ਰਾਏਪੁਰ ਦੇ ਸਰਕਾਰੀ ਰਕਬੇ ’ਚੋਂ ਚੋਰੀ ਕੀਤੇ ਜਾ ਰਹੇ ਨੇ ਖੈਰ ਦੇ ਦਰੱਖਤ
Friday, Aug 24, 2018 - 12:17 AM (IST)

ਕਾਠਗੜ੍ਹ, (ਰਾਜੇਸ਼)- ਪਿੰਡ ਰਾਏਪੁਰ ਦੇ ਸਰਕਾਰੀ ਰਕਬੇ ’ਚੋਂ ਵੱਡੀ ਮਾਤਰਾ ’ਚ ਖੈਰ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਪਿੰਡ ਉਪਰਲਾ ਮਾਜਰਾ ਦੇ ਕੁਝ ਵਸਨੀਕਾਂ ਨੇ ਵੱਢੇ ਗਏ ਦਰੱਖਤਾਂ ਦੇ ਮੁੱਢਾਂ ਨੂੰ ਦਿਖਾਉਂਦੇ ਹੋਏ ਕਿਹਾ ਕਿ ਖੈਰ ਚੋਰੀ ਕਰਨ ਵਾਲੇ ਲੋਕ ਰਾਤ ਸਮੇਂ ਖੈਰ ਦੇ ਦਰੱਖਤਾਂ ਨੂੰ ਕੱਟਦੇ ਹਨ ਅਤੇ ਫਿਰ ਮੌਕਾ ਮਿਲਦੇ ਹੀ ਵਾਹਨਾਂ ’ਚ ਲੱਦ ਕੇ ਲੈ ਜÎਾਂਦੇ ਹਨ। ਪਿੰਡ ਵਾਸੀਆਂ ਨੇ ਦੱਸਿਆ ਰਾਏਪੁਰ ਪਿੰਡ ’ਚ ਕਾਫੀ ਰਕਬਾ ਜੰਗਲਾਤ ਵਿਭਾਗ ਦਾ ਹੈ। ਜਿਸ ’ਚ ਵੱਡੀ ਗਿਣਤੀ ’ਚ ਖੈਰ ਦੇ ਦਰੱਖਤ ਖੜ੍ਹੇ ਹਨ। ਰਾਤ ਸਮੇਂ ਚੋਰ ਇਥੋਂ ਦਰੱਖਤ ਕੱਟ ਕੇ ਲੈ ਜਾਂਦੇ ਹਨ। ਲੋਕਾਂ ਨੇ ਦੱਸਿਆ ਕਿ 7-8 ਦਰੱਖਤ ਜੜ੍ਹ ਤੋਂ ਕੱਟੇ ਹੋਏ ਅਜੇ ਵੀ ਰਕਬੇ ’ਚ ਪਏ ਹਨ। ਲੋਕਾਂ ਨੇ ਕਿਹਾ ਇਹ ਸਿਲਸਿਲਾ ਕਾਫੀ ਦੇਰ ਤੋਂ ਚੱਲ ਰਿਹਾ ਹੈ ਜਿਸ ਨਾਲ ਜੰਗਲਾਤ ਵਿਭਾਗ ਨੂੰ ਲੱਖਾਂ ਰੁਪਏ ਦਾ ਘਾਟਾ ਪੈ ਰਿਹਾ ਹੈ। ਲੋਕਾਂ ਨੇ ਇਸ ਗੱਲ ਦਾ ਵੀ ਸ਼ੱਕ ਜਤਾਇਆ ਕਿ ਇਹ ਖੈਰ ਮਹਿਕਮੇ ਦੀ ਮਿਲੀਭੁਗਤ ਨਾਲ ਚੋਰੀ ਹੋ ਰਹੀ ਹੈ। ਇੰਝ ਜਾਪਦਾ ਹੈ ਕਿ ਜਿਵੇਂ ਖੈਰ ਦੇ ਜੰਗਲ ਦਾ ਕੋਈ ਵਾਲੀ ਵਾਰਿਸ ਨਹੀਂ ਹੈ।
ਇਸ ਤੋਂ ਇਲਾਵਾ ਸ਼ਿਵਾਲਿਕ ਦੀਅਾਂ ਪਹਾੜੀਆਂ ’ਚ ਵੀ ਖੜ੍ਹੇ ਹਜ਼ਾਰਾਂ ਦਰੱਖਤਾਂ ’ਚੋਂ ਖੈਰ ਚੋਰੀ ਹੋ ਰਹੀ ਹੈ। ਜਿਸ ਨੂੰ ਰੋਕਣ ਲਈ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਗਸ਼ਤ ਕਰਨੀ ਚਾਹੀਦੀ ਹੈ ਅਤੇ ਜੋ ਵੀ ਖੈਰ ਚੋਰ ਫੜਿਆ ਜਾਵੇ ਉਸ ਖਿਲਾਫ ਸਖਤ ਕਾਰਵਾਈ ਹੋਵੇ।
ਕੀ ਕਹਿੰਦੇ ਹਨ ਵਿਭਾਗ ਦੇ ਡੀ. ਐੱਫ. ਓ.
ਚੋਰੀ ਹੋ ਰਹੇ ਖੈਰ ਦੇ ਦਰੱਖਤਾਂ ਸਬੰਧੀ ਡੀ.ਐੱਫ. ਓ. ਅਮਿਤ ਚੌਹਾਨ ਨੇ ਕਿਹਾ ਕਿ ਖੈਰ ਦੀ ਲੱਕੜ ਚੋਰੀ ਦੇ ਮਾਮਲੇ ’ਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਨਾ ਹੀ ਕਿਸੇ ਮੁਲਾਜ਼ਮ ਦੀ ਢਿੱਲਮੱਠ ਬਰਦਾਸ਼ਤ ਕੀਤੀ ਜਾਵੇਗੀ।
ਜਲਦ ਕਾਰਵਾਈ ਕੀਤੀ ਜਾਵੇਗੀ : ਰੇਂਜ ਅਫਸਰ
ਇਸ ਸਬੰਧੀ ਸ੍ਰੀ ਅਨੰਦਪੁਰ ਸਾਹਿਬ ਦੇ ਰੇਂਜ ਅਫਸਰ ਰਾਮਪਾਲ ਨੇ ਕਿਹਾ ਕਿ ਕੱਟੀ ਗਈ ਖੈਰ ਦੀ ਲੱਕੜ ਨੂੰ ਤੁਰੰਤ ਕਬਜ਼ੇ ’ਚ ਲੈ ਕੇ ਜਾਂਚ-ਪੜਤਾਲ ਕਰਨ ਉਪਰੰਤ ਜਲਦੀ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਬੰਧਤ ਮੁਲਾਜ਼ਮਾਂ ਨੂੰ ਗਸ਼ਤ ਵਧਾਉਣ ਲਈ ਵੀ ਹਦਾਇਤ ਕੀਤੀ ਜਾਵੇਗੀ।