ਸਰਕਾਰ ਤੇ ਕਿਸਾਨਾਂ ’ਚ ਬਣੀ ਸਹਿਮਤੀ, ਮ੍ਰਿਤਕ ਦੇ ਵਾਰਸਾਂ ’ਚੋਂ ਇਕ ਨੂੰ ਨੌਕਰੀ ਦਾ ਦਿੱਤਾ ਭਰੋਸਾ
Monday, Dec 09, 2019 - 10:39 PM (IST)
ਜੈਤੋ,(ਵੀਰਪਾਲ/ਗੁਰਮੀਤ ਪਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ ਵਲੋਂ ਕਿਸਾਨਾਂ ਵਲੋਂ ਪਰਾਲੀ ਨੂੰ ਲਾਈ ਅੱਗ ਕਾਰਣ ਪੂਰੇ ਪੰਜਾਬ ’ਚ ਕਿਸਾਨਾਂ ’ਤੇ ਦਰਜ ਕੀਤੇ ਪੁਲਸ ਕੇਸ, ਜਮ੍ਹਾਬੰਦੀ ’ਚ ਕੀਤੀਆਂ ਲਾਲ ਲਕੀਰਾਂ ਅਤੇ ਪ੍ਰਦੂਸ਼ਣ ਵਿਭਾਗ ਵਲੋਂ ਪਾਏ ਗਏ ਜੁਰਮਾਨੇ ਰੱਦ ਕਰਵਾਉਣ ਲਈ ਜੈਤੋ ਵਿਖੇ 7 ਨਵੰਬਰ ਤੋਂ ਧਰਨਾ ਚੱਲ ਰਿਹਾ ਹੈ। ਕਿਸਾਨਾਂ ਦੇ ਧਰਨੇ ਨੇ ਉਸ ਸਮੇਂ ਗੰਭੀਰ ਮੋਡ਼ ਲੈ ਲਿਆ, ਜਦੋਂ ਕਿਸਾਨ ਜਗਸੀਰ ਸਿੰਘ ਜੱਗਾ (50) ਪੁੱਤਰ ਦਿਆਲ ਸਿੰਘ ਵਾਸੀ ਕੋਟਡ਼ਾ, ਬਠਿੰਡਾ ਵਲੋਂ ਪਿਛਲੇ ਸ਼ਨੀਵਾਰ ਨੂੰ 10 ਵਜੇ ਦੇ ਕਰੀਬ ਕੋਈ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਗਈ। ਉਸ ਦਿਨ ਤੋਂ ਸਰਕਾਰ ਅਤੇ ਕਿਸਾਨ ਜਥੇਬੰਦੀ ਵਿਚ ਇਸ ਗੱਲ ਦਾ ਰੋਸ ਵਧ ਗਿਆ ਕਿ ਕਿਸਾਨੀ ਮੰਗਾਂ ਲਈ ਕਿਸਾਨ ਜਗਸੀਰ ਸਿੰਘ ਜੱਗਾ ਵਲੋਂ ਦਿੱਤੀ ਜਾਨ ਦੀ ਸੂਬਾ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਹੈ ਅਤੇ ਨਾਲ ਹੀ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ। ਸਰਕਾਰ ਨੂੰ ਆਪਣੀਆਂ ਦੱਸੀਆਂ ਮੰਗਾਂ ਦੇ ਹੱਕ ਵਿਚ ਫੈਸਲਾ ਕਰਨ ਲਈ ਬੀਤੀ ਰਾਤ ਯੂਨੀਅਨ ਦੇ ਆਗੂਆਂ ਵਲੋਂ ਮ੍ਰਿਤਕ ਕਿਸਾਨ ਦੀ ਲਾਸ਼ ਆਪਣੇ ਕਬਜ਼ੇ ਵਿਚ ਕਰਦਿਆਂ ਐੱਸ. ਡੀ. ਐੱਮ. ਦਫ਼ਤਰ ਜੈਤੋ ਵਿਖੇ ਲਿਆਂਦਾ ਗਿਆ। ਅੱਜ ਕਿਸਾਨ ਜੱਥੇਬੰਦੀ ਦੇ ਸੱਦੇ ’ਤੇ ਪੰਜਾਬ ਭਰ ’ਚੋਂ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਸਰਕਾਰ ਵੱਲੋਂ ਵੀ ਕਿਸਾਨਾਂ ਦਾ ਰੁਖ ਦੇਖਦੇ ਹੋਏ ਵੱਡੀ ਗਿਣਤੀ ਵਿਚ ਪੁਲਸ ਫੋਰਸ ਤਾਇਨਾਤ ਕੀਤੀ ਗਈ। ਪੂਰਾ ਦਿਨ ਸਰਕਾਰ ਦੇ ਨੁਮਾਇੰਦਿਆਂ ਨਾਲ ਕਿਸਾਨ ਯੂਨੀਅਨ ਦੇ ਆਗੂਆਂ ਦੀ ਗੱਲਬਾਤ ਚਲਦੀ ਰਹੀ। ਸਰਕਾਰ ਅਤੇ ਕਿਸਾਨ ਜਥੇਬੰਦੀ ਵਿਚਾਲੇ ਅੱਜ ਦੇਰ ਸ਼ਾਮ ਸਮਝੌਤਾ ਹੋ ਗਿਆ। ਫੈਸਲੇ ਅਨੁਸਾਰ ਪੁਲਸ ਕੇਸ ਰੱਦ ਕੀਤੇ ਜਾਣਗੇ ਅਤੇ ਜ਼ਮੀਨਾਂ ਦੀਆਂ ਜਮ੍ਹਾਬੰਦੀਆਂ ਤੋਂ ਲਾਲ ਲਕੀਰਾਂ ਹਟਾਈਆਂ ਜਾਣਗੀਆਂ। ਮ੍ਰਿਤਕ ਦੇ ਵਾਰਸਾਂ ’ਚੋਂ ਇਕ ਨੂੰ ਨੌਕਰੀ ਦਿੱਤੀ ਜਾਵੇਗੀ ਅਤੇ ਉਸ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇਗਾ। ਪੁਲਸ ਕੇਸਾਂ ਦੀ ਪਡ਼ਤਾਲ ਲਈ ਕਮੇਟੀ ਬਣੇਗੀ ਜਿਸ ਵਿਚ ਇਕ ਰਿਟਾਇਰਡ ਜੱਜ, ਇਕ ਕਿਸਾਨ ਅਤੇ ਇਕ ਸਰਕਾਰੀ ਅਫਸਰ ਸ਼ਾਮਿਲ ਹੋਵੇਗਾ। ਮੰਗਾਂ ਮੰਨੇ ਜਾਣ ’ਤੇ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ। ਇਸ ਫੈਸਲੇ ਦੀ ਪੁਸ਼ਟੀ ਸੀ. ਐੱਮ. ਦੇ ਓ. ਐੱਸ. ਡੀ. ਸੰਦੀਪ ਸੰਧੂ ਤੇ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਕੀਤੀ ਹੈ।
ਫੈਸਲੇ ਤੋਂ ਬਾਅਦ ਮ੍ਰਿਤਕ ਕਿਸਾਨ ਦੀ ਲਾਸ਼ ਨੂੰ ਪ੍ਰਸ਼ਾਸਨ ਨੇ ਆਪਣੇ ਕਬਜ਼ੇ ਵਿਚ ਕਰ ਲਿਆ ਅਤੇ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।