ਸੇਵਾਮੁਕਤ ਮੁਲਾਜ਼ਮਾਂ ਦੀ ਕਨਵੈਨਸ਼ਨ ''ਚ ਲੱਗੇ ਸਰਕਾਰ ਵਿਰੋਧੀ ਨਾਅਰੇ

Wednesday, Sep 13, 2017 - 03:57 AM (IST)

ਸੇਵਾਮੁਕਤ ਮੁਲਾਜ਼ਮਾਂ ਦੀ ਕਨਵੈਨਸ਼ਨ ''ਚ ਲੱਗੇ ਸਰਕਾਰ ਵਿਰੋਧੀ ਨਾਅਰੇ

ਪਟਿਆਲਾ, (ਜੋਸਨ)- ਸਰਕਾਰ ਭਾਵੇਂ 10 ਸਾਲ ਅਕਾਲੀ-ਭਾਜਪਾ ਦੀ ਰਹੀ ਹੋਵੇ ਜਾਂ ਹੁਣ 6 ਮਹੀਨਿਆਂ ਤੋਂ ਕਾਂਗਰਸ ਦੀ ਬਣੀ ਹੋਵੇ ਪਰ ਇਨ੍ਹਾਂ ਸਰਕਾਰਾਂ ਦਾ ਮੁਲਾਜ਼ਮ-ਮਜ਼ਦੂਰ ਵਿਰੋਧੀ ਰਵੱਈਆ ਅਤੇ ਕਿਰਦਾਰ ਇੱਕੋ ਜਿਹਾ ਹੀ ਹੈ। ਕਰਮਚਾਰੀਆਂ ਦੀਆਂ ਆਰਥਿਕ ਮੰਗਾਂ ਨੂੰ ਅਣਗੌਲਿਆਂ ਕਰਨ ਵਿਚ ਕੋਈ ਘੱਟ ਨਹੀਂ। ਇਹ ਵਿਚਾਰ ਅੱਜ ਇਥੇ ਪਟਿਆਲਾ ਵਿਖੇ ਵੱਖ-ਵੱਖ ਵਿਭਾਗਾਂ ਤੋਂ ਸੇਵਾਮੁਕਤ ਕਰਮਚਾਰੀਆਂ 'ਤੇ ਆਧਾਰਿਤ ਪੰਜਾਬ ਪੈਨਸ਼ਨਰਜ਼ ਯੂਨੀਅਨ ਵੱਲੋਂ ਵਿਸ਼ਾਲ ਜ਼ੋਨਲ ਕਨਵੈਨਸ਼ਨ ਮੌਕੇ ਪ੍ਰਗਟਾਏ ਗਏ। ਇਸ ਮੌਕੇ ਸਰਕਾਰ ਵਿਰੁੱਧ ਵੀ ਜ਼ੋਰਦਾਰ ਨਾਅਰੇਬਾਜ਼ੀ ਹੋਈ।  ਇਸ ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਸਰਵਸ਼੍ਰੀ ਗੁਰਮੇਲ ਸਿੰਘ ਮੈਡਲੇ, ਭਿੰਦਰ ਸਿੰਘ, ਗੁਰਦੇਵ ਸਿੰਘ, ਰਣਜੀਤ ਸਿੰਘ ਰਾਣਵਾਂ ਅਤੇ ਕੁਲਦੀਪ ਸਿੰਘ ਗਰੇਵਾਲ ਸ਼ਾਮਲ ਸਨ। ਪ੍ਰਮੁੱਖ ਬੁਲਾਰੇ ਨਿਰਮਲ ਸਿੰਘ ਧਾਲੀਵਾਲ, ਜਗਦੀਸ਼ ਸਿੰਘ ਚਾਹਲ, ਦਰਸ਼ਨ ਸਿੰਘ ਲੁਬਾਣਾ, ਕੁਲਦੀਪ ਸਿੰਘ, ਐੈੱਸ. ਕੇ. ਗੌਤਮ, ਗੁਰਮੇਲ ਸਿੰਘ ਮੈਡਲੇ, ਭਿੰਦਰ ਸਿੰਘ ਅਤੇ ਰਣਜੀਤ ਸਿੰਘ ਰਾਣਵਾਂ ਆਦਿ ਸਨ। ਇਕੱਤਰ ਸੇਵਾਮੁਕਤ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਮੁੱਖ ਸਲਾਹਕਾਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਵਿਚ ਵੱਡੀ ਗਿਣਤੀ ਸੀਨੀਅਰ ਟਰੇਡ ਯੂਨੀਅਨ ਆਗੂਆਂ ਦੀ ਹੈ। ਇਨ੍ਹਾਂ ਦੇ ਤਜਰਬੇ ਦੀ ਟਰੇਡ ਯੂਨੀਅਨ ਲਹਿਰ ਨੂੰ ਬਹੁਤ ਵੱਡੀ ਲੋੜ ਹੈ।  ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇ-ਕਮਿਸ਼ਨ ਦੇ ਕੰਮਕਾਰ ਨੂੰ ਠੱਪ ਕੀਤਾ ਹੋਇਆ ਹੈ। 
ਅੰਤਰਿਮ ਰਿਲੀਫ ਜੋ ਕਿ ਘੱਟੋ-ਘੱਟ 20 ਫੀਸਦੀ ਬਣਦੀ ਹੈ, ਉਹ ਨਹੀਂ ਦਿੱਤੀ ਜਾ ਰਹੀ, ਡੀ. ਏ. ਦਾ ਬਕਾਇਆ ਨਹੀਂ ਦਿੱਤਾ ਗਿਆ, ਡੀ. ਏ. ਦੀ ਜਨਵਰੀ 2017 ਤੋਂ ਬਣਦੀ ਕਿਸ਼ਤ ਅਜੇ ਤੱਕ ਨਹੀਂ ਜਾਰੀ ਕੀਤੀ, ਮੈਡੀਕਲ ਬਿੱਲਾਂ ਦਾ ਭੁਗਤਾਨ ਨਹੀਂ ਹੋ ਰਿਆ, ਪੈਨਸ਼ਨ 2.61 ਦੇ ਫਾਰਮੂਲੇ ਦੀ ਬਜਾਏ 2.26 ਦੇ ਫਾਰਮੂਲੇ ਨਾਲ ਫਿਕਸ ਕਰ ਕੇ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਪੀ. ਆਰ. ਟੀ. ਸੀ. ਦੇ ਵਰਕਰਾਂ ਵਿਚੋਂ ਪੈਨਸ਼ਨ ਸਕੀਮ 1992 ਤੋਂ ਵਾਂਝੇ ਰਹਿੰਦੇ 700 ਵਰਕਰਾਂ ਨੂੰ ਪੈਨਸ਼ਨ ਸਕੀਮ ਦੇ ਘੇਰੇ 'ਚ ਨਹੀਂ ਲਿਆਂਦਾ ਜਾ ਰਿਹਾ ਹੈ। ਸੇਵਾਮੁਕਤੀ ਬਕਾਏ ਸਮੇਂ ਸਿਰ ਨਹੀਂ ਮਿਲਦੇ, ਮੈਡੀਕਲ ਭੱਤਾ ਨਿਗੂਣਾ ਹੈ, ਜਦਕਿ ਇਹ ਘੱਟੋ-ਘੱਟ 2500 ਰੁਪਏ ਪ੍ਰਤੀ ਮਹੀਨਾ ਹੋਣਾ ਚਾਹੀਦਾ ਹੈ। ਜਨਵਰੀ 2004 ਤੋਂ ਬਾਅਦ ਭਰਤੀ ਵਰਕਰਾਂ ਨੂੰ ਪੈਨਸ਼ਨ ਤੋਂ ਵਾਂਝਾ ਕਰ ਦਿੱਤਾ ਗਿਆ ਹੈ। ਪਬਲਿਕ ਸੈਕਟਰ ਨੂੰ ਖਤਮ ਕਰਨ ਦਾ ਅਮਲ ਸਿੱਧੇ ਅਤੇ ਅਸਿੱਧੇ ਰੂਪ ਵਿਚ ਬੜੀ ਤੇਜ਼ੀ ਨਾਲ ਜਾਰੀ ਹੈ। ਇਸ ਤਰ੍ਹਾਂ ਸੇਵਾਮੁਕਤ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਪੈਂਡਿੰਗ ਹਨ। 


Related News