50 ਫੀਸਦੀ ਸਵਾਰੀਆਂ ਨਾਲ 9 ਰੂਟਾਂ ''ਤੇ ਚੱਲਣਗੀਆਂ ਸਰਕਾਰੀ ਬੱਸਾਂ

Wednesday, May 20, 2020 - 02:11 AM (IST)

ਬਠਿੰਡਾ, (ਸੁਖਵਿੰਦਰ)— ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੀਤੇ ਗਏ ਲਾਕਡਾਊਨ ਦੌਰਾਨ ਜਾਮ ਹੋਈਆਂ ਸਰਕਾਰੀ ਬੱਸਾਂ ਦਾ ਚੱਕਾ ਲਗਭਗ 60 ਦਿਨਾਂ ਬਾਅਦ 20 ਮਈ ਨੂੰ ਫਿਰ ਤੋਂ ਚੱਲੇਗਾ। ਬਠਿੰਡਾ ਤੋਂ ਲਾਕਡਾਊਨ ਦੇ ਨਿਯਮਾਂ ਅਤੇ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੀ ਗਈ ਗਾਇਡਲਾਇਨ ਅਨੁਸਾਰ 9 ਰੂਟਾਂ 'ਤੇ ਬੱਸਾਂ ਨੂੰ ਸ਼ੁਰੂ ਕੀਤਾ ਜਾਵੇਗਾ। ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਪਟਿਆਲਾ ਵਲੋਂ ਜਾਰੀ ਕੀਤੀਆਂ ਗਈਆਂ ਹਿਦਾਇਤਾਂ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਬੱਸ ਸੇਵਾ 20 ਮਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਲਈ ਬੱਸ ਚਾਲਕਾਂ ਨਾਲ-ਨਾਲ ਸਵਾਰੀਆਂ ਨੂੰ ਵੀ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਬੱਸਾਂ ਨੂੰ ਚਲਾਏ ਜਾਣ ਨੂੰ ਦੇਖਦੇ ਹੋਏ ਮੰਗਲਵਾਰ ਨੂੰ ਬੱਸ ਸਟੈਂਡ 'ਤੇ ਸੋਸ਼ਲ ਡਿਸਟੈਂਸ ਨੂੰ ਲੈ ਕੇ ਨਿਸ਼ਾਨਦੇਹੀ ਕੀਤੀ ਗਈ, ਜਦਕਿ ਵਿਭਾਗ ਵਲੋਂ ਡਰਾਇਵਰਾਂ ਅਤੇ ਕੰਡਕਟਰਾਂ ਨੂੰ ਵੀ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ।

ਰਸਤੇ 'ਚ ਕਿਤੇ ਨਹੀਂ ਰੁਕੇਗੀ ਬੱਸ
ਵਿਭਾਗ ਦੁਆਰਾ ਜਾਰੀ ਕੀਤੇ ਗਏ ਨਿਰਦੇਸ਼ਾਂ ਅਨੁਸਾਰ ਬਠਿੰਡਾ ਤੋਂ ਕਿਸੇ ਵੀ ਵਿਸ਼ੇਸ਼ ਸਥਾਨ ਲਈ ਚਲਾਈ ਜਾ ਰਹੀ ਕੋਈ ਵੀ ਬੱਸ ਰਸਤੇ 'ਚ ਕਿਤੇ ਵੀ ਨਹੀਂ ਰੁਕੇਗੀ ਮਤਲਬ ਰਸਤੇ 'ਚ ਕੋਈ ਸਵਾਰੀ ਨਹੀਂ ਚੁੱਕੀ ਜਾਵੇਗੀ। ਬਠਿੰਡਾ ਤੋਂ ਚੰਡੀਗੜ੍ਹ ਲਈ ਚੱਲਣ ਵਾਲੀ ਬੱਸ 'ਚ ਬਠਿੰਡਾ ਦੇ ਬੱਸ ਸਟੈਂਡ ਤੋਂ ਹੀ ਸਿਰਫ ਚੰਡੀਗੜ੍ਹ ਜਾਣ ਵਾਲੀਆਂ ਸਵਾਰੀਆਂ ਹੀ ਬੈਠਣਗੀਆਂ ਅਤੇ ਉਸ ਵੇਲੇ ਉਕਤ ਸਾਰਿਆਂ ਦੀਆਂ ਟਿਕਟਾਂ ਕੱਟ ਦਿੱਤੀਆਂ ਜਾਣਗੀਆਂ। ਉਕਤ ਬੱਸ ਸਿੱਧਾ ਚੰਡੀਗੜ੍ਹ ਜਾ ਕੇ ਰੁਕੇਗੀ ਅਤੇ ਰਸਤੇ 'ਚ ਕਿਸੇ ਵੀ ਜ਼ਿਲੇ ਦੇ ਬੱਸ ਅੱਡੇ ਤੋਂ ਕੋਈ ਸਵਾਰੀ ਨਹੀਂ ਚੁੱਕੀ ਜਾਵੇਗੀ।

50 ਫੀਸਦੀ ਸਵਾਰੀਆਂ ਲੈ ਕੇ ਚੱਲਣਗੀਆਂ ਬੱਸਾਂ
ਸਾਰੀਆਂ ਸਰਕਾਰੀ ਬੱਸਾਂ 50 ਫੀਸਦੀ ਸਵਾਰੀਆਂ ਨਾਲ ਹੀ ਚੱਲੇਗੀ। ਬੱਸ 'ਚ ਸੀਟਾਂ ਦੀ ਸਮਰਥਾ ਅਨੁਸਾਰ ਅੱਧੀਆਂ ਸਵਾਰੀਆਂ ਨੂੰ ਹੀ ਬੈਠਾਇਆ ਜਾਵੇਗਾ। ਇਸ ਦੌਰਾਨ ਸਵਾਰੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਬੱਸ 'ਚ ਚੜ੍ਹਦੇ ਅਤੇ ਉਤਰਦੇ ਸਮੇਂ ਨਾਲ ਵਾਲੀਆਂ ਸਵਾਰੀਆਂ ਤੋਂ ਘੱਟ ਤੋਂ ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣ। ਟਿੱਕਟਾਂ ਕੱਟਣ ਵਾਲੇ ਸਟਾਫ ਨੂੰ ਵੀ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਟਿਕਟ ਕੱਟਣ ਤੋਂ ਪਹਿਲਾਂ ਅਤੇ ਬਾਅਦ 'ਚ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਵੋ। ਇਸਦੇ ਨਾਲ ਹੀ ਬੱਸ ਸਟੈਂਡ 'ਤੇ ਵੀ ਸਵਾਰੀਆਂ 'ਚ ਆਪਸੀ ਦੂਰੀ ਰੱਖਣ ਲਈ ਨਿਸ਼ਾਨ ਲਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਬੱਸਾਂ 'ਚ ਜਾਣ ਵਾਲੀਆਂ ਸਵਾਰੀਆਂ ਨੂੰ ਮਾਸਕ ਪਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ ਅਤੇ ਮਾਸਕ ਨਾ ਹੋਣ ਦੀ ਸੂਰਤ 'ਚ ਸਵਾਰੀਆਂ ਇਹ ਮਾਸਕ ਟਿਕਟ ਕਾਊਂਟਰ ਤੋਂ ਵੀ ਖਰੀਦ ਸਕਣਗੀਆਂ।

ਬੱਸਾਂ ਨੂੰ ਕੀਤਾ ਜਾਵੇਗਾ ਸੈਨੇਟਾਈਜ਼
ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਸਾਰੀਆਂ ਰੂਟਾਂ 'ਤੇ ਚੱਲਣ ਵਾਲੀਆਂ ਬੱਸਾਂ ਨੂੰ ਚੱਲਣ ਤੋਂ ਪਹਿਲਾਂ ਅਤੇ ਸਵਾਰੀਆਂ ਨੂੰ ਉਤਾਰਨ ਤੋਂ ਬਾਅਦ ਸੈਨੇਟਾਈਜ਼ ਕੀਤਾ ਜਾਵੇਗਾ। ਇਸਦੇ ਨਾਲ ਹੀ ਡਰਾਇਵਰਾਂ ਅਤੇ ਕੰਡਕਟਰਾਂ ਨੂੰ ਵੀ ਸੈਨੇਟਾਈਜ਼ਰ ਮੁਹੱਈਆ ਕਰਵਾਏ ਜਾਣਗੇ। ਚਾਲਕਾਂ ਨੂੰ ਦਸਤਾਨੇ ਆਦਿ ਪਾਉਣ ਦੀਆਂ ਹਿਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਇਸਦੇ ਨਾਲ ਹੀ ਡਰਾਇਵਰਾਂ ਦੇ ਕੈਬਿਨ ਨੂੰ ਅਸਥਾਈ ਤੌਰ 'ਤੇ ਸਵਾਰੀਆਂ ਤੋਂ ਅਲੱਗ ਕਰਨ ਲਈ ਪਾਰਟੀਸ਼ਨ ਕਰਨ ਬਾਰੇ ਵੀ ਨਿਰਦੇਸ਼ ਦਿੱਤੇ ਗਏ ਹਨ ਤਾਂਕਿ ਚਾਲਕ ਅਤੇ ਕੰਡਕਟਰ ਸੁਰੱਖਿਅਤ ਰਹਿ ਸਕਣ। ਵਿਭਾਗ ਨੇ ਸਾਰੇ ਡਿੱਪੂਆਂ ਦੇ ਮੈਨੇਜਰ ਤੋਂ ਵੀ ਅਪੀਲ ਕੀਤੀ ਹੈ ਕਿ ਸ਼ੁਰੂ ਕੀਤੇ ਗਏ ਰੂਟਾਂ ਤੋਂ ਇਲਾਵਾ ਜੇਕਰ ਉਹ ਹੋਰ ਕਿਸੇ ਵੀ ਰੂਟ 'ਤੇ ਬੱਸ ਚਲਾਉਣਾ ਚਾਹੁੰਦੇ ਹਨ ਤਾਂ ਉਹ ਵਿਭਾਗ ਨੂੰ ਇਸਦੀ ਜਾਣਕਾਰੀ ਦੇ ਸਕਦੇ ਹਨ।

ਇੰਨ੍ਹਾਂ ਰੂਟਾਂ 'ਤੇ ਚੱਲਣਗੀਆਂ ਸਰਕਾਰੀ ਬੱਸਾਂ


-ਬਠਿੰਡਾ ਤੋਂ ਚੰਡੀਗੜ੍ਹ
- ਬਠਿੰਡਾ ਤੋਂ ਪਟਿਆਲਾ
- ਬਠਿੰਡਾ ਤੋਂ ਮਾਨਸਾ
- ਬਠਿੰਡਾ ਤੋਂ ਡੱਬਵਾਲੀ (ਕਿਲਿਆਂਵਾਲੀ)
- ਬਠਿੰਡਾ ਤੋਂ ਮਲੋਟ
- ਬਠਿੰਡਾ ਤੋਂ ਤਲਵੰਡੀ ਸਾਬੋ
- ਬਠਿੰਡਾ ਤੋਂ ਬਰਨਾਲਾ
- ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ
- ਬਠਿੰਡਾ ਤੋਂ ਭਗਤਾ


KamalJeet Singh

Content Editor

Related News