ਕੋਵਿਡ-19 ਖ਼ਿਲਾਫ਼ ਜੰਗ ਹੋਈ ਤੇਜ਼, ਸਰਕਾਰੀ ਵਿਭਾਗਾਂ ਦੇ ਸਾਰੇ ਵਿੰਗ ਸਰਗਰਮ
Saturday, Apr 18, 2020 - 12:43 PM (IST)
ਚੰਡੀਗੜ੍ਹ (ਅਸ਼ਵਨੀ) : ਕੋਵਿਡ-19 ਦੀ ਮਹਾਮਾਰੀ 'ਤੇ ਕਾਬੂ ਪਾਉਣ ਲਈ ਪੂਰੇ ਮੁਲਕ ਦੀਆਂ ਰਾਜ ਸਰਕਾਰਾਂ 'ਚੋਂ ਸਭ ਤੋਂ ਤੇਜ਼ੀ ਨਾਲ ਸਖ਼ਤ ਫੈਸਲੇ ਲੈਣ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਸਾਰੇ ਵਿਭਾਗਾਂ ਦੇ ਸਾਰੇ ਵਿੰਗਾਂ 'ਚ ਤਾਲਮੇਲ ਬਿਠਾ ਕੇ ਇਸ ਜੰਗ ਨੂੰ ਤੇਜ਼ ਕੀਤਾ ਹੋਇਆ ਹੈ। ਇਸ ਜੰਗ 'ਚ ਲੱਗੇ ਸਾਰੇ ਵਿਭਾਗਾਂ 'ਚੋਂ ਫਰੰਟ ਲਾਈਨ (ਮੂਹਰਲੀ ਸਫ਼) 'ਚ ਆਉਂਦਾ ਸਿਹਤ ਵਿਭਾਗ ਜਿੱਥੇ ਇਕ ਪਾਸੇ ਕੋਰੋਨਾ ਪੀੜਤਾਂ ਦੇ ਇਲਾਜ 'ਚ ਜੁਟਿਆ ਹੋਇਆ ਹੈ, ਉਥੇ ਨਾਲ ਦੀ ਨਾਲ ਆਪਣੀਆਂ ਸਮਰੱਥਾਵਾਂ 'ਚ ਰੋਜ਼ਾਨਾ ਤੇਜ਼ੀ ਨਾਲ ਵਾਧਾ ਕਰ ਰਿਹਾ ਹੈ।
ਇਹ ਵੀ ਪੜ੍ਹੋ : ਲੋਕਡਾਊਨ ਕਾਰਨ ਘਰਾਂ 'ਚ ਬੰਦ ਪੰਜਾਬ ਵਾਸੀਆਂ ਲਈ ਚੰਗੀ ਖਬਰ
ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਹੁਣ ਤੱਕ ਸੂਬੇ ਭਰ 'ਚ 30 ਮਰੀਜ਼ ਠੀਕ ਹੋਏ ਹਨ। ਇਕ ਮਰੀਜ਼ ਵੈਂਟੀਲੇਟਰ 'ਤੇ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਸਰਕਾਰੀ ਪੱਧਰ 'ਤੇ ਕੁਲ 4000 ਤੋਂ ਵੱਧ ਬਿਸਤਰਿਆਂ ਦਾ ਪ੍ਰਬੰਧ ਪਾਜ਼ੇਟਿਵ ਮਰੀਜ਼ਾਂ ਲਈ ਕੀਤਾ ਹੈ। ਸਰਕਾਰੀ ਪੱਧਰ 'ਤੇ 52 ਕੋਵਿਡ ਆਈਸੋਲੇਸ਼ਨ ਸੈਂਟਰਾਂ ਅਤੇ 195 ਪ੍ਰਾਈਵੇਟ ਆਈਸੋਲੇਸ਼ਨ ਸੈਂਟਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਆਪਣੇ ਸਾਰੇ ਸਰੋਤਾਂ ਦੀ ਵਰਤੋਂ ਇਸ ਮਹਾਮਾਰੀ ਨੂੰ ਰੋਕਣ ਲਈ ਕਰਨ ਦਾ ਅਹਿਦ ਦੁਹਰਾਉਂਦਿਆਂ ਤਰਜ਼ਮਾਨ ਨੇ ਅੱਗੇ ਦੱਸਿਆ ਕਿ ਰਾਜ ਭਰ ਦੇ ਹਸਪਤਾਲਾਂ 'ਚ ਕੁਲ 447 ਵੈਂਟੀਲੇਟਰ ਚਾਲੂ ਹਾਲਤ 'ਚ ਹਨ, ਜਦੋਂਕਿ 93 ਨਵੇਂ ਵੈਂਟੀਲੇਟਰਾਂ ਦੀ ਖਰੀਦ ਲਈ ਆਰਡਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਐੱਨ-95 ਮਾਸਕ, ਪੀ. ਪੀ. ਈ. (ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ) ਅਤੇ ਆਕਸੀਜਨ ਸਿਲੰਡਰਾਂ ਦੀ ਕੋਈ ਘਾਟ ਨਹੀਂ ਹੈ। ਲਾਜ਼ਮੀ ਵਸਤਾਂ ਦੀ ਸਪਲਾਈ ਬਾਰੇ ਗੱਲ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਰਾਜ 'ਚ ਆਟਾ, ਖੰਡ ਅਤੇ ਦੁੱਧ ਦੀ ਸਪਲਾਈ ਬਿਲਕੁਲ ਆਮ ਵਾਂਗ ਹੈ, ਜਦੋਂਕਿ ਸਬਜ਼ੀਆਂ ਅਤੇ ਫਲਾਂ ਦੀ ਸਪਲਾਈ ਤੈਅ ਹੱਦ ਦੇ 80 ਤੋਂ 85 ਫੀਸਦੀ ਤੱਕ ਆਮ ਵਰਗੀ ਕਰ ਦਿੱਤੀ ਗਈ ਹੈ, ਜਿਸ ਨੂੰ ਜਲਦ ਬਿਲਕੁਲ ਸੁਚਾਰੂ ਕਰ ਦਿੱਤਾ ਜਾਵੇਗਾ। ਰਾਜ ਭਰ ਦੇ ਕੈਮਿਸਟਾਂ ਕੋਲ ਲੋੜੀਂਦੀਆਂ ਦਵਾਈਆਂ ਦਾ ਇਕ ਹਫ਼ਤੇ ਦਾ ਸਟਾਕ ਮੌਜੂਦ ਹੈ, ਜਿਸ ਨੂੰ ਹੋਰ ਵਧਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦਾ ਕੋਹਰਾਮ, ਪੀੜਤਾਂ ਦੀ ਗਿਣਤੀ 216 ਹੋਈ, ਜਾਣੋ ਤਾਜ਼ਾ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਦੀ ਮੌਜੂਦਾ ਸਥਿਤੀ
ਹੁਣ ਤੱਕ ਦੇ ਤਾਜ਼ਾ ਹਾਲਾਤ ਮੁਤਾਬਕ ਪੰਜਾਬ 'ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 216 ਹੋ ਗਈ ਹੈ, ਜਦੋਂ ਕਿ ਸੂਬੇ 'ਚ ਕੋਰੋਨਾ ਵਾਇਰਸ ਕਾਰਨ 15 ਮੌਤਾਂ ਹੋ ਚੁੱਕੀਆਂ ਹਨ। ਸੂਬੇ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਸ਼ੁੱਕਰਵਾਰ ਤੱਕ 17 ਨਵੇਂ ਮਾਮਲੇ ਸਾਹਮਣੇ ਆਏ ਸਨ। ਪੰਜਾਬ 'ਚ ਹੁਣ ਤੱਕ ਕੁੱਲ 5988 ਸੈਂਪਲ ਜਾਂਚ ਲਈ ਭੇਜੇ ਗਏ, ਜਿਨ੍ਹਾਂ 'ਚੋਂ 216 ਕੋਰੋਨਾ ਵਾਇਰਸ ਲਈ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 5113 ਦੇ ਨਤੀਜੇ ਨੈਗੇਟਿਵ ਆਏ ਹਨ, ਜਦੋਂ ਕਿ 664 ਸੈਂਪਲਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ।
ਹੁਣ ਤੱਕ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਮੋਹਾਲੀ 'ਚ ਕੋਰੋਨਾ ਵਾਇਰਸ ਦੇ 57, ਜਲੰਧਰ 'ਚ 38, ਪਠਾਨਕੋਟ 'ਚ 24, ਨਵਾਂਸ਼ਹਿਰ 'ਚ 19, ਲੁਧਿਆਣਾ 'ਚ 16, ਅੰਮ੍ਰਿਤਸਰ 'ਚ 11, ਮਾਨਸਾ 'ਚ 11, ਪਟਿਆਲਾ 'ਚ 11, ਹੁਸ਼ਿਆਰਪੁਰ 'ਚ 7, ਮੋਗਾ 'ਚ 4, ਰੋਪੜ 'ਚ 3, ਫਰੀਦਕੋਟ 'ਚ 3, ਸੰਗਰੂਰ 'ਚ 3, ਬਰਨਾਲਾ 'ਚ 2, ਕਪੂਰਥਲਾ 'ਚ 2, ਫਤਿਹਗੜ੍ਹ ਸਾਹਿਬ 'ਚ 2, ਮੁਕਤਸਰ 'ਚ 1, ਗੁਰਦਾਸਪੁਰ 'ਚ 1 ਅਤੇ ਫਿਰੋਜ਼ਪੁਰ 'ਚ 1 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ।
ਦੂਜੇ ਪਾਸੇ ਕੋਰੋਨਾ ਵਾਇਰਸ ਲਗਭਗ ਪੂਰੀ ਦੁਨੀਆ ਨੂੰ ਆਪਣੀ ਗ੍ਰਿਫਤ ਵਿਚ ਲੈ ਚੁੱਕਾ ਹੈ। ਸਾਰੇ ਵਿਸ਼ਵ ਵਿਚ ਹੁਣ ਤਕ ਕੋਰੋਨਾ ਦੇ 22,14,327 ਮਾਮਲੇ ਸਾਹਮਣੇ ਆ ਚੁੱਕੇ ਹਨ। ਜਦਕਿ 1, 48, 889 ਮੌਤਾਂ ਪੂਰੀ ਦੁਨੀਆ ਵਿਚ ਹੁਣ ਤਕ ਦਰਜ ਕੀਤੀਆਂ ਗਈਆਂ ਹਨ। ਭਾਰਤ ਵਿਚ ਹੁਣ ਤਕ 13387 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਦੇਸ਼ ਵਿਚ ਹੁਣ ਤਕ ਇਸ ਨਾਲ 452 ਮੌਤਾਂ ਹੋ ਚੁੱਕੀਆਂ ਹਨ।