਰ 'ਤੇ ਤਾਇਨਾਤੀ ਹੈ। ਜਦਕਿ ਮੈਡੀਕਲ ਅਫਸਰ ਵਜੋਂ ਡਾ. ਗੁਰਪ੍ਰੀਤ ਸਿੰਘ ਨੂੰ ਭੁਲੱਥ ਹਸਪਤਾਲ 'ਚੋਂ ਇਥੇ ਡੈਪੂਟੇਸ਼ਨ 'ਤੇ ਤਾਇਨਾਤ ਕੀਤਾ ਗਿਆ ਹੈ। ਜਿਸ ਕਾਰਨ ਇਨ੍ਹਾਂ ਡਾਕਟਰਾਂ ਵੱਲੋਂ ਹੀ ਦਿਨ ਵੇਲੇ ਸਵੇਰੇ 8 ਤੋਂ ਦੁਪਹਿਰ 2 ਵਜੇ ਤਕ ਓ. ਪੀ. ਡੀ. ਬਲਾਕ ਵਿਚ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਂਦਾ ਹੈ।
ਚੋਰੀਆਂ ਕਾਰਨ ਚਰਚਾ 'ਚ ਰਿਹੈ ਹਸਪਤਾਲ
ਬੇਗੋਵਾਲ ਹਸਪਤਾਲ ਜਿੱਥੇ ਸਟਾਫ ਦੀ ਘਾਟ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਥ ਹੀ ਚੋਰੀਆਂ ਕਾਰਨ ਵੀ ਇਹ ਹਸਪਤਾਲ ਚਰਚਾ ਵਿਚ ਰਿਹਾ ਹੈ। ਕਿਉਂਕਿ ਹਸਪਤਾਲ ਵਿਚ ਬੀਤੇ ਸਮੇਂ ਵਿਚ ਅਨੇਕਾਂ ਚੋਰੀਆਂ ਹੋ ਚੁੱਕੀਆਂ ਹਨ। ਕੁਝ ਮਹੀਨੇ ਪਹਿਲਾਂ ਹੋਈਆਂ ਚੋਰੀਆਂ ਦੌਰਾਨ ਚੋਰ ਇਥੇ ਦੀ ਲੈਬਾਰਟਰੀ ਅਤੇ ਐਕਸਰੇ-ਵਿਭਾਗ ਨੂੰ ਵੀ ਨਿਸ਼ਾਨਾ ਬਣਾ ਚੁੱਕੇ ਹਨ।

PunjabKesari
ਹਸਪਤਾਲ ਦੇ ਪਿਛੇ ਘਾਹ ਬੂਟੀ ਦਾ ਜਮਾਵੜਾ
ਇਹ ਹਸਪਤਾਲ ਕਰੀਬ 5 ਏਕੜ ਜਗ੍ਹਾ ਵਿਚ ਬਣਿਆ ਹੋਇਆ ਹੈ। ਓ. ਪੀ. ਡੀ. ਬਲਾਕ, ਐਮਰਜੈਂਸੀ ਬਲਾਕ, ਲੈਬਾਰਟਰੀ, ਐਕਸਰੇ-ਵਿਭਾਗ, ਸਰਕਾਰੀ ਕੁਆਰਟਰਾਂ ਤੇ ਹੋਰ ਲੋੜੀਂਦੀਆਂ ਇਮਾਰਤਾਂ ਨੂੰ ਛੱਡ ਕੇ ਹਸਪਤਾਲ ਕੰਪਲੈਕਸ ਵਿਚ ਬਾਕੀ ਸਾਰੀ ਜਗ੍ਹਾ ਖਾਲੀ ਪਈ ਹੈ। ਮੁੱਖ ਗੇਟ ਨਾਲ ਬਣੀ ਪਾਰਕ ਨੂੰ ਤਾਂ ਲਾਇਨਜ਼ ਕਲੱਬ ਬੇਗੋਵਾਲ ਰਾਇਲ ਬੰਦਗੀ ਨੇ ਅਡਾਪਟ ਕੀਤਾ ਹੋਇਆ ਹੈ। ਜਦਕਿ ਹਸਪਤਾਲ ਦੇ ਪਿੱਛੇ ਅਤੇ ਐਮਰਜੈਂਸੀ ਵਿਭਾਗ ਵਾਲੇ ਪਾਸੇ ਖਾਲੀ ਪਈ ਜਗ੍ਹਾ ਵਿਚ ਬਹੁਤ ਜ਼ਿਆਦਾ ਘਾਹ-ਬੂਟੀ ਉੱਗੀ ਹੋਈ ਹੈ।
ਬਾਰਿਸ਼ ਹੋਣ 'ਤੇ ਓ. ਪੀ. ਡੀ. ਬਲਾਕ 'ਚ ਖੜ੍ਹਾ ਹੋ ਜਾਂਦਾ ਪਾਣੀ
ਬੇਗੋਵਾਲ ਦੇ ਕਮਿਊਨਿਟੀ ਹਸਪਤਾਲ ਦਾ ਓ. ਪੀ. ਡੀ. ਬਲਾਕ ਜਿੱਥੇ ਦਿਨ ਵੇਲੇ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਂਦਾ ਹੈ। ਇਸ ਦੀ ਬਿਲਡਿੰਗ ਪੁਰਾਣੀ ਹੈ। ਜੋ ਹੁਣ ਹਸਪਤਾਲ ਦੇ ਬਾਹਰਲੇ ਵਿਹੜੇ ਅਤੇ ਸੜਕ ਦੇ ਲੈਵਲ ਤੋਂ ਨੀਵੀਂ ਹੋ ਚੁੱਕੀ ਹੈ। ਬਰਸਾਤ ਦੇ ਦਿਨਾਂ ਵਿਚ ਜਾਂ ਜਦੋਂ ਕਿਤੇ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ ਤਾਂ ਉਸ ਵੇਲੇ ਓ. ਪੀ. ਡੀ. ਬਲਾਕ ਵਿਚ ਬਾਰਿਸ਼ ਦਾ ਪਾਣੀ ਵੱਡੀ ਮਾਤਰਾ ਵਿਚ ਜਮ੍ਹਾ ਹੋ ਜਾਂਦਾ ਹੈ। ਜਿਸ ਦੌਰਾਨ ਹਸਪਤਾਲ ਸਟਾਫ ਵਲੋਂ ਐਮਰਜੈਂਸੀ ਬਲਾਕ ਵਿਚ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਂਦਾ ਹੈ ਤੇ ਇਸੇ ਦੌਰਾਨ ਓ. ਪੀ. ਡੀ. ਬਲਾਕ ਵਿਚ ਜਮ੍ਹਾ ਹੋਏ ਪਾਣੀ ਨੂੰ ਵੀ ਹਸਪਤਾਲ ਸਟਾਫ ਵਲੋਂ ਆਪ ਹੀ ਬਾਹਰ ਕੱਢਿਆ ਜਾਂਦਾ ਹੈ।

PunjabKesari
ਪ੍ਰਾਈਵੇਟ ਹਸਪਤਾਲਾਂ ਦੀ ਚਾਂਦੀ
ਬੇਗੋਵਾਲ ਦੇ ਸਰਕਾਰੀ ਹਸਪਤਾਲ ਵਿਚ ਓ. ਪੀ. ਡੀ. ਸਮੇਂ ਤੋਂ ਬਾਅਦ ਡਾਕਟਰ ਨਾ ਹੋਣ ਦਾ ਸਿੱਧਾ ਅਸਰ ਲੋਕਾਂ ਦੀ ਜੇਬ 'ਤੇ ਪੈ ਰਿਹਾ ਹੈ। ਕਿਉਂਕਿ ਲੜਾਈ-ਝਗੜੇ ਦੇ ਕੇਸਾਂ ਤੋਂ ਇਲਾਵਾ ਜੇਕਰ ਕਿਸੇ ਨੂੰ ਐਮਰਜੈਂਸੀ ਵਿਚ ਮੈਡੀਕਲ ਸਹੂਲਤ ਲੈਣੀ ਪੈਂਦੀ ਹੈ ਤਾਂ ਉਹ ਲੋਕ ਸਿੱਧੇ ਪ੍ਰਾਈਵੇਟ ਹਸਪਤਾਲਾਂ ਵਿਚ ਜਾਂਦੇ ਹਨ ਤੇ ਉਥੇ ਉਨ੍ਹਾਂ ਨੂੰ ਡਾਕਟਰ ਦੀ ਫੀਸ ਤੋਂ ਇਲਾਵਾ ਮੈਡੀਕਲ ਸਟੋਰ ਤੋਂ ਦਵਾਈ ਵੀ ਖਰੀਦਣੀ ਪੈਂਦੀ ਹੈ।

PunjabKesari
ਡਾਕਟਰਾਂ ਅਤੇ ਹੋਰ ਸਟਾਫ ਦੀ ਘਾਟ ਸਬੰਧੀ ਵਿਭਾਗ ਨੂੰ ਲਿਖ ਕੇ ਭੇਜਿਆ ਜਾ ਚੁੱਕਾ ਹੈ : ਡਾ. ਸੇਖੋਂ
ਇਸ ਸਬੰਧ ਵਿਚ ਜਦੋਂ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ ਡਾ. ਕਿਰਨਪ੍ਰੀਤ ਕੌਰ ਸੇਖੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਡਾਕਟਰਾਂ ਅਤੇ ਹੋਰ ਸਟਾਫ ਦੀ ਘਾਟ ਸਬੰਧੀ ਵਿਭਾਗ ਨੂੰ ਲਿਖ ਕੇ ਭੇਜਿਆ ਜਾ ਚੁੱਕਾ ਹੈ ਪਰ ਡਾਕਟਰਾਂ ਦੀ ਘਾਟ ਹੋਣ ਦੇ ਬਾਵਜੂਦ ਵੀ ਇਥੇ ਓ. ਪੀ. ਡੀ. ਸਮੇਂ ਦੌਰਾਨ ਰੋਜ਼ਾਨਾ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਂਦਾ ਹੈ। ਹਰੇਕ ਮਹੀਨੇ ਡਲਿਵਰੀ ਕੇਸ ਕੀਤੇ ਜਾਂਦੇ ਹਨ। ਪੁੱਛਣ 'ਤੇ ਉਨ੍ਹਾਂ ਕਿਹਾ ਕਿ ਸਟਾਫ ਘੱਟ ਹੈ ਪਰ ਫਿਰ ਵੀ ਇਥੇ ਉੱਘੀ ਘਾਹ ਬੂਟੀ ਨੂੰ ਸਮੇਂ-ਸਮੇਂ 'ਤੇ ਕਟਵਾਇਆ ਜਾਂਦਾ ਹੈ।


Related News