ਅਬੋਹਰ ਦੇ ਸਰਕਾਰੀ ਹਸਪਤਾਲ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੱਧੂ
Sunday, Aug 11, 2019 - 09:53 AM (IST)

ਅਬੋਹਰ (ਸੁਨੀਲ) - ਪਿਛਲੇ ਲੰਬੇ ਸਮੇਂ ਤੋਂ ਡਾਕਟਰੀ ਸਟਾਫ ਤੇ ਹੋਰ ਸਮੱਸਿਆਵਾਂ ਨਾਲ ਜੂਝ ਰਹੇ ਸਥਾਨਕ ਸਿਵਲ ਹਸਪਤਾਲ 'ਚ ਆਉਣ ਵਾਲੇ ਮਰੀਜ਼ਾਂ ਨੂੰ ਆਏ ਦਿਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਹੇਤੂ ਆਪਣੇ ਤੈਅ ਪ੍ਰੋਗਰਾਮ ਤਹਿਤ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਥਾਨਕ ਸਿਵਲ ਹਸਪਤਾਲ ਦਾ ਦੌਰਾ ਕਰਕੇ ਇੱਥੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਡਾਕਟਰੀ ਸਟਾਫ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਉਪ-ਮੰਡਲ ਅਧਿਕਾਰੀ ਪੂਨਮ ਸਿੰਘ, ਕਾਂਗਰਸ ਦੇ ਅਬੋਹਰ ਪ੍ਰਭਾਰੀ ਸੰਦੀਪ ਜਾਖੜ, ਬੱਲੂਆਣਾ ਵਿਧਾਇਕ ਨੱਥੂ ਰਾਮ, ਨਿਰਮਲ ਠਠਈ, ਜ਼ਿਲਾ ਸਿਵਲ ਸਰਜਨ ਦਲੇਰ ਸਿੰਘ ਮੁਲਤਾਨੀ ਆਦਿ ਵਿਸ਼ੇਸ਼ ਰੂਪ ਨਾਲ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਉਨ੍ਹਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ।
ਉਨ੍ਹਾਂ ਹਸਪਤਾਲ 'ਚ ਦਵਾਈਆਂ ਦੀ ਕਮੀ ਦੇ ਬਾਰੇ 'ਚ ਦੱਸਿਆ ਕਿ ਪਹਿਲਾਂ ਇਹ ਦਵਾਈਆਂ ਸੀ. ਐੱਮ. ਓ. ਲੈਵਲ 'ਤੇ ਆਉਂਦੀਆਂ ਸਨ ਪਰ ਹੁਣ ਉਨ੍ਹਾਂ ਦੀ ਸਰਕਾਰ ਦੌਰਾਨ ਐੱਸ. ਐੱਮ. ਓ. ਲੈਵਲ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂਕਿ ਆਸਾਨੀ ਨਾਲ ਇਹ ਹਸਪਤਾਲ 'ਚ ਉਪਲੱਬਧ ਹੋ ਸਕਣ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ 'ਚ ਜ਼ਿਆਦਾ ਤੋਂ ਜ਼ਿਆਦਾ ਜਨ ਔਸ਼ਧੀ ਕੇਂਦਰ ਖੋਲ੍ਹੇ ਜਾ ਰਹੇ ਹਨ, ਤਾਂਕਿ ਡਾਕਟਰਾਂ ਵਲੋਂ ਲਿਖੀਆਂ ਦਵਾਈਆਂ ਮਰੀਜ਼ਾਂ ਨੂੰ ਬਾਹਰ ਦੇ ਮੈਡੀਕਲ ਸਟੋਰਾਂ ਤੋਂ ਮਹਿੰਗੀਆਂ ਨਾ ਖਰੀਦਣੀਆਂ ਪੈਣ ਅਤੇ ਆਸਾਨੀ ਨਾਲ ਜਨ ਔਸ਼ਧੀ ਕੇਂਦਰਾਂ 'ਚ ਹਾਸਲ ਹੋਣ। ਹਸਪਤਾਲ 'ਚ ਡਾਕਟਰਾਂ ਦੀ ਕਮੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਕੋਸ਼ਿਸ਼ ਹੈ ਕਿ ਜਿਨ੍ਹਾਂ ਹਸਪਤਾਲਾਂ 'ਚ ਡਾਕਟਰਾਂ ਦੀ ਕਮੀ ਹੈ, ਉੱਥੇ ਹਰ ਸੰਭਵ ਕੋਸ਼ਿਸ਼ ਕਰ ਕੇ ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਬਾਰਡਰ ਏਰੀਆ ਹੋਣ ਕਾਰਨ ਇੱਥੇ ਡਾਕਟਰ ਘੱਟ ਆਉਂਦੇ ਹਨ, ਫਿਰ ਵੀ ਉਹ ਇੱਥੇ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ।
ਇਸ ਮੌਕੇ ਸੰਦੀਪ ਜਾਖੜ ਨੇ ਪਹਿਲਾਂ ਸਿਹਤ ਮੰਤਰੀ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਅਬੋਹਰ 'ਚ ਪਹੁੰਚ ਕੇ ਅਬੋਹਰ ਦੀਆਂ ਸਿਹਤ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਇਨ੍ਹਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨਗੇ ।ਸਰਕਾਰ ਵਲੋਂ ਜੋ ਵਾਅਦੇ ਕੀਤੇ ਗਏ ਸਨ, ਉਹਪੂਰੇ ਕੀਤੇ ਜਾਣਗੇ। ਇਸ ਮੌਕੇ ਮੰਗਤ ਰਾਏ ਬਠਲਾ, ਵਿਪਨ ਸ਼ਰਮਾ, ਲੱਕੀ ਪਾਹੁਜਾ, ਕੌਂਸਲਰ ਗਣੇਸ਼ ਸਬਲਾਨੀਆ, ਮਿਹਰ ਚੰਦ ਤਨੇਜਾ, ਓਮ ਪ੍ਰਕਾਸ਼ ਢਿਲੋਢ, ਕੌਂਸਲਰ ਛਿੰਦੀ, ਡਾ. ਬਲਵੀਰ ਿਸੰਘ ਦਾਨੇਵਾਲੀਆ ਮੌਜੂਦ ਸਨ।