ਸਰਕਾਰ ਗਰੀਬ ਤੇ  ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਕਾਨੂੰਨੀ ਸਹਾਇਤਾ ਦੇਣ ਲਈ ਵਚਨਬੱਧ : ਜ਼ਿਲਾ ਤੇ ਸੈਸ਼ਨ ਜੱਜ

Friday, Nov 10, 2017 - 03:01 AM (IST)

ਸਰਕਾਰ ਗਰੀਬ ਤੇ  ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਕਾਨੂੰਨੀ ਸਹਾਇਤਾ ਦੇਣ ਲਈ ਵਚਨਬੱਧ : ਜ਼ਿਲਾ ਤੇ ਸੈਸ਼ਨ ਜੱਜ

ਫ਼ਰੀਦਕੋਟ, (ਹਾਲੀ)-  ਸਾਰਿਆਂ ਨੂੰ ਇਨਸਾਫ਼ ਦਿਵਾਉਣ ਦੇ ਮਕਸਦ ਨਾਲ ਭਾਰਤ ਦੇ ਸੰਵਿਧਾਨ ਵਿਚ ਵਿਵਸਥਾ ਹੈ ਕਿ ਸਰਕਾਰ ਗਰੀਬ ਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਕਾਨੂੰਨੀ ਸਹਾਇਤਾ ਦੇਵੇਗੀ ਤਾਂ ਕਿ ਉਨ੍ਹਾਂ ਨੂੰ ਲੱਗੇ ਕਿ ਨਿਆਂ ਪ੍ਰਣਾਲੀ ਉਨ੍ਹਾਂ ਦੀ ਪਹੁੰਚ ਦੇ ਅੰਦਰ ਹੈ। ਇਹ ਜਾਣਕਾਰੀ ਮਾਣਯੋਗ ਜ਼ਿਲਾ ਤੇ ਸੈਸ਼ਨ ਜੱਜ-ਕਮ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਰੀਦਕੋਟ ਸਤਵਿੰਦਰ ਸਿੰਘ ਚਹਿਲ ਨੇ ਸਥਾਨਕ ਬ੍ਰਜਿੰਦਰਾ ਕਾਲਜ ਵਿਖੇ 'ਕਾਨੂੰਨੀ ਸੇਵਾਵਾਂ ਦਿਨ' ਮੌਕੇ ਰੱਖੇ ਸਮਾਗਮ 'ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦਿੱਤੀ। ਮਾਣਯੋਗ ਜ਼ਿਲਾ ਤੇ ਸੈਸ਼ਨ ਜੱਜ ਚਹਿਲ ਨੇ ਇਸ ਦਿਵਸ ਦੀ ਮਹੱਤਤਾ ਅਤੇ ਇਤਿਹਾਸ ਬਾਰੇ ਦੱਸਦਿਆਂ ਕਿਹਾ ਕਿ ਲੀਗਲ ਸਰਵਿਸਿਜ਼ ਅਥਾਰਟੀਜ਼ ਐਕਟ, 1987 ਮਿਤੀ 9-11-95 ਨੂੰ ਦੇਸ਼ ਭਰ ਵਿਚ ਲਾਗੂ ਕਰਨ ਉਪਰੰਤ ਪੰਜਾਬ ਸਰਕਾਰ ਨੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਗਠਨ ਕੀਤਾ, ਜੋ ਮਿਤੀ 4-10-96 ਨੂੰ ਹੋਂਦ ਵਿਚ ਆਈ। ਉਨ੍ਹਾਂ ਮੁਫ਼ਤ ਕਾਨੂੰਨੀ ਸਹਾਇਤਾ ਦੀ ਪਾਤਰਤਾ ਸਬੰਧੀ ਗੱਲ ਕਰਦਿਆਂ ਕਿਹਾ ਕਿ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲੇ ਦੇ ਮੈਂਬਰ, ਵੱਡੀ ਮੁਸੀਬਤ/ਕੁਦਰਤੀ ਆਫ਼ਤਾਂ ਦੇ ਮਾਰੇ, ਉਦਯੋਗਿਕ ਕਾਮੇ, ਇਸਤਰੀ/ਬੱਚਾ, ਮਾਨਸਿਕ ਰੋਗੀ ਹੋਵੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਦਾ ਹੱਕਦਾਰ ਹੈ।
ਇਸ ਮੌਕੇ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕਪਿਲ ਦੇਵ ਸਿੰਗਲਾ, ਐਡਵੋਕੇਟ ਅਤੁਲ ਗੁਪਤਾ ਤੇ ਐਡਵੋਕੇਟ ਰਾਜ ਕੁਮਾਰ ਗੁਪਤਾ ਨੇ ਇਸ ਦਿਵਸ, ਕਾਨੂੰਨੀ ਸਹਾਇਤਾ ਲੈਣ ਦਾ ਤਰੀਕਾ, ਕੋਈ ਕਿੰਨਾ ਕੇਸਾਂ ਵਿਚ ਕਾਨੂੰਨੀ ਸਹਾਇਤਾ ਲੈ ਸਕਦਾ ਹੈ, ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਾਣਯੋਗ ਜ਼ਿਲਾ ਤੇ ਸੈਸ਼ਨ ਜੱਜ ਦੀ ਰਹਿਨੁਮਾਈ ਹੇਠ ਸਾਲ 2016 ਦੌਰਾਨ ਲੋਕ ਅਦਾਲਤਾਂ ਰਾਹੀਂ 21 ਕਰੋੜ 74 ਲੱਖ ਰੁਪਏ ਦੇ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਹੈ। 
ਇਸ ਤੋਂ ਪਹਿਲਾਂ ਲੋਕਾਂ ਨੂੰ ਕਾਨੂੰਨੀ ਜਾਣਕਾਰੀ ਦੇਣ ਅਤੇ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਜ਼ਿਲਾ ਕਚਹਿਰੀਆਂ ਤੋਂ ਬ੍ਰਜਿੰਦਰਾ ਕਾਲਜ ਤੱਕ ਪੈਦਲ ਮਾਰਚ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਸਤਵਿੰਦਰ ਸਿੰਘ ਚਾਹਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਮਾਰਚ ਸ਼ਹਿਰ ਦੇ ਘੰਟਾ ਘਰ ਚੌਕ, ਹੁੱਕੀ ਚੌਕ, ਜੁਬਲੀ ਚੌਕ ਤੋਂ ਹੁੰਦਾ ਹੋਇਆ ਸੈਮੀਨਾਰ ਵਾਲੀ ਜਗ੍ਹਾ 'ਤੇ ਪੁੱਜਾ। ਇਸ ਪੈਦਲ ਮਾਰਚ ਵਿਚ ਵਿਸ਼ੇਸ਼ ਤੌਰ 'ਤੇ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ, ਸੀਨੀਅਰ ਪੁਲਸ ਕਪਤਾਨ ਡਾ. ਨਾਨਕ ਸਿੰਘ, ਜ਼ਿਲਾ ਕਚਹਿਰੀਆਂ ਦੇ ਜੱਜ ਸਾਹਿਬਾਨ, ਐੱਸ. ਡੀ. ਐੱਮ. ਗੁਰਜੀਤ ਸਿੰਘ, ਵਕੀਲ ਅਤੇ ਸਮਾਜ ਸੇਵੀ ਸ਼ਾਮਲ ਸਨ, ਜਿਨ੍ਹਾਂ ਵੱਲੋਂ ਨੇਤਾ ਜੀ ਸੁਭਾਸ਼ ਚੰਦਰ ਚੌਕ ਤੱਕ ਪੈਦਲ ਮਾਰਚ 'ਚ ਹਿੱਸਾ ਲਿਆ ਗਿਆ। 
ਸਮਾਗਮ 'ਚ ਬ੍ਰਜਿੰਦਰਾ ਕਾਲਜ ਦੇ ਪ੍ਰਿੰਸੀਪਲ ਤੇ ਸਟਾਫ਼ ਵੱਲੋਂ ਮਾਣਯੋਗ ਜ਼ਿਲਾ ਤੇ ਸੈਸ਼ਨ ਜੱਜ, ਮੁੱਖ ਨਿਆਂਇਕ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕਪਿਲ ਦੇਵ ਸਿੰਗਲਾ ਨੂੰ ਦੁਸ਼ਾਲਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਜੱਸੀ ਤੇ ਪ੍ਰੋ. ਪਰਮਿੰਦਰ ਸਿੰਘ ਨੇ ਨਿਭਾਈ। ਇਸ ਮੌਕੇ ਪ੍ਰਿੰਸੀਪਲ ਸਰਕਾਰੀ ਬ੍ਰਜਿੰਦਰਾ ਕਾਲਜ ਹੁਸ਼ਿਆਰ ਸਿੰਘ, ਹਰਜਿੰਦਰ ਕੌਰ, ਕੁਲਵਿੰਦਰ ਕੌਰ, ਬੂਟਾ ਸਿੰਘ, ਅਰਮਿੰਦਰ ਸਿੰਘ, ਸੁਖਜੀਤ ਸਿੰਘ, ਮਹਿੰਦਰ ਕੌਰ, ਨਵੀਨ ਜੈਨ ਸਾਰੇ ਪ੍ਰੋਫੈਸਰ, ਦਵਿੰਦਰ ਨੀਟੂ ਤੇ ਹੋਰ ਹਾਜ਼ਰ ਸਨ। 


Related News