ਜਲੰਧਰ: ਸਰਕਾਰ ਲਈ ਵੱਡੀ ਚੁਣੌਤੀ, ਕੱਲ ਤੋਂ ਅਣਮਿੱਥੇ ਸਮੇਂ ਲਈ 2100 ਸਰਕਾਰੀ ਬੱਸਾਂ ਦਾ ਹੋਵੇਗਾ ਚੱਕਾ ਜਾਮ
Monday, Dec 06, 2021 - 11:28 AM (IST)
 
            
            ਜਲੰਧਰ (ਪੁਨੀਤ)–ਪੱਕਾ ਕਰਨ ਦੀ ਮੰਗ ਨੂੰ ਲੈ ਕੇ 3 ਦਸੰਬਰ ਨੂੰ ਬੱਸ ਅੱਡਾ ਬੰਦ ਕਰਨ ਵਾਲੇ ਠੇਕਾ ਕਰਮਚਾਰੀਆਂ ਦੀ ਯੂਨੀਅਨ ਦੇ ਮੈਂਬਰਾਂ ’ਤੇ ਪਰਚੇ ਦਰਜ ਕਰਵਾਉਣ ਤੋਂ ਭੜਕੇ ਕਰਮਚਾਰੀਆਂ ਵੱਲੋਂ ਐਤਵਾਰ ਬੱਸ ਅੱਡੇ ’ਚ ਹੰਗਾਮੀ ਮੀਟਿੰਗ ਸੱਦੀ ਗਈ। ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਬੈਨਰ ਹੇਠ 27 ਡਿਪੂਆਂ ਦੇ ਅਹੁਦੇਦਾਰਾਂ ਨੇ ਮੀਟਿੰਗ ’ਚ ਹਾਜ਼ਰ ਹੋ ਕੇ ਆਪਣਾ ਵਿਰੋਧ ਪ੍ਰਗਟਾਇਆ ਅਤੇ ਸਿੱਧੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪਰਚੇ ਦਰਜ ਕੀਤੇ ਜਾਣ ਜਾਂ ਯੂਨੀਅਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ ਪਰ ਉਨ੍ਹਾਂ ਦੀ ਆਵਾਜ਼ ਨੂੰ ਹੁਣ ਦਬਾਇਆ ਨਹੀਂ ਜਾ ਸਕੇਗਾ।
ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੈਕਟਰੀ ਬਲਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਪਨੂੰ, ਹਰਵੇਸ਼ ਵਿੱਕੀ ਅਤੇ ਜਗਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਫ਼ੈਸਲਾ ਲਿਆ ਗਿਆ ਕਿ 7 ਦਸੰਬਰ ਤੋਂ ਯੂਨੀਅਨ ਦੇ 6000 ਕਰਮਚਾਰੀ ਹੜਤਾਲ ’ਤੇ ਰਹਿਣਗੇ ਅਤੇ ਅਣਮਿੱਥੇ ਸਮੇਂ ਲਈ 2100 ਸਰਕਾਰੀ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ 8 ਦਸੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਸ ਦੌਰਾਨ ਹੋਣ ਵਾਲੀ ਕਿਸੇ ਵੀ ਪ੍ਰੇਸ਼ਾਨੀ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਜ਼ਿੰਮੇਵਾਰ ਹੋਣਗੀਆਂ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ: 3 ਬੱਚਿਆਂ ਸਣੇ ਔਰਤ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਮਾਂ-ਪੁੱਤ ਦੀ ਮੌਤ

ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾਈ ਸੈਕਟਰੀ ਬਲਜੀਤ ਸਿੰਘ ਗਿੱਲ ਨੇ ਕਿਹਾ ਕਿ 6 ਅਕਤੂਬਰ ਨੂੰ ਟਰਾਂਸਪੋਰਟ ਮੰਤਰੀ ਅਤੇ 12 ਅਕਤੂਬਰ ਨੂੰ ਚਰਨਜੀਤ ਸਿੰਘ ਚੰਨੀ ਨੇ ਭਰੋਸਾ ਦਿਵਾਇਆ ਸੀ ਕਿ 20 ਦਿਨਾਂ ’ਚ ਯੂਨੀਅਨ ਦੀਆਂ ਮੰਗਾਂ ਨੂੰ ਪੂਰਾ ਕਰਦੇ ਹੋਏ 6000 ਠੇਕਾ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ ਪਰ ਅਜਿਹਾ ਨਹੀਂ ਹੋ ਸਕਿਆ। ਗਿੱਲ ਨੇ ਕਿਹਾ ਕਿ ਇਸ ਉਪਰੰਤ ਸਰਕਾਰ ਨੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਜਿਹੜੀ ਪਾਲਿਸੀ ਬਣਾਈ, ਉਸ ’ਚ ਵੀ ਟਰਾਂਸਪੋਰਟ ਵਿਭਾਗ ਅਧੀਨ ਕੰਮ ਕਰਨ ਵਾਲੇ ਠੇਕਾ ਕਰਮਚਾਰੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਸ ਦੇ ਵਿਰੋਧ ’ਚ ਯੂਨੀਅਨ ਵੱਲੋਂ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਕੀਤੀ ਗਈ, ਜਿਸ ’ਚ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ 1 ਦਸੰਬਰ ਨੂੰ ਹੋਣ ਵਾਲੀ ਕੈਬਨਿਟ ਦੀ ਮੀਟਿੰਗ ’ਚ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਫਾਈਲ ਕਲੀਅਰ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਰਾਘਵ ਚੱਢਾ ਦੇ ਭਾਜਪਾ ’ਤੇ ਵੱਡੇ ਇਲਜ਼ਾਮ, ਸਾਡੇ ਆਗੂਆਂ ਨੂੰ ਦਿੱਤਾ ਜਾ ਰਿਹੈ ਜ਼ਮੀਨ ਤੇ ਪੈਸਿਆਂ ਦਾ ਲਾਲਚ
ਸੈਕਟਰੀ ਗਿੱਲ ਨੇ ਕਿਹਾ ਕਿ ਆਗੂਆਂ ਵੱਲੋਂ ਸਿਰਫ ਭਰੋਸਾ ਦਿੱਤਾ ਜਾ ਰਿਹਾ ਹੈ ਪਰ ਉਨ੍ਹਾਂ ਦੀਆਂ ਮੰਗਾਂ ਪੂਰੀ ਕਰਨ ਪ੍ਰਤੀ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਰਿਹਾ, ਜਿਸ ਕਾਰਨ ਉਹ ਸੰਘਰਸ਼ ਕਰਨ ਨੂੰ ਮਜਬੂਰ ਹਨ। ਉਨ੍ਹਾਂ ਕਿਹਾ ਕਿ ਇਸ ਦੇ ਵਿਰੋਧ ’ਚ 3 ਦਸੰਬਰ ਨੂੰ ਪੰਜਾਬ ਦੇ ਸਾਰੇ ਬੱਸ ਅੱਡੇ ਬੰਦ ਕੀਤੇ ਗਏ ਅਤੇ ਸਰਕਾਰ ਨੇ ਉਨ੍ਹਾਂ ਦੀ ਆਵਾਜ਼ ਦਬਾਉਣ ਲਈ ਵੱਖ-ਵੱਖ ਥਾਣਿਆਂ ’ਚ ਪਰਚੇ ਦਰਜ ਕਰਵਾ ਦਿੱਤੇ। ਗਿੱਲ ਨੇ ਕਿਹਾ ਕਿ ਯੂਨੀਅਨ ਵੱਲੋਂ ਹੁਣ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਗਿਆ ਹੈ, ਜੋ ਕਿ ਠੇਕਾ ਕਰਮਚਾਰੀਆਂ ਨੂੰ ਪੱਕਾ ਕਰਵਾਉਣ ਤੋਂ ਬਾਅਦ ਹੀ ਰੁਕੇਗਾ। ਜੇਕਰ ਸਰਕਾਰ ਨੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗ੍ਰਿਫ਼ਤਾਰੀਆਂ ਦੇਣ ਨੂੰ ਤਿਆਰ ਹਨ। ਮੀਟਿੰਗ ਵਿਚ ਜਲੰਧਰ ਡਿਪੂ-1 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਲਰ, ਜੋਧ ਸਿੰਘ, ਜਲੌਰ ਸਿੰਘ, ਸਤਨਾਮ ਸਿੰਘ, ਜਗਤਾਰ ਸਿੰਘ, ਕੁਲਵੰਤ ਸਿੰਘ, ਜਸਬੀਰ ਸਿੰਘ, ਬਲਜੀਤ ਸਿੰਘ, ਸਤਪਾਲ ਸਿੰਘ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਚੰਨੀ ਬੋਲੇ, 'ਸਿੱਧੂ ਸੀ. ਐੱਮ. ਬਣਨਾ ਚਾਹੁੰਦੇ ਹਨ ਤਾਂ ਮਾੜਾ ਕੀ ਹੈ'
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            