ਖੁੱਲ੍ਹੇ ਆਸਮਾਨ ਹੇਠ ਪੜ੍ਹਦੇ ਹਨ ਸਰਕਾਰੀ ਐਲੀਮੈਂਟਰੀ ਸਕੂਲ ਦੇ ਇਹ ਬੱਚੇ
Saturday, May 12, 2018 - 12:56 PM (IST)

ਫਰੀਦਕੋਟ (ਬਿਊਰੋ) - ਫ਼ਰੀਦਕੋਟ ਜ਼ਿਲੇ ਦੇ ਪਿੰਡ ਪਹਿਲੂਵਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ 'ਚ ਪੜ੍ਹਨ ਵਾਲੇ ਬੱਚਿਆਂ ਦੇ ਸਿਰ 'ਤੇ ਛੱਤ ਨਹੀਂ ਹੈ। ਇਹ ਬੱਚੇ ਕੜਕਦੀ ਧੁੱਪ 'ਚ ਜ਼ਮੀਨ 'ਤੇ ਬੈਠ ਕੇ ਪੜ੍ਹਦੇ ਹਨ। ਪਤਾ ਲਗਾ ਹੈ ਕਿ ਇਸ ਸਕੂਲ ਦੀ ਇਮਾਰਤ ਸਾਲ 2016 ਤੋਂ ਅਸੁਰੱਖਿਅਤ ਹੈ, ਜਿਸ ਨੂੰ ਬਣਾਉਣ ਲਈ ਨਾ ਤਾਂ ਜ਼ਿਲਾ ਪ੍ਰਸ਼ਾਸਨ ਨੇ ਕੋਈ ਉਪਰਾਲਾ ਕੀਤਾ ਅਤੇ ਨਾ ਹੀ ਵਿਭਾਗ ਵੱਲੋਂ ਕੋਈ ਢੁਕਵੀਂ ਕਾਰਵਾਈ ਅਮਲ 'ਚ ਲਿਆਂਦੀ ।
ਇੱਥੇ ਇਹ ਦੱਸਣਯੋਗ ਹੈ ਕਿ ਪਿਛਲੇ ਦੋ ਸਾਲਾਂ ਤੋਂ ਸਕੂਲ ਦੇ ਵਿਦਿਆਰਥੀ ਗਰਮੀ ਅਤੇ ਸਰਦੀ ਦੇ ਮੌਸਮ 'ਚ ਖੁੱਲ੍ਹੇ ਅਸਮਾਨ ਹੇਠ ਬੈਠ ਕੇ ਪੜ੍ਹਨ ਲਈ ਮਜ਼ਬੂਰ ਹੋ ਰਹੇ ਹਨ। ਇਸ ਸਕੂਲ 'ਚ ਪੜ੍ਹਨ ਵਾਲੇ ਸਾਰੇ ਵਿਦਿਆਰਥੀ ਪੱਛੜੇ ਵਰਗ ਨਾਲ ਸਬੰਧਤ ਹਨ ਅਤੇ ਉਨ੍ਹਾਂ ਦੇ ਮਾਪੇ ਦੂਰ ਦੁਰਾਡੇ ਥਾਵਾਂ 'ਤੇ ਵਧੇਰੇ ਫੀਸਾਂ ਦੇ ਕੇ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ। ਇਸ ਮੌਕੇ ਸਕੂਲੀ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਪੜ੍ਹਾਈ ਕਰਨ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਨ੍ਹਾਂ ਦੇ ਸਕੂਲ 'ਚ ਕੋਈ ਕਮਰਾ ਨਹੀਂ ਹੈ ਅਤੇ ਗਰਮੀ ਦੇ ਦਿਨਾਂ 'ਚ ਉਹ ਮੈਦਾਨ 'ਚ ਧੁੱਪੇ ਬੈਠੇ ਕੇ ਪੜ੍ਹਾਈ ਕਰਦੇ ਹਨ। ਇਸ ਸਬੰਧ 'ਚ ਸਕੂਲੀ ਅਧਿਆਪਕ ਨਾਵਰੂਪ ਕੌਰ ਨੇ ਕਿਹਾ ਕਿ ਇਹ ਸਕੂਲ 2016 ਤੋਂ ਸੁਰੱਖਿਅਤ ਨਹੀਂ ਹੈ। ਇਸ ਨੂੰ ਬਣਾਉਣ ਲਈ ਨਾ ਤਾਂ ਜ਼ਿਲਾ ਪ੍ਰਸ਼ਾਸਨ ਨੇ ਕੋਈ ਉਪਰਾਲਾ ਕੀਤਾ ਅਤੇ ਨਾ ਹੀ ਵਿਭਾਗ ਵੱਲੋਂ ਕੋਈ ਢੁਕਵੀਂ ਕਾਰਵਾਈ ਅਮਲ 'ਚ ਲਿਆਂਦੀ। ਇਸ ਸਕੂਲ ਦੇ ਵਿਦਿਆਰਥੀ ਪਿਛਲੇ ਦੋ ਸਾਲਾਂ ਤੋਂ ਬਿਨ੍ਹਾਂ ਕੰਧ ਅਤੇ ਛੱਤ ਦੇ ਗਰਮੀ ਅਤੇ ਸਰਦੀ ਦੇ ਮੌਸਮ 'ਚ ਹਵਾਦਾਰ ਅਤੇ ਖੁੱਲ੍ਹੇ ਅਸਮਾਨ ਹੇਠ ਪੜ੍ਹ ਰਹੇ ਹਨ। ਬੱਚਿਆਂ ਦੇ ਲਈ ਇਸ ਸਕੂਲ ਦੇ ਅਧਿਆਪਕ ਅਤੇ ਪਿੰਡ ਵਾਸੀ ਆਪਣੇ ਖ਼ਰਚੇ 'ਤੇ ਇਕ ਕਮਰਾ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਜਦੋਂ ਇਸ ਸਕੂਲ ਦੇ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਮੌਕੇ ਕੁਝ ਅਫਸਰ ਦਫਤਰ 'ਚੋਂ ਮੌਜੂਦ ਹੀ ਨਹੀਂ ਸਨ। ਇਸ ਤੋਂ ਬਾਅਦ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਬੱਚਿਆਂ ਦੇ ਲਈ ਛਾਂ ਦਾ ਇੰਤਜ਼ਾਮ ਕੀਤਾ ਜਾਵੇਗਾ। ਸਕੂਲ ਦੇ ਅਧਿਆਪਕਾਂ ਨੇ ਕਿਹਾ ਕਿ ਇਸ ਸਮੱਸਿਆ ਦੇ ਪ੍ਰਤੀ ਸਰਕਾਰ, ਪ੍ਰਸ਼ਾਸਨ ਜਾਂ ਵਿਭਾਗ ਇਸ ਸਬੰਧੀ ਕੋਈ ਠੋਸ ਫੈਸਲਾ ਅਮਲ 'ਚ ਲਿਆਵੇ ਤਾਂ ਜੋ ਬੱਚੇ ਪੜ੍ਹਾਈ ਕਰ ਕੇ ਆਪਣਾ ਜੀਵਨ ਸਫਲ ਬਣਾ ਸਕਣ।